TarnTaran Encounter News: ਤਰਨਤਾਰਨ ਜ਼ਿਲ੍ਹੇ ਦੇ ਪਿੰਡ ਨੌਸ਼ਹਿਰਾ ਪੰਨੂਆਂ ਵਿੱਚ ਐਨਕਾਊਂਟਰ, ਮੁਲਜ਼ਮਾਂ ਨੇ ਪੁਲਿਸ 'ਤੇ ਕੀਤੀ ਫ਼ਾਇਰਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਰਵਾਈ ਕਰਦੇ ਹੋਏ ਪੁਲਿਸ ਨੇ 3 ਮੁਲਜ਼ਮਾਂ ਨੂੰ ਕੀਤਾ ਕਾਬੂ

Tarn Taran Encounter News in punjabi

ਤਰਨਤਾਰਨ ਵਿੱਚ ਆਏ ਦਿਨ ਹੀ ਪੁਲਿਸ ਵੱਲੋਂ ਐਨਕਾਊਂਟਰ ਕਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਤਰਨਤਾਰਨ ਦੇ ਨੌਸ਼ਹਿਰਾ ਪੰਨੂਆਂ ਤੋਂ ਸਾਹਮਣੇ ਆਇਆ ਹੈ। ਜਿਥੇ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਠਭੇੜ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਖੇੜਾ ਰੋਡ 'ਤੇ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਅਤੇ  ਮੋਟਰਸਾਈਕਲ ਸਵਾਰ ਤਿੰਨ ਗੈਂਗਸਟਰਾਂ ਨੇ ਰੁਕਣ ਦੀ ਬਜਾਏ ਪੁਲਿਸ  'ਤੇ ਫ਼ਾਇਰਿੰਗ ਕਰ ਦਿੱਤੀ।

ਜਵਾਬੀ ਫ਼ਾਇਰਿੰਗ ਵਿਚ ਦੋ ਨੌਜਵਾਨ ਜ਼ਖ਼ਮੀ ਹੋ ਗਏ। ਜਿਸ ਤੋਂ ਬਾਅਦ ਪੁਲਿਸ ਪਾਰਟੀ ਵੱਲੋਂ ਮੌਕੇ 'ਤੇ ਹੀ ਇਹਨਾਂ ਤਿੰਨਾਂ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।  ਫੜੇ ਗਏ ਨੌਜਵਾਨਾਂ ਪਾਸੋਂ ਦੋ ਪਿਸਤੌਲ ਸਮੇਤ ਚਾਰ ਜ਼ਿੰਦਾ ਰੋਂਦ ਬਰਾਮਦ ਕੀਤੇ ਗਏ ਹਨ। ਫ਼ਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ।

ਤਰਨਤਾਰਨ ਵਿਚ ਹੋਏ ਐਨਕਾਊਂਟਰ ਸੰਬੰਧੀ ਜਾਂਚ ਕਰ ਰਹੇ ਐਸ.ਪੀ. ਅਜੇ ਰਾਜ ਸਿੰਘ ਨੇ ਕਿਹਾ ਕਿ ਇਹ ਲੋਕ ਗੋਪੀ ਨੰਬਰਦਾਰ ਦੇ ਸੰਪਰਕ ਵਿਚ ਸਨ। ਉਹ ਪਿੰਡ ਖੇੜਾ ਆ ਰਹੇ ਸਨ। ਅੱਜ ਸਵੇਰੇ ਸਾਡੀ ਪਾਰਟੀ ਗਸ਼ਤ ਲਈ ਜਾ ਰਹੀ ਸੀ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕੁਝ ਸ਼ੱਕੀ ਲੋਕ ਪਿੰਡ ਖੇੜਾ ਵਿਚ ਆ ਰਹੇ ਹਨ। ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਉਨ੍ਹਾਂ ਦੱਸਿਆ ਕਿ ਇਕ ਮੋਟਰਸਾਈਕਲ ’ਤੇ ਤਿੰਨ ਲੋਕ ਸਨ, ਅਰਸ਼ਦੀਪ ਸਿੰਘ, ਰੌਬਿਨਪ੍ਰੀਤ ਸਿੰਘ ਅਤੇ ਕਰਨਦੀਪ ਸਿੰਘ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਪੁਲਿਸ ਪਾਰਟੀ ’ਤੇ ਉਨ੍ਹਾਂ ਵਲੋਂ ਗੋਲੀਬਾਰੀ ਕੀਤੀ ਗਈ, ਤਾਂ ਪੁਲਿਸ ਪਾਰਟੀ ਨੇ ਸਵੈ-ਰੱਖਿਆ ਵਿਚ ਜਵਾਬੀ ਗੋਲੀਬਾਰੀ ਕੀਤੀ। ਇਸ ਲਈ, ਇਨ੍ਹਾਂ ਵਿਚੋਂ ਦੋ ਲੋਕ ਅਰਸ਼ਦੀਪ ਸਿੰਘ ਅਤੇ ਰੌਬਿਨਪ੍ਰੀਤ ਸਿੰਘ ਜ਼ਖ਼ਮੀ ਹੋ ਗਏ। ਅਰਸ਼ਦੀਪ ਸਿੰਘ ਪਹਿਲਾਂ ਹੀ ਇਕ ਕਤਲ ਦੇ ਮਾਮਲੇ ਵਿਚ ਲੋੜੀਂਦਾ ਹੈ। ਤੀਜੇ ਵਿਅਕਤੀ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਲੋਕ ਜਬਰੀ ਵਸੂਲੀ ਦੇ ਨਾਲ-ਨਾਲ ਐਨ.ਡੀ.ਪੀ.ਐਸ. ਮਾਮਲਿਆਂ ਵਿਚ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦਾ ਰਿਮਾਂਡ ਲਿਆ ਜਾਵੇਗਾ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਅੱਜ ਕਿਸ ਯੋਜਨਾ ਨੂੰ ਅੰਜ਼ਾਮ ਦੇਣ ਜਾ ਰਹੇ ਸਨ। ਇਸ ਸਬੰਧੀ ਐਫ਼.ਆਈ.ਆਰ. ਤੁਰੰਤ ਦਰਜ ਕੀਤੀ ਜਾ ਰਹੀ ਹੈ।