ਚੰਡੀਗੜ੍ਹ ਵਾਸੀਆਂ 'ਤੇ ਮਹਿੰਗਾਈ ਦੀ ਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਤੋਂ ਸ਼ਰਾਬ, ਬਿਜਲੀ, ਸਕੂਲ ਫ਼ੀਸਾਂ ਤੇ ਪਾਰਕਿੰਗ ਦੇ ਵਧਣਗੇ ਰੇਟ

Electricity

ਸੋਹਣੇ ਸ਼ਹਿਰ ਚੰਡੀਗੜ੍ਹ ਵਿਚ ਪਹਿਲੀ ਅਪ੍ਰੈਲ ਤੋਂ ਸ਼ਰਾਬ, ਬਿਜਲੀ ਦੇ ਬਿਲ, ਪਾਰਕਿੰਗਾਂ ਤੇ ਰੇਟ ਸਕੂਲਾਂ ਦੀ ਫ਼ੀਸ ਆਦਿ 10 ਫ਼ੀ ਸਦੀ 20 ਫ਼ੀ ਸਦੀ ਤਕ ਮਹਿੰਗੇ ਹੋ ਜਾਣਗੇ ਜਦਕਿ ਸੀ.ਟੀ.ਯੂ. ਦਾ ਸਫ਼ਰ ਪਿਛਲੇ ਮਹੀਨੇ ਹੀ 20 ਫ਼ੀ ਸਦੀ ਮਹਿੰਗਾ ਹੋ ਚੁਕਾ ਹੈ। ਦੱਸਣਯੋਗ ਹੈ ਕਿ ਸ਼ਹਿਰ ਦੀ ਆਬਾਦੀ 13 ਲੱਖ ਤੋਂ ਉਪਰ ਹੋ ਚੁੱਕੀ ਹੈ ਅਤੇ ਚੰਡੀਗੜ੍ਹ ਦੋ ਸੂਬਿਆਂ ਦੀ ਰਾਜਧਾਨੀ ਹੋਣ ਕਰ ਕੇ ਸ਼ਹਿਰ ਵਿਚ 15 ਲੱਖ ਲੋਕਾਂ ਦਾ ਆਉਣਾ-ਜਾਣਾ ਬਣਿਆ ਰਹਿੰਦਾ ਹੈ।ਚੰਡੀਗੜ੍ਹ ਪ੍ਰਸ਼ਾਸਨ ਤੇ ਨਗਰ ਨਿਗਮ ਕੇਂਦਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਹੋਣ ਦੇ ਬਾਵਜੂਦ ਪ੍ਰਸਤਾਵਤ ਬਜਟ ਵਿਚ ਮੰਗੀਆਂ ਗਰਾਂਟਾਂ ਨਾ ਮਿਲਣ ਕਾਰਨ ਹੁਣ ਵਿੱਤੀ ਘਾਟਿਆਂ ਦਾ ਸਾਹਮਣਾ ਕਰਨ ਲੱਗੇ ਹਨ, ਜਿਸ ਦਾ ਬੋਝ ਹੁਣ ਆਮ ਸ਼ਹਿਰੀ ਮੁਲਾਜ਼ਮਾਂ ਤੇ ਗ਼ਰੀਬ, ਅਮੀਰ ਸੱਭ 'ਤੇ ਪਵੇਗਾ।

ਚੰਡੀਗੜ੍ਹ ਨਗਰ  ਨਿਗਮ ਨੂੰ ਕੇਂਦਰ ਨੇ ਵਿਕਾਸ ਕਾਰਜਾਂ ਲਈ ਗਰਾਂਟ ਦੇਣ ਤੋਂ ਪੂਰੀ ਤਰ੍ਹਾਂ ਕਿਨਾਰਾ ਕਰ ਲਿਆ ਅਤੇ ਪ੍ਰਸ਼ਾਸਨ ਨੂੰ ਵੀ 6200 ਕਰੋੜ 'ਚੋਂ ਸਿਰਫ਼ 4311 ਕਰੋੜ ਰੁਪਏ ਹੀ ਦਿਤੇ ਹਨ, ਜਿਸ ਨਾਲ ਚੰਡੀਗੜ੍ਹ ਪ੍ਰਸ਼ਾਸਨ ਦੇ ਪੁਰਾਣੇ ਪ੍ਰਾਜੈਕਟ ਵੀ ਪੂਰੇ ਨਹੀਂ ਹੋਣਗੇ। ਦੂਜੇ ਪਾਸੇ ਚੰਡੀਗੜ੍ਹ 'ਚ 17 ਸਾਲਾਂ ਬਾਅਦ ਭਾਜਪਾ ਦੀ ਸੱਤਾ 'ਚ ਹੋਈ ਵਾਪਸੀ ਦੇ ਬਾਵਜੂਦ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਪ੍ਰਸਤਾਵਤ ਬਜਟ ਵਿਚ ਪਿਛਲੇ 4 ਸਾਲਾਂ ਤੋਂ ਲਗਾਤਾਰ ਕੈਂਚੀ ਫੇਰਦੇ ਆ ਰਹੇ ਹਨ। ਇਸ ਲਈ ਨਗਰ ਨਿਗਮ ਦੇ ਮੇਅਰ ਜਾਇਦਾਦ ਟੈਕਸ ਵਧਾਉਣ, ਪਾਰਕਿੰਗਾਂ ਦੇ ਰੇਟ ਵਧਾਉਣ ਲਈ ਮਜਬੂਰ ਹੋ ਗਏ ਹਨ। ਸੀ.ਟੀ.ਯੂ. ਦੇ ਬਿਜਲੀ ਵਿਭਾਗ ਵੀ ਕਰੋੜ ਰੁਪਏ ਦੇ ਘਾਟੇ ਵਿਚ ਚੱਲ ਰਹੇ ਹਨ।