ਸੁਰਜੀਤ ਧੀਮਾਨ ਦੇ ਨਸ਼ਿਆਂ ਬਾਰੇ ਬਿਆਨ ਨਾਲ ਸਰਕਾਰ ਤੇ ਕਾਂਗਰਸ 'ਚ ਮਚੀ ਖਲਬਲੀ
ਕਾਂਗਰਸੀ ਵਿਧਾਇਕ ਸੁਰਜੀਤ ਧੀਮਾਨ ਦੇ ਬਿਆਨ ਕਿ ਪੰਜਾਬ 'ਚ ਨਸ਼ਿਆਂ ਦੀ ਵਿਕਰੀ ਬਰਕਰਾਰ ਹੈ, ਨਾਲ ਹੀ ਕਾਂਗਰਸ ਪਾਰਟੀ ਅਤੇ ਸਰਕਾਰ 'ਚ ਖਲਬਲੀ ਮਚ ਗਈ ਹੈ।
ਚੰਡੀਗੜ੍ਹ, 1 ਅਗੱਸਤ (ਜੈ ਸਿੰਘ ਛਿੱਬਰ) : ਕਾਂਗਰਸੀ ਵਿਧਾਇਕ ਸੁਰਜੀਤ ਧੀਮਾਨ ਦੇ ਬਿਆਨ ਕਿ ਪੰਜਾਬ 'ਚ ਨਸ਼ਿਆਂ ਦੀ ਵਿਕਰੀ ਬਰਕਰਾਰ ਹੈ, ਨਾਲ ਹੀ ਕਾਂਗਰਸ ਪਾਰਟੀ ਅਤੇ ਸਰਕਾਰ 'ਚ ਖਲਬਲੀ ਮਚ ਗਈ ਹੈ। ਧੀਮਾਨ ਦੇ ਇਸ ਬਿਆਨ ਨਾਲ ਸਿਆਸੀ ਵਿਰੋਧੀਆਂ ਨੂੰ ਸਰਕਾਰ 'ਤੇ ਹਮਲਾ ਕਰਨ ਦਾ ਇਕ ਹੋਰ ਮੌਕਾ ਮਿਲ ਗਿਆ ਹੈ।
ਸਾਬਕਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ, ਸਾਂਸਦ ਹਰਸਿਮਰਤ ਕੌਰ ਬਾਦਲ, ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲੀਆਂ ਨਿਸ਼ਾਨ ਲਗਾਏ ਹਨ, ਉਥੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸਰਕਾਰ ਦਾ ਬਚਾਅ ਕਰਦਿਆਂ ਕਿਹਾ ਕਿ ਕਾਂਗਰਸੀ ਵਿਧਾਇਕ ਸੁਰਜੀਤ ਧੀਮਾਨ ਦਾ ਬਿਆਨ ਉਨ੍ਹਾਂ ਦੀ ਲੋਕਾਂ ਪ੍ਰਤੀ ਫ਼ਿਕਰਮੰਦੀ ਪ੍ਰਗਟਾਵਾ ਕਰਦਾ ਹੈ।
ਚੇਤੇ ਰਹੇ ਕਿ ਬੀਤੇ ਦਿਨ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਦੀ ਯਾਦ ਵਿਚ ਰਾਜ ਪਧਰੀ ਸਮਾਗਮ ਦੌਰਾਨ ਸੁਰਜੀਤ ਧੀਮਾਨ ਨੇ ਨਸ਼ਿਆਂ ਬਾਰੇ ਵੱਡਾ ਬਿਆਨ ਦਿਤਾ ਸੀ ਕਿ ਸਰਕਾਰ ਬਣਨ 'ਤੇ ਪਹਿਲੇ 15-20 ਦਿਨ ਤਾਂ ਪੁਲਿਸ ਨੇ ਸਖ਼ਤੀ ਵਰਤੀ ਪਰ ਹੁਣ ਮਾਮਲਾ ਠੰਢਾ ਪੈ ਗਿਆ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ 'ਚ ਫੇਰਬਦਲ ਕਰਨ ਦੀ ਵੀ ਗੱਲ ਆਖੀ ਸੀ। ਧੀਮਾਨ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਪਾਰਟੀ 'ਚ ਖਲਬਲੀ ਮਚ ਗਈ ਅਤੇ ਸਿਆਸੀ ਵਿਰੋਧੀਆਂ ਪਾਰਟੀਆਂ ਦੇ ਆਗੂ ਨੇ ਸਰਕਾਰ 'ਤੇ ਵੱਡਾ ਹਮਲਾ ਕੀਤਾ ਹੈ।
ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖੈਹਰਾ ਨੇ ਕਿਹਾ ਕਿ ਸੁਰਜੀਤ ਧੀਮਾਨ ਦਾ ਬਿਆਨ ਆਮ ਆਦਮੀ ਪਾਰਟੀ ਦੇ ਨਸ਼ਿਆਂ ਪ੍ਰਤੀ ਬਿਆਨਾਂ ਨੂੰ ਪੁਖ਼ਤਾ ਕਰਦਾ ਹੈ। ਉਨ੍ਹਾਂ ਕਿਹਾ ਕਿ ਸੱਤਾਧਿਰ ਪਾਰਟੀ ਦੇ ਵਿਧਾਇਕ ਦੇ ਬਿਆਨ ਨਾਲ ਬਿੱਲੀ ਥੈਲੇ ਤੋਂ ਬਾਹਰ ਆ ਗਈ ਅਤੇ ਮੁੱਖ ਮੰਤਰੀ ਦੇ ਨਸ਼ਿਆਂ ਪ੍ਰਤੀ ਦਾਅਵੇ ਠੁਸ ਸਾਬਤ ਹੋ ਗਏ ਹਨ। ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਲੋਕਾਂ ਨੂੰ ਝੂਠੇ ਸਬਜ਼ਬਾਗ਼ ਦਿਖਾ ਕੇ ਸਰਕਾਰ ਬਣਾ ਲਈ ਹੈ, ਜਦੋਂ ਕਿ ਕਿਸਾਨਾਂ (ਬਾਕੀ ਸਫ਼ਾ 11 'ਤੇ)
ਦੀ ਖ਼ੁਦਕੁਸ਼ੀਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਸਾਂਸਦ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਲੋਕਾਂ ਦਾ ਸਰਕਾਰ ਤੋਂ ਵਿਸ਼ਵਾਸ਼ ਉਠ ਗਿਆ ਹੈ।
ਉਧਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਰਕਾਰ ਤੇ ਵਿਧਾਇਕ ਦਾ ਬਚਾਅ ਕਰਦਿਆਂ ਕਿਹਾ ਕਿ ਵਿਧਾਇਕ ਦਾ ਬਿਆਨ ਲੋਕਾਂ ਪ੍ਰਤੀ ਫ਼ਿਕਰਮੰਦੀ ਦੀ ਝਲਕ ਪੇਸ਼ ਕਰਦਾ ਹੈ। ਮਨਪ੍ਰੀਤ ਅਨੁਸਾਰ ਕਈ ਵਾਰ ਲਫ਼ਜ਼ਾਂ ਦੀ ਚੋਣ ਗ਼ਲਤ ਹੋ ਜਾਂਦੀ ਹੈ ਪਰ ਕਹਿਣਾ ਕੁੱਝ ਹੋਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਦਾ ਫ਼ਿਕਰ ਹੈ ਕਿ ਨਸ਼ਾ ਤਸਕਰਾਂ ਵਿਰੁਧ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਸ਼ਾਂ ਤਸਕਰਾਂ ਵਿਰੁਧ ਕਾਰਵਾਈ ਕਰਨ ਲਈ ਯਤਨਸ਼ੀਲ ਹੈ।
ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ 80 ਫ਼ੀ ਸਦੀ ਨਸ਼ਿਆਂ 'ਤੇ ਕਾਬੂ ਪਾ ਲਿਆ ਗਿਆ ਹੈ। ਧਰਮਸੋਤ ਨੇ ਕਿਹਾ ਕਿ ਵਿਧਾਇਕ ਦੇ ਹਲਕੇ ਵਿਚ ਕੋਈ ਸਮੱਸਿਆ ਹੋ ਸਕਦੀ ਹੈ, ਪਰ ਸਮੁੱਚੇ ਪੰਜਾਬ 'ਚ ਸਰਕਾਰ ਨੇ ਨਸ਼ਾ ਤਸਕਰਾਂ ਵਿਰੁਧ ਵੱਡੀ ਕਾਰਵਾਈ ਕੀਤੀ ਹੈ।