MP ਰਵਨੀਤ ਬਿੱਟੂ 5 ਮਾਰਚ ਨੂੰ ਦੇਣਗੇ ਗ੍ਰਿਫ਼ਤਾਰੀ, ਕਾਂਗਰਸ ਦੀ ਮੀਟਿੰਗ 'ਚ ਹੰਗਾਮਾ 

ਏਜੰਸੀ

ਖ਼ਬਰਾਂ, ਪੰਜਾਬ

ਵਰਕਰਾਂ 'ਤੇ ਗੁੱਸੇ ਹੋਏ ਸਾਬਕਾ ਮੰਤਰੀ ਆਸ਼ੂ, ਅੱਧ ਵਿਚਾਲੇ ਛੱਡੀ ਮੀਟਿੰਗ

MP Ravneet Bittu

Punjab News: ਲੁਧਿਆਣਾ - ਪੰਜਾਬ ਦੇ ਲੁਧਿਆਣਾ ਵਿਚ ਸ਼ੁੱਕਰਵਾਰ ਨੂੰ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਅਗਵਾਈ ਵਿਚ ਕਾਂਗਰਸੀ ਆਗੂਆਂ ਦੀ ਮੀਟਿੰਗ ਦੌਰਾਨ ਹੰਗਾਮਾ ਹੋਇਆ। ਇਸ ਦੌਰਾਨ ਸਾਬਕਾ ਮੰਤਰੀ ਆਸ਼ੂ ਕਾਫੀ ਨਾਰਾਜ਼ ਹੋਏ ਅਤੇ ਮੀਟਿੰਗ ਅਧੂਰੀ ਛੱਡ ਕੇ ਚਲੇ ਗਏ। ਕਾਂਗਰਸੀ ਵਰਕਰਾਂ ਦੀ ਅਨੁਸ਼ਾਸਨਹੀਣਤਾ ਕਾਰਨ ਉਹ ਗੁੱਸੇ 'ਚ ਆ ਗਏ।ਆਗੂਆਂ ਦੀ ਗੱਲ ਸੁਣਨ ਦੀ ਬਜਾਏ ਕਾਂਗਰਸੀ ਵਰਕਰ ਚਾਹ-ਕੌਫੀ 'ਚ ਰੁੱਝ ਗਏ। 

ਦੱਸ ਦਈਏ ਕਿ ਬਿੱਟੂ ਅਤੇ ਆਸ਼ੂ ਵਿਚਾਲੇ ਟਕਰਾਅ ਦੀ ਸਥਿਤੀ ਬਣੀ ਹੋਈ ਸੀ। ਐਮਪੀ ਬਿੱਟੂ ਨੇ ਕਿਹਾ ਕਿ ਉਹ 5 ਮਾਰਚ ਮੰਗਲਵਾਰ ਨੂੰ ਸੀਪੀ ਦਫ਼ਤਰ ਵਿਚ ਖ਼ੁਦ ਦੀ ਗ੍ਰਿਫ਼ਤਾਰੀ ਦੇਣਗੇ। ਸੰਸਦ ਮੈਂਬਰ ਬਿੱਟੂ ਨੇ ਕਿਹਾ ਕਿ ਅੱਜ ਜਗਰਾਉਂ ਤੋਂ ਕਾਂਗਰਸੀ ਵਰਕਰ ਆਏ ਹੋਏ ਸਨ। ਉਹ ਮੀਟਿੰਗ ਨੂੰ ਚੰਗੀ ਤਰ੍ਹਾਂ ਸੁਣ ਰਹੇ ਸਨ ਪਰ ਸ਼ਹਿਰ ਦੇ ਕੁਝ ਵਰਕਰਾਂ ਦੀ ਅਨੁਸ਼ਾਸਨਹੀਣਤਾ ਕਾਰਨ ਆਸ਼ੂ ਗੁੱਸੇ ਵਿਚ ਮੀਟਿੰਗ ਛੱਡ ਕੇ ਚਲੇ ਗਏ। ਬਾਕੀ ਸਾਰੇ ਕਾਂਗਰਸੀ ਸਹਿਮਤ ਹਨ। ਹਰ ਕੋਈ ਗ੍ਰਿਫ਼ਤਾਰੀ ਲਈ ਤਿਆਰ ਹੈ।   

ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿਚ ਅਮਿਤ ਕੁਮਾਰ ਵਾਸੀ ਸ਼ਾਹੀ ਮੁਹੱਲਾ (ਡੋਮੋਰੀਆ ਪੁਲ) ਲੁਧਿਆਣਾ ਨੇ ਦੱਸਿਆ ਕਿ ਮੈਂ ਨਗਰ ਨਿਗਮ ਜ਼ੋਨ-ਈ ਵਿਚ ਚੌਕੀਦਾਰ ਵਜੋਂ ਕੰਮ ਕਰਦਾ ਹਾਂ। ਬੀਤੇ ਮੰਗਲਵਾਰ ਸਵੇਰੇ ਸਾਢੇ 11 ਵਜੇ ਮੈਂ ਨਗਰ ਨਿਗਮ ਦੇ ਗੇਟ 'ਤੇ ਤਾਇਨਾਤ ਸੀ। ਇਸ ਦੌਰਾਨ ਕਾਂਗਰਸੀ ਆਗੂਆਂ ਨੇ ਨਿਗਮ ਦਫ਼ਤਰ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਮੇਰੀ ਕੁੱਟਮਾਰ ਕੀਤੀ।   

ਜਦੋਂ ਮੈਂ ਉਨ੍ਹਾਂ ਨੂੰ ਰੋਕਿਆ ਤਾਂ ਸਾਰਿਆਂ ਨੇ ਮੈਨੂੰ ਘੇਰ ਲਿਆ। ਜਿਸ ਤੋਂ ਬਾਅਦ ਕਾਂਗਰਸੀਆਂ ਵੱਲੋਂ ਦਫ਼ਤਰ ਨੂੰ ਤਾਲਾ ਲਗਾ ਦਿੱਤਾ ਗਿਆ। ਜਿਸ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪੁਲਿਸ ਨੇ ਚੌਕੀਦਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ।