'ਚੰਡੀਗੜ੍ਹ 'ਚ ਪੰਜਾਬੀ ਦੀ ਬਹਾਲੀ ਤੋਂ ਘੱਟ ਕੁੱਝ ਵੀ ਮਨਜ਼ੂਰ ਨਹੀਂ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋਂ ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲੀ ਭਾਸ਼ਾ ਤੇ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਦੇਣ ਤੋਂ ਕੋਰਾ ਇਨਕਾਰ ਕਰਨ 'ਤੇ ਚੰਡੀਗੜ੍ਹ ਪੰਜਾਬੀ.

Punjabi

ਚੰਡੀਗੜ੍ਹ, 31 ਜੁਲਾਈ (ਅੰਕੁਰ/ਜੈ ਸਿੰਘ ਛਿੱਬਰ) : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋਂ ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲੀ ਭਾਸ਼ਾ ਤੇ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਦੇਣ ਤੋਂ ਕੋਰਾ ਇਨਕਾਰ ਕਰਨ 'ਤੇ ਚੰਡੀਗੜ੍ਹ ਪੰਜਾਬੀ ਮੰਚ ਨੇ ਇਕ ਨਿਖੇਧੀ ਮਤਾ ਪਾਸ ਕਰਕੇ ਐਲਾਨ ਕੀਤਾ ਕਿ ਚੰਡੀਗੜ੍ਹ ਵਿਚ ਸਾਨੂੰ ਪੰਜਾਬੀ ਦੀ ਬਹਾਲੀ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ। ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਉਸ ਤੋਂ ਬਾਅਦ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਗਵਰਨਰ ਵੀ.ਪੀ. ਸਿੰਘ ਬਦਨੌਰ ਨੇ ਵੀ ਕਿਹਾ ਹੈ ਕਿ ਪ੍ਰਸ਼ਾਸਨ ਪੰਜਾਬੀ 'ਚ ਆਈ ਚਿੱਠੀ ਦਾ ਜਵਾਬ ਪੰਜਾਬੀ 'ਚ ਦੇਵੇਗਾ ਅਤੇ ਸਾਈਨ ਬੋਰਡਾਂ 'ਤੇ ਵੀ ਪੰਜਾਬੀ ਅੰਕਿਤ ਹੋਵੇਗੀ। ਪਰ ਇਸ ਸਾਰੀ ਬਿਆਨਬਾਜ਼ੀ ਨੂੰ ਚੰਡੀਗੜ੍ਹ ਪੰਜਾਬੀ ਮੰਚ ਨੇ ਧੋਖਾ ਦਸਦਿਆਂ ਕਿਹਾ ਕਿ ਇਹ ਸਭ ਭਰਮਾਉਣ ਵਾਲੀਆਂ ਨੀਤੀਆਂ ਹਨ, ਸਾਡੀ ਤਾਂ ਇਕੋ ਮੰਗ ਹੈ ਕਿ ਚੰਡੀਗੜ੍ਹ 'ਚ ਪੰਜਾਬੀ ਨੂੰ ਬਣਦੀ ਉਸ ਦੀ ਥਾਂ ਦਿੰਦਿਆਂ ਪਹਿਲੀ ਭਾਸ਼ਾ ਅਤੇ ਕੰਮਕਾਜ ਦੀ ਭਾਸ਼ਾ ਦਾ ਦਰਜਾ ਦਿਤਾ ਜਾਵੇ, ਬਾਕੀ ਸਭ ਗੱਲਾਂ ਤਾਂ ਖ਼ੁਦ ਹੀ ਇਸ ਵਿਚ ਆ ਜਾਣਗੀਆਂ। ਇਸ ਲਈ ਸਾਨੂੰ ਇਸ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੈ।
ਚੰਡੀਗੜ੍ਹ ਪੰਜਾਬੀ ਮੰਚ ਦੀ ਕਾਰਜਕਾਰਨੀ ਦੀ ਬੈਠਕ ਚੇਅਰਮੈਨ ਸਿਰੀਰਾਮ ਅਰਸ਼ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸਭਾ ਦੇ ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਪੰਜਾਬੀ ਪ੍ਰਤੀ ਦਿਖਾਈ ਬੇਰੁਖ਼ੀ ਵਾਲਾ ਏਜੰਡਾ ਸਾਹਮਣੇ ਰੱਖਿਆ। ਮੰਚ ਦੇ ਪ੍ਰਧਾਨ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸਾਡੇ ਹਰ ਇਕ ਅਹੁਦੇਦਾਰ ਤੋਂ ਲੈ ਕੇ ਮੈਂਬਰ ਤਕ ਸਭ ਨੂੰ ਜਰਨੈਲ ਬਣ ਕੇ ਇਹ ਲੜਾਈ ਲੜਨੀ ਹੋਵੇਗੀ ਤੇ ਸੰਘਰਸ਼ ਲਈ ਅਸੀਂ ਤਿਆਰ ਹਾਂ। ਇਸ ਦੌਰਾਨ ਤੈਅ ਹੋਇਆ ਕਿ ਪੰਜਾਬ ਦਿਵਸ 1 ਨਵੰਬਰ ਵਾਲੇ ਦਿਨ ਨੂੰ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਗਵਰਨਰ ਦਾ ਘਿਰਾਓ ਕੀਤਾ ਜਾਵੇਗਾ, ਜਿਸ ਲਈ ਪਹਿਲਾਂ ਚੰਡੀਗੜ੍ਹ ਦੇ ਸੈਕਟਰ 17 ਵਿਚ ਇਕ ਰੈਲੀ ਹੋਵੇਗੀ ਅਤੇ ਫਿਰ ਮਾਰਚ ਕਰਦਿਆਂ ਰਾਜ ਭਵਨ ਦਾ ਘਿਰਾਓ ਕੀਤਾ ਜਾਵੇਗਾ, ਜਿਸ ਵਿਚ ਹਜ਼ਾਰਾਂ ਪੰਜਾਬੀ ਪ੍ਰੇਮੀ ਹਿੱਸਾ ਲੈਣਗੇ।
ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ ਨੇ ਦਸਿਆ ਕਿ 1 ਨਵੰਬਰ ਦੇ ਘਿਰਾਓ ਨੂੰ ਸਫ਼ਲ ਬਣਾਉਣ ਲਈ ਪੇਂਡੂ ਸੰਘਰਸ਼ ਕਮੇਟੀ, ਚੰਡੀਗੜ੍ਹ ਗੁਰਦਵਾਰਾ ਪ੍ਰਬੰਧਕ ਸੰਗਠਨ, ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਸਬੰਧਤ ਸਭਾਵਾਂ, ਟਰੇਡ ਯੂਨੀਅਨਾਂ ਅਤੇ ਹੋਰ ਪੰਜਾਬੀ ਪ੍ਰੇਮੀ ਸੰਗਠਨਾਂ ਨੇ ਪ੍ਰੋਗਰਾਮ ਉਲੀਕ ਲਏ ਹਨ। ਹੁਣ ਚੰਡੀਗੜ੍ਹ ਦੇ ਪਿੰਡਾਂ ਵਿਚ, ਸੈਕਟਰਾਂ ਵਿਚ, ਗੁਰਦੁਆਰਿਆਂ ਵਿਚ, ਸਾਹਿਤਕ ਸਭਾਵਾਂ ਦੀਆਂ ਬੈਠਕਾਂ ਦੌਰਾਨ ਲੋਕਾਂ ਨੂੰ ਜਿਥੇ ਇਸ ਗੱਲੋਂ ਜਾਣੂ ਕਰਵਾਇਆ ਜਾਵੇਗਾ ਕਿ ਕਿੰਝ ਭਾਰਤ ਦੇ ਸੰਵਿਧਾਨ ਦੇ ਖਿਲਾਫ਼ ਜਾ ਕੇ ਪੰਜਾਬੀ ਨਾਲ ਧ੍ਰੋਹ ਕਮਾਇਆ ਜਾ ਰਿਹਾ ਹੈ, ਉਥੇ 1 ਨਵੰਬਰ ਦੇ ਘਿਰਾਓ ਲਈ ਵੀ ਸਭ ਨੂੰ ਲਾਮਬੰਦ ਕੀਤਾ ਜਾਵੇਗਾ ਅਤੇ ਚੰਡੀਗੜ੍ਹ ਵਿਚ ਪੰਜਾਬੀ ਦੀ ਬਹਾਲੀ ਤਕ ਸੰਘਰਸ਼ ਜਾਰੀ ਰੱਖਾਂਗੇ। ਇਸ ਮੌਕੇ ਪੇਂਡੂ ਸੰਘਰਸ਼ ਕਮੇਟੀ ਵਲੋਂ ਬਾਬਾ ਸਾਧੂ ਸਿੰਘ, ਬਾਬਾ ਗੁਰਦਿਆਲ ਸਿੰਘ, ਗੁਰਦਵਾਰਾ ਪ੍ਰਬੰਧਕ ਸੰਗਠਨਾਂ ਵਲੋਂ ਚੇਅਰਮੈਨ ਅਜੈਬ ਸਿੰਘ, ਰਘਬੀਰ ਸਿੰਘ ਰਾਮਪੁਰ, ਜਥੇਦਾਰ ਤਾਰਾ ਸਿੰਘ, ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਕਰਮ ਸਿੰਘ, ਬਲਕਾਰ ਸਿੰਘ ਸਿੱਧੂ, ਮਨਜੀਤ ਕੌਰ ਮੀਤ, ਗੁਰਪ੍ਰੀਤ ਸਿੰਘ ਸੋਮਲ, ਸੁਖਜੀਤ ਸਿੰਘ, ਰਘਬੀਰ ਸਿੰਘ ਸੰਧੂ, ਪ੍ਰੀਤਮ ਸਿੰਘ ਹੁੰਦਲ, ਰਾਜ ਕੁਮਾਰ ਅਤੇ ਮੰਚ ਸਕੱਤਰ ਦੀਪਕ ਚਨਾਰਥਲ ਆਦਿ ਵੀ ਮੌਜੂਦ ਸਨ।