ਸਕੂਲ ਖੁਲਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਨੇ ਇਹਨਾਂ ਸਕੂਲਾਂ 'ਚ ਸਿੱਖਿਆ ਲੈ ਰਹੇ ਵਿਦਿਆਰਥੀਆਂ ਦੇ ਭਵਿੱਖ ਤੇ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ।

School Closed

ਚੰਡੀਗੜ੍ਹ - ਕੋਰੋਨਾ ਦੀ ਆੜ 'ਚ ਕੀਤੀ ਸਕੂਲਬੰਦੀ ਦੇ ਖਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰੇਲਵੇ ਮਾਲ ਗੁਦਾਮ ਤੋਂ ਲੈ ਕੇ ਬੱਸ ਅੱਡਾ, ਮਾਨਸਾ ਸ਼ਹਿਰ ਵਿਚ ਪੰਜਾਬ ਸਰਕਾਰ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਅਤੇ ਡੀ ਸੀ ਮਾਨਸਾ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤਾ। ਬੰਦ ਪਏ ਸਕੂਲਾਂ ਨੂੰ ਖੁਲਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦਿੱਤਾ ਹੈ।

ਮੰਗ ਪੱਤਰ ਸੌਂਪਣ ਤੋਂ ਪਹਿਲਾਂ ਮੁਜ਼ਾਹਰਾ ਕਰ ਰਹੇ ਹਜ਼ਾਰਾਂ ਕਿਸਾਨਾਂ ਅਤੇ ਸਕੂਲ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ ਨੂੰ ਆਗੂਆਂ ਨੇ ਕਿਹਾ ਕਿ ਸਰਕਾਰ ਪਿਛਲੇ ਇੱਕ ਸਾਲ ਤੋਂ ਲਗਾਤਾਰ ਕੋਰੋਨਾ ਦੇ ਘੁੰਡ ਹੇਠ ਸਕੂਲ ਬੰਦੀ ਕਰਦੀ ਆ ਰਹੀ ਹੈ ਜਿਸ ਨਾਲ ਵਿਦਿਆਰਥੀਆਂ ਦਾ ਪੜ੍ਹਾਈ ਪੱਖੋਂ ਬਹੁਤ ਨੁਕਸਾਨ ਹੋ ਰਿਹਾ ਹੈ,ਉਹਨਾਂ ਕਿਹਾ ਕਿ ਸਕੂਲ ਬੰਦ ਹੋਣ ਦੇ ਬਾਵਜੂਦ ਪ੍ਰਾਈਵੇਟ ਸਕੂਲ ਮਾਲਕਾਂ ਵੱਲੋਂ ਫ਼ੀਸਾਂ ਭਰਾ ਲਈਆਂ ਜਾਂਦੀਆਂ ਹਨ ਪਰ ਬੱਚੇ ਘਰਾਂ ਵਿਚ ਬੈਠ ਹਨ।

ਇਸੇ ਤਰ੍ਹਾਂ ਸਰਕਾਰੀ ਸਕੂਲ ਜਿੰਨਾਂ ਦਾ ਹਾਲ ਪਹਿਲਾਂ ਹੀ ਬਹੁਤ ਬੁਰਾ ਹੈ। ਪੰਜਾਬ ਸਰਕਾਰ ਨੇ ਇਹਨਾਂ ਸਕੂਲਾਂ 'ਚ ਸਿੱਖਿਆ ਲੈ ਰਹੇ ਵਿਦਿਆਰਥੀਆਂ ਦੇ ਭਵਿੱਖ ਤੇ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਇਸ ਮੌਕੇ ਆਪਣੇ ਵਿਚਾਰ ਰੱਖਦਿਆਂ ਜ਼ਿਲ੍ਹਾ ਸਕੱਤਰ ਇੰਦਰਜੀਤ ਝੱਬਰ ਨੇ ਕਿਹਾ ਕਿ ਦੇਸ਼ ਦੀ ਸਿੱਖਿਆ ਪ੍ਰਣਾਲੀ ਜਿਸ ਦਾ ਪਹਿਲਾਂ ਹੀ ਸਮੇਂ ਦੀਆਂ ਸਰਕਾਰਾਂ ਨੇ ਬੇੜਾ ਗਰਕ ਕਰ ਦਿੱਤਾ ਹੈ ਕਿਤੇ ਸਰਕਾਰੀ ਸਕੂਲ ਦੀਆਂ ਇਮਾਰਤਾਂ ਦਾ ਬੁਰਾ ਹਾਲ ਹੈ,ਕਿਤੇ ਇਮਾਰਤ ਹੈ ਤਾਂ ਅਧਿਆਪਕਾਂ ਦੀ ਗਿਣਤੀ ਪੂਰੀ ਨਹੀਂ ਹੈ

ਅਜਿਹੇ 'ਚ ਰਹਿੰਦੀ ਕਸਰ ਕੈਪਟਨ ਸਰਕਾਰ ਨੇ ਸਕੂਲਾਂ ਨੂੰ ਕਰੋਨਾ ਦੀ ਆੜ 'ਚ ਜਿੰਦਰੇ ਮਾਰ ਕੇ ਕੱਢ ਦਿੱਤੀ ਹੈ। ਵਿਦਿਆਰਥੀ ਸਮਾਜ ਦਾ ਭਵਿੱਖ ਹੁੰਦੇ ਹਨ ਤੇ ਸਰਕਾਰ ਦੁਆਰਾ ਵਿਦਿਆਰਥੀਆਂ ਅਪਣਾਈ ਜਾ ਰਹੀ ਇਸ ਘਟੀਆ ਪਹੁੰਚ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਸਰਕਾਰ ਆਪਣੇ ਇਸ ਫ਼ੈਸਲੇ ਨੂੰ ਵਾਪਸ ਨਹੀਂ ਲੈਂਦੀ ਤਾਂ ਸਮੂਹ ਮਾਪਿਆਂ ਨੂੰ ਨਾਲ ਲੈ ਕੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਤੋਂ ਗੁਰੇਜ ਨਹੀ ਕੀਤਾ ਜਾਵੇਗਾ।