ਕਾਂਗਰਸੀਉ, ਸੁਧਰ ਜਾਉ, ਨਹੀਂ ਤਾਂ ਭੱਜਣ ਨੂੰ ਰਾਹ ਨਹੀਂ ਲਭਣਾ : ਸੁਖਬੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਦੇ ਰਾਜ ਅੰਦਰ ਹਰ ਰੋਜ਼ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ ਕਿਉਂਕਿ ਕਾਂਗਰਸ ਸਰਕਾਰ ਦੁਆਰਾ..

Sukhbir

ਬਟਾਲਾ, 31 ਜੁਲਾਈ (ਡਾ. ਹਰਪਾਲ ਸਿੰਘ ਬਟਾਲਵੀ) : ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਦੇ ਰਾਜ ਅੰਦਰ ਹਰ ਰੋਜ਼ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ ਕਿਉਂਕਿ ਕਾਂਗਰਸ ਸਰਕਾਰ ਦੁਆਰਾ ਮੁਕੰਮਲ ਕਰਜ਼ਾ ਮੁਆਫ਼ੀ ਦੇ ਵਾਅਦੇ ਤੋਂ ਮੁੱਕਰ ਜਾਣ ਕਾਰਨ ਕਿਸਾਨ ਬੇਹੱਦ ਪ੍ਰੇਸ਼ਾਨ ਹਨ।
ਹਲਕਾ ਫ਼ਤਿਹਗੜ੍ਹ ਚੂੜੀਆਂ ਅਧੀਨ ਗੁਰਦੁਆਰਾ ਓਠੀਆਂ ਸਾਹਿਬ ਵਿਖੇ ਅਕਾਲੀ ਵਰਕਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਚੋਣਾਂ ਤੋਂ ਪਹਿਲਾਂ ਸਹੂਲਤਾਂ ਦੇ ਵੱਡੇ ਵੱਡੇ ਵਾਅਦੇ ਕਰਦੀ ਸੀ ਪਰ ਚਾਰ ਮਹੀਨਿਆਂ ਅੰਦਰ ਹੀ ਅਸਲ ਹਾਲਤ ਸਾਹਮਣੇ ਆ ਗਈ ਹੈ। ਉਨ੍ਹਾਂ ਕਿਹਾ ਕਿ ਲੋਕ ਸਰਕਾਰ ਦੇ ਇਸ ਰਵਈਏ ਤੋਂ ਬੇਹੱਦ ਨਿਰਾਸ਼ ਵਿਖਾਏ ਦੇ ਰਹੇ ਹਨ ਤੇ ਸਰਕਾਰ ਨੂੰ ਕੋਸ ਰਹੇ ਹਨ। ਬਾਦਲ ਨੇ ਕਾਂਗਰਸੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ 'ਸੁਧਰ ਜਾਉ, ਨਹੀਂ ਤਾਂ ਸਮਾਂ ਆਉਣ 'ਤੇ ਤੁਹਾਨੂੰ ਭੱਜਣ ਨੂੰ ਰਾਹ ਨਹੀਂ ਲੱਭੇਗਾ ਕਿਉਂਕਿ ਅਕਾਲੀ ਦਲ ਪੰਜਾਬੀਆਂ ਦੀ ਮਾਂ ਪਾਰਟੀ ਹੈ ਜੋ ਨਾ ਤਾਂ ਜ਼ੁਲਮ ਕਰਦੀ ਹੈ ਅਤੇ ਨਾ ਹੀ ਜ਼ੁਲਮ ਸਹਿੰਦੀ ਹੈ।' ਬਾਦਲ ਨੇ ਅਕਾਲੀ ਵਰਕਰਾਂ ਨੂੰ ਕਿਹਾ ਕਿ ਤਗੜੇ ਹੋ ਕੇ ਕਾਂਗਰਸੀਆਂ ਦੀਆਂ ਵਧੀਕੀਆਂ ਦਾ ਮੂੰਹਤੋੜ ਜਵਾਬ ਦਿਉ ਤਾਕਿ ਇਨ੍ਹਾਂ ਨੂੰ ਬੰਦੇ ਦੇ ਪੁੱਤ ਬਣਾਇਆ ਜਾ ਸਕੇ ਅਤੇ ਜੇ ਕਿਸੇ ਵੀ ਪਾਰਟੀ ਵਰਕਰ ਨਾਲ ਵਧੀਕੀ ਹੁੰਦੀ ਹੈ ਤਾਂ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਇਕੱਠੀ ਹੋ ਕੇ ਇਕਜੁਟਤਾ ਦਾ ਸਬੂਤ ਦੇਵੇ।
ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਨੇ ਕਾਂਗਰਸੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਿੰਨਾ ਜ਼ੁਲਮ ਅਕਾਲੀ ਵਰਕਰਾਂ 'ਤੇ ਕਰੋਗੇ, ਓਨਾ ਜ਼ਿਆਦਾ ਭੁਗਤਣਾ ਪਵੇਗਾ। ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਨੇ ਕਿਹਾ ਕਿ ਹਲਕਾ ਵਿਧਾਇਕ ਦੇ ਇਸ਼ਾਰੇ 'ਤੇ ਅਕਾਲੀ ਵਰਕਰਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਅਤੇ ਝੂਠੇ ਪਰਚੇ ਦਰਜ ਕਰਵਾਏ ਜਾ ਰਹੇ ਹਨ। ਇਸ ਮੌਕੇ ਗੁਰਜੀਤ ਸਿਘ ਬਿਜਲੀਵਾਲ, ਅਵਨੀਤਪਾਲ ਸਿੰਘ ਢੀਂਡਸਾ, ਹਰਕੇਨ ਸਿੰਘ ਟੋਨੀ, ਲਖਵਿਦਰ ਸਿੰਘ ਘੁੰਮਣ, ਦੇਸ ਰਾਜ ਸਿੰਘ ਧੁੱਗਾ, ਹਰਨੇਕ ਸਿੰਘ ਸਰਪੰਚ ਦਾਬਾਂਵਾਲ, ਹਰਪ੍ਰੀਤ ਸਿੰਘ ਬਾਜਵਾ, ਮੰਗਲ ਸਿੰਘ ਬਟਾਲਾ, ਹਰਦਿਆਲ ਸਿੰਘ ਭਾਮ ਵੀ ਮੌਜੂਦ ਸਨ।