ਬਠਿੰਡਾ ਦੇ SSD ਗਰਲਜ਼ ਕਾਲਜ ਦੀ ਪ੍ਰਿੰਸੀਪਲ ਪਰਿਵਾਰ ਸਮੇਤ ਸ਼ਾਰਜਾਹ ’ਚ ਫਸੀ
ਨੀਰੂ ਗਰਗ ਨੇ ਕੇਂਦਰ ਸਰਕਾਰ ਤੋਂ ਵਾਪਸੀ ਲਈ ਮੰਗੀ ਮਦਦ
ਚੰਡੀਗੜ੍ਹ : ਪੰਜਾਬ ਦੇ ਬਠਿੰਡਾ ਦੇ ਐਸ.ਐਸ.ਡੀ. ਗਰਲਜ਼ ਕਾਲਜ ਦੀ ਪ੍ਰਿੰਸੀਪਲ ਆਪਣੇ ਪਰਿਵਾਰ ਸਮੇਤ ਇਰਾਨ ਅਤੇ ਇਜ਼ਰਾਈਲ ਦਰਮਿਆਨ ਸ਼ੁਰੂ ਹੋਈ ਜੰਗ ਦੇ ਚਲਦਿਆਂ ਸ਼ਾਰਜਾਹ ’ਚ ਫਸੇ ਗਏ ਹਨ। ਪ੍ਰਿੰਸੀਪਲ ਨੀਰੂ ਗਰਗ ਨੇ ਕੇਂਦਰ ਸਰਕਾਰ ਨੂੰ ਆਪਣੇ ਅਤੇ ਹੋਰ ਭਾਰਤੀ ਯਾਤਰੀਆਂ ਨੂੰ ਇਥੋਂ ਕੱਢਣ ਵਿੱਚ ਤੁਰੰਤ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ। ਸ਼ਨੀਵਾਰ ਨੂੰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਉਨ੍ਹਾਂ ਕਿਹਾ ਕਿ ਇਹ ਪੰਜ ਦਿਨਾਂ ਦੀ ਯਾਤਰਾ ਦਾ ਉਨ੍ਹਾਂ ਦਾ ਆਖਰੀ ਦਿਨ ਸੀ ਅਤੇ ਅਸੀਂ ਅੰਮ੍ਰਿਤਸਰ ਲਈ ਬੁੱਕ ਕੀਤੀ ਗਈ ਇੰਡੀਗੋ ਫਲਾਈਟ 'ਤੇ ਵਾਪਸ ਜਾਣ ਦੀ ਤਿਆਰੀ ਕਰ ਰਹੇ ਸੀ।
ਦੁਪਹਿਰ 2 ਵਜੇ ਸਾਨੂੰ ਦੱਸਿਆ ਕਿ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਗਰਗ ਨੇ ਦਾਅਵਾ ਕੀਤਾ ਕਿ ਜਦੋਂ ਉਸ ਨੇ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਕਿੱਥੇ ਰਹਿਣਾ ਚਾਹੀਦਾ ਹੈ, ਤਾਂ ਉਨ੍ਹਾਂ ਵੱਲੋਂ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ । ਉਨ੍ਹਾਂ ਅੱਗੇ ਕਿਹਾ ਕਿ ਅਸੀਂ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਾਡੀ ਗੱਲ ਸੁਣੇ, ਕਿਉਂਕਿ ਬਹੁਤ ਸਾਰੇ ਯਾਤਰੀ ਫਸੇ ਹੋਏ ਹਨ ਅਤੇ ਸਾਰਿਆਂ ’ਚ ਡਰ ਦਾ ਮਾਹੌਲ ਹੈ । ਲੋਕ ਚਿੰਤਤ ਹਨ, ਬਹੁਤ ਸਾਰੇ ਬਿਮਾਰ ਹਨ, ਪਰ ਇੱਥੇ ਕੋਈ ਸਾਡੀ ਗੱਲ ਨਹੀਂ ਸੁਣ ਰਿਹਾ ਹੈ। ਐਤਵਾਰ ਨੂੰ ਸ਼ੇਅਰ ਕੀਤੇ ਗਏ ਇੱਕ ਹੋਰ ਵੀਡੀਓ ਵਿੱਚ ਪ੍ਰਿੰਸੀਪਲ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਨੀਵਾਰ ਰਾਤ 10 ਵਜੇ ਹਵਾਈ ਅੱਡੇ ਤੋਂ ਬਾਹਰ ਜਾਣ ਲਈ ਕਿਹਾ ਗਿਆ ਸੀ। ਉਨ੍ਹਾਂ ਨੇ ਏਅਰਲਾਈਨ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਕਿਸੇ ਅਣਜਾਣ ਸਥਾਨ 'ਤੇ ਨਾ ਜਾਣ ਲਈ ਨਾਰਾਜ਼ਗੀ ਪ੍ਰਗਟ ਕੀਤੀ ਸੀ ।
ਉਨ੍ਹਾਂ ਕਿਹਾ ਕਿ ਅਸੀਂ ਸ਼ਨੀਵਾਰ ਨੂੰ ਅੱਧੇ ਘੰਟੇ ਲਈ ਹਵਾਈ ਅੱਡੇ ਦੇ ਬਾਹਰ ਬੈਠੇ ਰਹੇ, ਸੋਚ ਰਹੇ ਸੀ ਕਿ ਅੱਗੇ ਕੀ ਕਰਨਾ ਹੈ । ਅਸੀਂ ਹੋਟਲਾਂ ਦੀ ਜਾਂਚ ਕੀਤੀ ਅਤੇ ਉਹ ਸਾਰੇ ਬੁੱਕ ਹੋ ਗਏ ਸਨ। ਫਿਰ ਸਾਨੂੰ ਇੱਕ 20 ਕਿਲੋਮੀਟਰ ਦੂਰ ਬਹੁਤ ਮਹਿੰਗਾ ਇਕ ਹੋਟਲ ਮਿਲਿਆ ਅਤੇ ਉਨ੍ਹਾਂ ਵੱਲੋਂ ਵੀ ਸਾਨੂੰ ਅੱਜ ਹੋਟਲ ਛੱਡਣ ਲਈ ਕਹਿ ਦਿੱਤਾ ਗਿਆ। ਸਾਨੂੰ ਨਹੀਂ ਪਤਾ ਕਿ ਅੱਗੇ ਕੀ ਕਰਨਾ ਹੈ। ਸਾਡੇ ਕੋਲ ਨਕਦੀ ਖਤਮ ਹੋ ਗਈ ਹੈ। ਅਸੀਂ ਆਪਣੀਆਂ ਜ਼ਰੂਰੀ ਦਵਾਈਆਂ ਨਹੀਂ ਲੈ ਸਕਦੇ । ਸਾਨੂੰ ਮਾਰਗਦਰਸ਼ਨ ਕਰਨ ਵਾਲਾ ਕੋਈ ਨਹੀਂ ਹੈ।" ਗਰਗ ਨੇ ਦਾਅਵਾ ਕੀਤਾ ਕਿ ਯੂਏਈ ਵਿੱਚ ਭਾਰਤੀ ਦੂਤਾਵਾਸ ਨਾਲ ਉਸਦੇ ਟੋਲ-ਫ੍ਰੀ ਨੰਬਰ 'ਤੇ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਦਾ ਜਵਾਬ ਨਹੀਂ ਮਿਲਿਆ। ਸ਼ਾਰਜਾਹ ਹਵਾਈ ਅੱਡੇ 'ਤੇ ਇੱਕ ਹੋਰ ਭਾਰਤੀ ਯਾਤਰੀ ਨੇ ਕਿਹਾ ਕਿ ਯਾਤਰੀਆਂ ਨੂੰ ਨਿਰਧਾਰਤ ਟੇਕਆਫ ਤੋਂ ਲਗਭਗ ਇੱਕ ਘੰਟਾ ਪਹਿਲਾਂ ਰੱਦ ਹੋਣ ਬਾਰੇ ਸੂਚਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਭਾਰਤੀ ਦੂਤਾਵਾਸ ਨੂੰ ਸਾਡੀ ਅਪੀਲ ਹੈ ਕਿ ਅਸੀਂ ਫਸੇ ਹੋਏ ਹਾਂ। ਅਸੀਂ ਨਹੀਂ ਜਾ ਸਕਦੇ ਕਿਉਂਕਿ ਸਾਡੇ ਵੀਜ਼ੇ ਦੀ ਮਿਆਦ ਖਤਮ ਹੋ ਗਈ ਹੈ। ਲੋਕ ਡਰਦੇ ਹਨ ਕਿ ਕੀ ਉਹ ਬਾਹਰ ਨਿਕਲ ਸਕਣਗੇ ਜਾਂ ਨਹੀਂ । ਇੱਕ ਹੋਰ ਯਾਤਰੀ ਨੇ ਭਾਰਤ ਸਰਕਾਰ ਨੂੰ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ । ਮੱਧ ਪੂਰਬ ਵਿੱਚ ਵਧਦੀ ਸੁਰੱਖਿਆ ਸਥਿਤੀ ਤੋਂ ਬਾਅਦ ਉਡਾਣ ਰੱਦ ਹੋਣ ਦੇ ਮੱਦੇਨਜ਼ਰ ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਭਾਰਤ ਵਿੱਚ ਵਿਦੇਸ਼ੀ ਨਾਗਰਿਕਾਂ ਨੂੰ ਸਲਾਹ ਦਿੱਤੀ ਕਿ ਉਹ ਵੀਜ਼ਾ ਵਧਾਉਣ ਲਈ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰਨ ਜਾਂ ਨਜ਼ਦੀਕੀ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰ ਰਾਹੀਂ ਆਪਣੇ ਠਹਿਰਾਅ ਨੂੰ ਯਕੀਨੀ ਬਣਾਉਣ।