ਨੈਸ਼ਨਲ ਗਰੀਨ ਕਰੋਪਸ ਪ੍ਰੋਗਰਾਮ ਚਲਾਉਣ ਲਈ 2200 ਸਰਕਾਰੀ ਸਕੂਲਾਂ ਦੀ ਚੋਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੰਗਲਾ ਦੇ ਨਿਰਦੇਸ਼ਾਂ ’ਤੇ ਸਕੂਲਾਂ ਨੂੰ ਰਾਸ਼ੀ ਭੇਜਣ ਦਾ ਫੈਸਲਾ

2200 government schools selected for National Green Crops Program

ਚੰਡੀਗੜ - ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ਾਂ ’ਤੇ ਸਰਕਾਰੀ ਸਕੂਲਾਂ ਵਿੱਚ ਨੈਸ਼ਨਲ ਗਰੀਨ ਕਰੋਪਸ ਪ੍ਰੋਗਰਾਮ ਚਲਾਉਣ ਲਈ ਸਕੂਲ ਸਿੱਖਿਆ ਵਿਭਾਗ ਨੇ ਇੱਕ ਕਰੋੜ ਤੋਂ ਵੱਧ ਦੀ ਰਾਸ਼ੀ ਜਾਰੀ ਕਰਨ ਦਾ ਫੈਸਲਾ ਕਰ ਲਿਆ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਏਥੇ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਨੈਸ਼ਨਲ ਗਰੀਨ ਕਰੋਪਸ ਪ੍ਰੋਗਰਾਮ 2020-21 ਨੂੰ ਲਾਗੂ ਕਰਨ ਲਈ ਸੂਬੇ ਭਰ ਦੇ 2200 ਸਰਕਾਰੀ ਸਕੂਲਾਂ ਦੀ ਚੋਣ ਕੀਤੀ ਗਈ ਹੈ ਅਤੇ ਹਰੇਕ ਜ਼ਿਲੇ ਵਿੱਚੋਂ 100 ਸਕੂਲ ਲਏ ਗਏ ਹਨ।

ਇਨਾਂ ਸਕੂਲਾਂ ਨੂੰ ਇੱਕ ਕਰੋੜ, 15 ਲੱਖ ਅਤੇ 50 ਹਜ਼ਾਰ ਰੁਪਏ ਦੀ ਰਾਸ਼ੀ ਭੇਜੀ ਜਾ ਰਹੀ ਹੈ। ਇਸ ਰਾਸ਼ੀ ਵਿੱਚੋਂ ਹਰੇਕ ਈਕੋ ਕਲੱਬ ਲਈ 5000 ਰੁਪਏ ਦੀ ਵਿਵਸਥਾ ਕੀਤੀ ਗਈ ਹੈ ਜਦਕਿ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਤੇ ਨਿਗਰਾਣੀ ਰੱਖਣ ਲਈ  25,000 ਰੁਪਏ ਪ੍ਰਤੀ ਜ਼ਿਲਾ ਦਿੱਤੇ ਗਏ ਹਨ। ਬੁਲਾਰੇ ਅਨੁਸਾਰ ਇਸ ਪ੍ਰੋਗਰਾਮ ਦੇ ਹੇਠ ਵਾਤਾਵਰਣ ਸੁਰੱਖਿਆ ਅਤੇ ਸੰਭਾਲ ਦੇ ਨਾਲ ਨਾਲ ਸੋਲਿਡ ਰਹਿੰਦ-ਖੂੰਹਦ ਦੇ ਪ੍ਰਬੰਧਨ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਵੇਗੀ।

ਸਕੂਲਾਂ ਵਿੱਚ ਵਿਸ਼ਵ ਵਾਤਾਵਰਣ ਦਿਵਸ, ਵਿਸ਼ਵ ਵੈੱਟਲੈਂਡ ਦਿਵਸ, ਧਰਤ ਦਿਵਸ ਆਦਿ ਵਰਗੇ ਮਹੱਤਵਪੂਰਨ ਵਾਤਾਵਰਣ ਦਿਵਸ ਮਨਾਏ ਜਾਣਗੇ। ਇਸ ਦੌਰਾਨ ਇਨਾਂ ਦਿਵਸਾਂ ਨਾਲ ਸਬੰਧਿਤ ਸਲੋਗਨ, ਡਰਾਇੰਗ ਅਤੇ ਪੋਸਟਰ ਮੁਕਾਬਲੇ ਕਰਵਾਏ ਜਾਣਗੇ ਅਤੇ ਵਿਦਿਆਰਥੀ ‘ਪ੍ਰਕਿਰਤੀ ਖੋਜ’ ਹੇਠ ਕੁਵਿਜ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਇਸ ਪ੍ਰੋਗਰਾਮ ਦੇ ਹੇਠ ਸਕੂਲਾਂ ਅਤੇ ਹੋਰਨਾਂ ਥਾਵਾਂ ’ਤੇ ਪੌਦੇ ਲਉਣ ਦੇ ਨਾਲ ਨਾਲ ਸਫਾਈ ਮੁਹਿੰਮ ਵੀ ਚਲਾਈ ਜਾਵੇਗੀ।