ਪੰਜਾਬ 'ਚ ਆਰਐਸਐਸ ਸ਼ਾਖਾਵਾਂ 'ਤੇ ਅਤਿਵਾਦੀ ਹਮਲੇ ਦਾ ਅਲਰਟ, ਵਧਾਈ ਸੁਰੱਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਚੱਲ ਰਹੀਆਂ ਕਰੀਬ ਇਕ ਹਜ਼ਾਰ ਆਰਐਸਐਸ ਦੀਆਂ ਸ਼ਾਖਾਵਾਂ 'ਤੇ ਅਤਿਵਾਦੀ ਹਮਲੇ ਦੀ ਖ਼ੁਫ਼ੀਆ ਸੂਚਨਾ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਨੇ

Terrorist attack alert on RSS Branches

ਗੁਰਦਾਸਪੁਰ : ਪੰਜਾਬ ਵਿਚ ਚੱਲ ਰਹੀਆਂ ਕਰੀਬ ਇਕ ਹਜ਼ਾਰ ਆਰਐਸਐਸ ਦੀਆਂ ਸ਼ਾਖਾਵਾਂ 'ਤੇ ਅਤਿਵਾਦੀ ਹਮਲੇ ਦੀ ਖ਼ੁਫ਼ੀਆ ਸੂਚਨਾ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਨੇ ਸਾਰੀਆਂ ਸ਼ਾਖਾਵਾਂ ਦੀ ਸੁਰੱਖਿਆ ਵਧਾ ਦਿਤੀ ਹੈ। ਪੰਜਾਬ ਵਿਚ ਵੱਖ-ਵੱਖ ਜ਼ਿਲ੍ਹਿਆਂ ਵਿਚ ਚਲ ਰਹੀਆਂ ਰਾਸ਼ਟਰੀ ਸਵੈ ਸੇਵਕ ਸੰਘ ਦੀਆਂ ਸ਼ਾਖਾਵਾਂ 'ਤੇ ਕਿਸੇ ਅਤਿਵਾਦੀ ਹਮਲੇ ਦੀਆਂ ਸੂਚਨਾਵਾਂ ਪਿਛਲੇ ਕੁੱਝ ਮਹੀਨੇ ਤੋਂ ਲਗਾਤਾਰ ਮਿਲ ਰਹੀਆਂ ਹਨ।

ਇਸੇ ਦੌਰਾਨ ਫਿਰ ਤੋਂ ਕੇਂਦਰੀ ਏਜੰਸੀਆਂ ਵਲੋਂ ਖ਼ੁਫ਼ੀਆ ਇਨਪੁਟ ਮਿਲਣ ਤੋਂ ਬਾਅਦ ਡੀਜੀਪੀ ਇੰਟੈਲੀਜੈਂਸ ਨੇ ਰਾਜ ਦੇ ਪੁਲਿਸ ਕਮਿਸ਼ਨਰਾ ਅਤੇ ਐਸਐਸਪੀਜ਼ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਸਾਰੀਆਂ ਆਰਐਸਐਸ ਸ਼ਾਖਾਵਾਂ ਦੀ ਸੁਰੱਖਿਆ ਤੁਰਤ ਵਧਾਈ ਜਾਵੇ। ਉਨ੍ਹਾਂ ਇਹ ਵੀ ਨਿਰਦੇਸ਼ ਦਿਤਾ ਹੈ ਕਿ ਉਹ ਇਨ੍ਹਾਂ ਸ਼ਾਖਾਵਾਂ ਵਿਚ ਵਿਅਕਤੀਗਤ ਤੌਰ 'ਤੇ ਦੌਰਾ ਕਰਨ ਅਤੇ ਸ਼ਾਖਾਵਾਂ ਦੀ ਸੁਰੱਖਿਆ ਦਾ ਪੂਰਾ ਪ੍ਰਬੰਧ ਕਰਨ। 

ਅਜਿਹੀਆਂ ਵੀ ਸੂਚਨਾਵਾਂ ਹਨ ਕਿ ਰਾਸ਼ਟਰੀ ਸਵੈ ਸੇਵਕ ਸੰਘ ਅਤੇ ਰਾਸ਼ਟਰੀ ਸਿੱਖ ਸੰਗਤ ਦੇ ਨੇਤਾਵਾਂ ਅਤੇ ਮੈਂਬਰਾਂ ਨੂੰ ਕੁੱਝ ਸਮਾਜਿਕ ਅਤੇ ਧਾਰਮਕ ਸੰਸਥਾਵਾਂ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਜ਼ਿਲ੍ਹਾ ਗੁਰਦਾਸਪੁਰ ਵਿਚ ਆਰਐਸਐਸ ਦੀਆਂ 19 ਸਥਾਈ ਅਤੇ 10 ਅਸਥਾਈ ਸ਼ਾਖਾਵਾਂ ਚੱਲ ਰਹੀਆਂ ਹਨ। ਪਠਾਨਕੋਟ ਵਿਚ ਆਰਐਸਐਸ ਦੀਆਂ 16 ਸ਼ਾਖਾਵਾਂ ਸਵੇਰੇ ਲਗਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਪੂਰੇ ਪੰਜਾਬ ਵਿਚ ਇਕ ਹਜ਼ਾਰ ਦੇ ਕਰੀਬ ਆਰਐਸਐਸ ਦੀਆਂ ਸ਼ਾਖਾਵਾਂ ਚੱਲ ਰਹੀਆਂ ਹਨ। 

ਆਰਐਸਐਸ ਸੂਤਰਾਂ ਅਨੁਸਾਰ ਉਨ੍ਹਾਂ ਦੁਆਰਾ ਹਰੇਕ ਸਵੇਰ ਵੱਖ-ਵੱਖ ਸਥਾਨਾਂ 'ਤੇ ਸ਼ਾਖਾਵਾਂ ਲਗਾਈਆਂ ਜਾਂਦੀਆਂ ਹਨ ਅਤੇ ਪਿਛਲੇ ਕੁੱਝ ਸਮੇਂ ਤੋਂ ਪੁਲਿਸ ਦੀ ਸੁਰੱਖਿਆ ਵਧੀ ਹੈ। ਐਸਐਸਪੀ ਬਟਾਲਾ ਨੇ ਇਸ ਸਬੰਧੀ ਦਸਿਆ ਕਿ ਇਸ ਤਰ੍ਹਾਂ ਦੇ ਅਲਰਟ ਆਉਣਾ ਰੂਟੀਨ ਦੀ ਗੱਲ ਹੈ ਪਰ ਇਸ ਦੇ ਬਾਵਜੂਦ ਜ਼ਿਲ੍ਹੇ ਵਿਚ ਚੱਲ ਰਹੀਆਂ ਸ਼ਾਖਾਵਾਂ ਨੂੰ ਲੋਂੜੀਂਦੀ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ।