ਹਰਸਿਮਰਤ ਕੌਰ ਬਾਦਲ ਨੂੰ ਹੋਰਨਾਂ ਸੂਬਿਆਂ 'ਚ ਭਾਜਪਾ ਸਰਕਾਰਾਂ ਬਾਰੇ ਕੀਤਾ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਦਾ ਕਿੰਨਾ ਕਰਜ਼ਾ ਮੁਆਫ਼ ਕੀਤਾ : ਪ੍ਰਨੀਤ ਕੌਰ

Parineet Kaur

ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਵੋਟ ਬੈਂਕ ਦੀ ਰਾਜਨੀਤੀ ਨਹੀਂ ਕਰਦੀ ਜਿਸ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸੂਬਾ ਵਾਸੀਆਂ ਨਾਲ ਕੀਤਾ ਹਰ ਇਕ ਵਾਅਦਾ ਪੂਰਾ ਕਰੇਗੀ। ਸ੍ਰੀਮਤੀ ਪ੍ਰਨੀਤ ਕੌਰ ਅੱਜ ਸਮਾਣਾ ਹਲਕੇ ਦੇ ਕਰੀਬ 27 ਪਿੰਡਾਂ ਦੇ ਕਿਸਾਨਾਂ ਦੀਆਂ ਗੜ੍ਹੇਮਾਰੀ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਲਈ ਤਕਰੀਬਨ 11 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡਣ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਨੇ ਹਲਕਾ ਵਿਧਾਇਕ ਸ. ਰਜਿੰਦਰ ਸਿੰਘ ਦੀ ਅਗਵਾਈ ਹੇਠ ਪਿੰਡਾਂ ਦੇ ਵਿਕਾਸ ਲਈ ਤਕਰੀਬਨ 6.50 ਕਰੋੜ ਰੁਪਏ ਦੇ ਚੈੱਕ ਵੀ ਤਕਸੀਮ ਕੀਤੇ। ਇਸ ਮੌਕੇ ਉਨ੍ਹਾਂ ਨਾਲ ਸ੍ਰੀਮਤੀ ਰਵਿੰਦਰ ਕੌਰ ਤੇ ਹੋਰ ਮੌਜੂਦ ਸਨ।ਸ੍ਰੀਮਤੀ ਪਰਨੀਤ ਕੌਰ ਨੇ ਪਿਛਲੀ ਸਰਕਾਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਹੁਣ ਜਦੋਂ ਕੈਪਟਨ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨੇ ਸ਼ੁਰੂ ਕੀਤੇ ਹਨ ਤਾਂ ਪਿਛਲੇ 10 ਸਾਲ ਫੁੱਟੀ ਕੌਡੀ ਨਾ ਦੇਣ ਵਾਲਿਆਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਸਣ ਕਿ ਇਨ੍ਹਾਂ ਦੀ ਭਾਈਵਾਲੀ ਵਾਲੀ ਭਾਜਪਾ ਦੀਆਂ ਹੋਰ ਸੂਬਿਆਂ ਦੀਆਂ ਕਿਸੇ ਸਰਕਾਰਾਂ ਨੇ ਕਿਸਾਨਾਂ ਦਾ ਕਿੰਨਾ ਕਰਜ਼ਾ ਮਾਫ਼ ਕੀਤਾ ਹੈ? ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਅਕਾਲੀਆਂ ਦੇ ਗੁਮਰਾਹਕੁਨ ਪ੍ਰਚਾਰ ਤੋਂ ਸੁਚੇਤ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਲੋਕ ਕੈਪਟਨ ਸਰਕਾਰ ਦਾ ਸਾਥ ਦੇਣ ਤੇ ਉਨ੍ਹਾਂ ਨੂੰ ਬਹੁਤਾ ਚਿਰ ਕੌੜਾ ਘੁੱਟ ਨਹੀਂ ਭਰਨਾ ਪਵੇਗਾ।ਪ੍ਰਨੀਤ ਕੌਰ ਨੇ ਦੱਸਿਆ ਕਿ ਕੈਪਟਨ ਸਰਕਾਰ ਵਲੋਂ 2002-07 ਵਾਲੀ ਸਰਕਾਰ ਸਮੇਂ ਸਮਾਣਾ ਹਲਕੇ ਲਈ ਪਾਸ ਕੀਤਾ ਕਾਲਜ ਪਿਛਲੀ ਸਰਕਾਰ ਨੇ ਰੱਦ ਕਰ ਦਿਤਾ ਸੀ,

ਜਿਸ ਨੂੰ ਹੁਣ ਹਲਕਾ ਵਿਧਾਇਕ ਸ. ਰਜਿੰਦਰ ਸਿੰਘ ਦੀਆਂ ਕੋਸ਼ਿਸਾਂ ਸਦਕਾ ਮੁੜ ਪਾਸ ਕਰ ਕੇ ਪੰਜਾਬ ਸਰਕਾਰ ਨੇ  ਮੌਜੂਦਾ ਸਮੇਂ ਦੀਆਂ ਲੋੜਾਂ ਮੁਤਾਬਕ ਰਾਜ ਮਾਤਾ ਮਹਿੰਦਰ ਕੌਰ ਦੇ ਨਾਮ 'ਤੇ ਪੌਲੀਟੈਕਨਿਕ ਕਾਲਜ ਵਜੋਂ ਖੋਲ੍ਹਣ ਦੀ ਮਨਜ਼ੂਰੀ ਦਿਤੀ ਹੈ। ਉਨ੍ਹਾਂ ਦਸਿਆ ਕਿ ਸਮਾਣਾ ਹਲਕੇ ਲਈ ਲੋਕ ਨਿਰਮਾਣ ਵਿਭਾਗ ਵਲੋਂ 17 ਕਰੋੜ 19 ਲੱਖ ਦੀਆਂ ਸੜਕਾਂ ਬਣਾਉਣ ਦੀ ਮਨਜ਼ੂਰੀ ਦੇ ਦਿਤੀ ਹੈ, ਜਿਨ੍ਹਾਂ 'ਚ 8 ਕਰੋੜ 40 ਲੱਖ ਦੀ ਲਾਗਤ ਨਾਲ ਸਮਾਣਾ ਤੋਂ ਭਵਾਨੀਗੜ੍ਹ, 5 ਕਰੋੜ 47 ਲੱਖ ਨਾਲ ਸਮਾਣਾ ਤੋਂ ਰਾਮਨਗਰ, 2 ਕਰੋੜ 85 ਲੱਖ ਨਾਲ ਪਟਿਆਲੇ ਤੋਂ ਸਮਾਣਾ ਡਕਾਲਾ ਹੁੰਦੇ ਹੋਏ (ਕਰਹਾਲੀ ਸਾਹਿਬ), 37.50  ਲੱਖ ਦੀ ਲਾਗਤ ਨਾਲ ਬੀ.ਐਮ.ਐਲ. ਕਨਾਲ ਰੋਡ ਦੇ ਨਾਲ ਜੁੜਦੀ ਸੜਕਾਂ ਸ਼ਾਮਲ ਹਨ ਜਦੋਂ ਕਿ ਮੰਡੀ ਬੋਰਡ ਵਲੋਂ 11 ਕਰੋੜ 82 ਲੱਖ ਦੀ ਲਾਗਤ ਨਾਲ ਵਖਰੇ ਤੌਰ 'ਤੇ 60 ਸੜਕਾਂ ਬਣਾਈਆਂ ਜਾਣਗੀਆਂ।ਇਸ ਮੌਕੇ ਵਿਧਾਇਕ ਸ. ਰਜਿੰਦਰ ਸਿੰਘ ਨੇ ਕਿਹਾ ਕਿ ਹਲਕਾ ਰਾਜਪੁਰਾ ਵਾਸਤੇ ਸ੍ਰੀਮਤੀ ਪ੍ਰਨੀਤ ਕੌਰ ਨੇ ਪੰਜਾਬ ਸਰਕਾਰ ਤੋਂ ਫ਼ੰਡਾਂ ਦੀ ਕੋਈ ਕਮੀ ਨਹੀਂ ਆਉਣ ਦਿਤੀ ਜਿਸ ਲਈ ਹਲਕੇ 'ਚ ਵਿਕਾਸ ਕਾਰਜਾਂ ਦੀ ਹਨੇਰੀ ਚਲ ਪਈ ਹੈ। ਉਨ੍ਹਾਂ ਦੱਸਿਆ ਕਿ ਹਲਕੇ ਵਾਸੀਆਂ ਦੇ ਪਿਆਰ ਸਦਕਾ ਕੈਪਟਨ ਅਮਰਿੰਦਰ ਸਿੰਘ, ਸ੍ਰੀਮਤੀ ਪ੍ਰਨੀਤ ਕੌਰ ਤੇ ਸ. ਲਾਲ ਸਿੰਘ ਦੇ ਆਸ਼ੀਰਵਾਦ ਨਾਲ ਹਲਕੇ ਲਈ 50 ਕਰੋੜ ਤੋਂ ਵੀ ਜ਼ਿਆਦਾ ਫ਼ੰਡ ਮਨਜ਼ੂਰ ਕੀਤੇ ਗਏ ਹਨ, ਜਿਸ ਨਾਲ ਸਮੂਹ ਪਿੰਡਾਂ ਤੇ ਸਮਾਣੇ ਦਾ ਇਕਸਾਰ ਵਿਕਾਸ ਕਰਵਾਇਆ ਜਾਵੇਗਾ। ਜਦੋਂ ਕਿ ਪਸਿਆਣਾ-ਸੰਗਰੂਰ ਬਾਈਪਾਸ ਸੜਕ ਨੂੰ 4 ਲੇਨ ਬਣਾਉਣ ਲਈ 15 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਸ. ਰਜਿੰਦਰ ਸਿੰਘ ਨੇ ਦਸਿਆ ਕਿ ਪਿਛਲੇ ਸਾਲ ਕਣਕ ਦੀ ਫ਼ਸਲ 'ਤੇ ਗੜੇ ਪੈਣ ਕਰ ਕੇ ਖ਼ਰਾਬ ਹੋਈ ਫ਼ਸਲ ਦੇ ਮੁਆਵਜ਼ਾ ਵਜੋਂ 8 ਕਰੋੜ 57 ਲੱਖ ਰੁਪਏ ਸਰਕਾਰ ਵਲੋਂ ਦਿਤੇ ਗਏ ਹਨ ਜਦੋਂ ਕਿ ਅਕਾਲੀ ਭਾਜਪਾ ਸਰਕਾਰ ਦੌਰਾਨ ਗੜ੍ਹੇ ਪੈਣ ਕਰ ਕੇ ਖ਼ਰਾਬ ਹੋਈ ਕਿਸਾਨਾਂ ਦੀ ਕਣਕ ਦੇ 2016 ਤੋਂ ਬਕਾਇਆ ਪਈ 2 ਕਰੋੜ 43 ਲੱਖ ਰੁਪਏ ਦੀ ਰਾਸ਼ੀ ਵੀ ਅੱਜ ਵੰਡੀ ਗਈ ਹੈ।