ਅਮਿਤ ਸ਼ਾਹ ਨੇ ਹਲਫ਼ਨਾਮੇ ਵਿਚ ਦਿਤੀ ਗ਼ਲਤ ਜਾਣਕਾਰੀ, ਕਾਰਵਾਈ ਦਾ ਹੁਕਮ ਦੇਵੇ ਚੋਣ ਕਮਿਸ਼ਨ : ਕਾਂਗਰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੋਣਾਂ ਦੀ ਨਿਰਪੱਖਤਾ ਨਿਸ਼ਚਤ ਕਰਨ ਲਈ ਇਸ ਮਾਮਲੇ 'ਤੇ ਕਦਮ ਚੁੱਕਣੇ ਚਾਹੀਦੇ ਹਨ : ਮਨੀਸ਼ ਤਿਵਾੜੀ

Manish Tewari

ਨਵੀਂ ਦਿੱਲੀ : ਕਾਂਗਰਸ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ 'ਤੇ ਅਪਣੇ ਚੁਨਾਵੀ ਹਲਫ਼ਨਾਮੇ ਵਿਚ ਇਕ ਪਲਾਟ ਦੀ ਕੀਮਤ ਸਬੰਧੀ ਗ਼ਲਤ ਜਾਣਕਾਰੀ ਦੇਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਚੋਣ ਕਮਿਸ਼ਨ ਨੂੰ ਇਸ ਦਾ ਵੇਰਵਾ ਲੈਂਦਿਆਂ ਗਾਂਧੀਨਗਰ ਦੇ ਚੋਣ ਅਧਿਕਾਰੀ ਨੂੰ ਕਾਰਵਾਈ ਦਾ ਹੁਕਮ ਦੇਣਾ ਚਾਹੀਦਾ ਹੈ। ਪਾਰਟੀ ਬੁਲਾਰੇ ਮਨੀਸ਼ ਤਿਵਾੜੀ ਨੇ ਇਹ ਵੀ ਕਿਹਾ ਕਿ ਚੋਣਾਂ ਦੀ ਨਿਰਪੱਖਤਾ ਨਿਸ਼ਚਤ ਕਰਨ ਲਈ ਇਸ ਮਾਮਲੇ 'ਤੇ ਕਦਮ ਚੁੱਕਣੇ ਚਾਹੀਦੇ ਹਨ।

ਤਿਵਾੜੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ''ਅਮਿਤ ਸ਼ਾਹ ਜੀ ਨੇ ਗਾਂਧੀ ਨਗਰ ਤੋਂ ਨਾਮਜ਼ਦਗੀ ਦਾਖ਼ਲ ਕੀਤੀ। ਸ਼ਾਹ ਨੇ ਜੋ ਹਲਫ਼ਨਾਮਾ ਦਾਖ਼ਲ ਕੀਤਾ ਹੈ ਉਸ ਅਨੁਸਾਰ ਉਨ੍ਹਾਂ ਦੀ ਜਾਇਦਾਦ ਵਿਚ ਤਿੰਨ ਸੌ ਫ਼ੀ ਸਦੀ ਦਾ ਵਾਧਾ ਹੋਇਆ ਹੈ। '' ਉਨ੍ਹਾਂ ਦਾਅਵਾ ਕੀਤਾ, ''ਸ਼ਾਹ ਨੇ ਗਾਂਧੀਨਗਰ ਵਿਚ ਇਕ ਪਲਾਟ ਹੋਣ ਦਾ ਜ਼ਿਕਰ ਕੀਤਾ ਹੈ। ਗੁਜਰਾਤ ਸਰਕਾਰ ਦੇ ਨਿਯਮਾਂ ਅਨੁਸਾਰ ਇਸ ਪਲਾਟ ਦਾ ਮੁੱਲ 66 ਲੱਖ ਰੁਪਏ ਤੋਂ ਜ਼ਿਆਦਾ ਹੈ ਜਦਕਿ ਉਨ੍ਹਾਂ ਨੇ ਇਸ ਦੀ ਕੀਮਤ 25 ਲੱਖ ਰੁਪਏ ਦੱਸੀ ਹੈ।''

ਉਨ੍ਹਾਂ ਕਿਹਾ ਕਿ ਕਾਨੂੰਨ ਮੁਤਾਬਕ ਕੋਈ ਵੀ ਉਮੀਦਵਾਰ ਗ਼ਲਤ ਜਾਣਕਾਰੀ ਨਹੀਂ ਦੇ ਸਕਦਾ, ਜਦਕਿ ਸ਼ਾਹ ਦੇ ਹਲਫ਼ਨਾਮੇ ਵਿਚ ਗ਼ਲਤ ਜਾਣਕਾਰੀ ਦਿਤੀ ਗਈ ਹੈ ਤਿਵਾੜੀ ਨੇ ਕਿਹਾ, ''ਚੋਣ ਕਮਿਸ਼ਨ ਇਸ ਦੀ ਜਾਂਚ ਕਰੇ ਅਤੇ ਗਾਂਧੀ ਨਗਰ ਦੇ ਚੋਣ ਅਧਿਕਾਰੀ ਨੂੰ ਕਾਨੂੰਨ ਅਨੁਸਾਰ ਕਾਰਵਾਈ ਕਰਨ ਦਾ ਹੁਕਮ ਦੇਵੇ।'' ਉਨ੍ਹਾਂ ਕਿਹਾ ਕਿ ਇਹ ਇਕ ਗੰਭੀਰ ਵਿਸ਼ਾ ਹੈ। ਅਜਿਹਾ ਲਗਦਾ ਹੈ ਕਿ ਸਿਰਫ਼ ਭਾਜਪਾ ਦੇ ਅੱਛੇ ਦਿਨ ਆਏ ਹਨ। ਕਾਂਗਰਸ ਦੇ ਇਸ ਦੋਸ਼ 'ਤੇ ਫ਼ਿਲਹਾਲ ਭਾਜਪਾ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। (ਪੀਟੀਆਈ)