ਅਬੋਹਰ 'ਚ ਕੈਫੇ 'ਤੇ ਨਗਰ ਨਿਗਮ ਦਾ ਛਾਪਾ: ਪਲਾਸਟਿਕ ਦੇ ਲਿਫਾਫੇ ਤੇ ਪਾਬੰਦੀਸ਼ੁਦਾ ਸਮਾਨ ਬਰਾਮਦ
ਸਰਕਾਰੀ ਹੁਕਮਾਂ ਦੀ ਕੀਤੀ ਗਈ ਉਲੰਘਣਾ
ਅਬੋਹਰ : ਬੇਸ਼ੱਕ ਨਗਰ ਨਿਗਮ ਨੇ ਪਿਛਲੇ ਕਾਫੀ ਸਮੇਂ ਤੋਂ ਪਲਾਸਟਿਕ ਦੇ ਲਿਫਾਫਿਆਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੋਈ ਹੈ। ਇਸ ਦੇ ਬਾਵਜੂਦ ਕੁਝ ਦੁਕਾਨਦਾਰ ਪ੍ਰਸ਼ਾਸਨ ਅਤੇ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਅਜਿਹਾ ਹੀ ਇਕ ਮਾਮਲਾ ਕਾਲਜ ਰੋਡ 'ਤੇ ਹਾਲ ਹੀ 'ਚ ਖੁੱਲ੍ਹੇ ਸ਼ਾਇਨਾ ਕੈਫੇ 'ਚ ਸਾਹਮਣੇ ਆਇਆ ਹੈ। ਜਦੋਂ ਨਗਰ ਨਿਗਮ ਦੀ ਟੀਮ ਨੇ ਇੱਥੇ ਛਾਪਾ ਮਾਰਿਆ ਤਾਂ ਵੱਡੀ ਗਿਣਤੀ ਵਿੱਚ ਪਾਬੰਦੀਸ਼ੁਦਾ ਪਲਾਸਟਿਕ ਬਰਾਮਦ ਹੋਇਆ।
ਨਗਰ ਨਿਗਮ ਨੂੰ ਸੂਚਨਾ ਮਿਲੀ ਸੀ ਕਿ ਸ਼ਾਇਨਾ ਕੈਫੇ ਵਿਖੇ ਸਰਕਾਰ ਦੇ ਹੁਕਮਾਂ ਦੀ ਅਣਦੇਖੀ ਕਰਦਿਆਂ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫਾਫੇ ਅਤੇ ਪਾਬੰਦੀਸ਼ੁਦਾ ਸ਼ੀਸ਼ਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਸੂਚਨਾ ਮਿਲਣ 'ਤੇ ਨਗਰ ਨਿਗਮ ਦੀ ਟੀਮ ਨੇ ਸ਼ਾਇਨਾ ਕੈਫੇ 'ਤੇ ਛਾਪਾ ਮਾਰਿਆ। ਜਾਂਚ ਦੌਰਾਨ ਉੱਥੋਂ ਭਾਰੀ ਮਾਤਰਾ ਵਿੱਚ ਪਲਾਸਟਿਕ ਅਤੇ ਪਾਬੰਦੀਸ਼ੁਦਾ ਗਿਲਾਸ ਬਰਾਮਦ ਹੋਏ।
ਇਸ ਮੌਕੇ ਨਗਰ ਨਿਗਮ ਦੇ ਇੰਸਪੈਕਟਰ ਜਸਵਿੰਦਰ ਸਿੰਘ, ਸੋਨੂੰ ਬੁਲੰਦੀ, ਰੁਪਿੰਦਰ ਸਿੰਘ ਅਤੇ ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਇਸ ਦੀ ਰਿਪੋਰਟ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ਅਤੇ ਨਿਯਮਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੋ ਵੀ ਦੁਕਾਨਦਾਰ ਪਾਬੰਦੀਸ਼ੁਦਾ ਸਮੱਗਰੀ ਦੀ ਵਰਤੋਂ ਕਰੇਗਾ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।