ਦਿੱਲੀ ਹਾਈ ਕੋਰਟ ਨੇ ਸ਼ੋ੍ਰਮਣੀ ਅਕਾਲੀ ਦਲ ਨੂੰ  'ਬਾਲਟੀ' ਚੋਣ ਨਿਸ਼ਾਨ ਅਲਾਟ ਕਰਨ ਦੇ ਦਿਤੇ ਹੁਕਮ

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ ਹਾਈ ਕੋਰਟ ਨੇ ਸ਼ੋ੍ਰਮਣੀ ਅਕਾਲੀ ਦਲ ਨੂੰ  'ਬਾਲਟੀ' ਚੋਣ ਨਿਸ਼ਾਨ ਅਲਾਟ ਕਰਨ ਦੇ ਦਿਤੇ ਹੁਕਮ

image


ਗੁਰਦਵਾਰਾ ਚੋਣ ਡਾਇਰੈਕਟਰ ਨੇ ਅਕਾਲੀ ਦਲ ਬਾਦਲ ਨੂੰ  ਚੋਣ ਲੜਨ ਵਾਲੀਆਂ ਸੂਚੀ ਵਿਚੋਂ ਕਰ ਦਿਤਾ ਸੀ ਬਾਹਰ

ਨਵੀਂ ਦਿੱਲੀ, 31 ਮਾਰਚ (ਸੁਖਰਾਜ ਸਿੰਘ): ਦਿੱਲੀ ਦੇ ਗੁਰਦਵਾਰਾ ਚੋਣ ਡਾਇਰੈਕਟੋਰੇਟ ਵਲੋਂ ਅਕਾਲੀ ਦਲ ਨੂੰ  ਚੋਣ ਲੜਨ ਵਾਲੀਆਂ ਧਾਰਮਕ ਪਾਰਟੀਆਂ ਦੀ ਸੂਚੀ ਵਿਚ ਸ਼ਾਮਲ ਨਹੀਂ ਕੀਤਾ ਗਿਆ ਸੀ | ਜਾਰੀ ਲਿਸਟ ਵਿਚ ਕਰੀਬ ਅੱਧੀ ਦਰਜਨ ਪਾਰਟੀਆਂ ਨੂੰ  ਹੀ ਚੋਣ ਨਿਸ਼ਾਨ ਵੰਡੇ ਗਏ ਸਨ | ਅਕਾਲੀ ਦਲ ਬਾਦਲ ਵਲੋਂ ਡਾਇਰੈਕਟੋਰੇਟ ਦੇ ਫ਼ੈਸਲੇ ਨੂੰ  ਚੁਨੌਤੀ ਦਿਤੀ ਗਈ ਸੀ | ਹਾਈ ਕੋਰਟ ਵਲੋਂ ਅੱਜ ਅਕਾਲੀ ਦਲ ਨੂੰ  ਰਾਹਤ ਦਿਤੀ ਗਈ ਹੈ | ਦਿੱਲੀ ਗੁਰਦਵਾਰਾ ਕਮੇਟੀ ਦੀਆਂ ਚੋਣਾਂ ਸਬੰਧੀ ਦਿੱਲੀ ਹਾਈ ਕੋਰਟ ਦੇ ਜਸਟਿਸ ਵਿਪਨ ਸਾਂਗੀ ਅਤੇ ਜਸਟਿਸ ਰੇਖਾ ਪੱਲੀ ਦੇ ਦੋ ਮੈਂਬਰੀ ਬੈਂਚ ਨੇ ਸ਼੍ਰੋਮਣੀ ਅਕਾਲੀ ਦਲ ਨੂੰ  'ਬਾਲਟੀ' ਚੋਣ ਨਿਸ਼ਾਨ ਅਲਾਟ ਕਰਨ ਦੇ ਹੁਕਮ ਦਿਤੇ ਹਨ | ਅਕਾਲੀ ਦਲ ਵਲੋਂ ਵਕੀਲ ਹਰੀਸ਼ ਮਲਹੋਤਰਾ ਤੇ ਅਵਿਨਾਸ਼ ਮਿਸ਼ਰਾ ਨੇ ਅਦਾਲਤ ਵਿਚ ਦਲੀਲਾਂ ਪੇਸ਼ ਕੀਤੀਆਂ ਜਿਸ 'ਤੇ ਅਦਾਲਤ ਦਾ ਇਹ ਹੁਕਮ ਆਇਆ ਹੈ |
ਭੇਜੀ ਗਈ ਜਾਣਕਾਰੀ ਮੁਤਾਬਕ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਕਾਲਕਾ ਨੇ ਕਿਹਾ ਕਿ ਅਦਾਲਤ ਦਾ ਇਹ ਫ਼ੈਸਲਾ ਗੁਰੂ ਦੇ ਸੱਚੇ ਤਖ਼ਤ ਦੀ ਜਿੱਤ ਹੈ ਤੇ ਸਰਕਾਰ ਦੇ ਤਖ਼ਤਾਂ 'ਤੇ ਪੋਚੇ ਮਾਰਨ ਵਾਲਿਆਂ ਦੀ ਹਾਰ ਹੈ | ਉਨ੍ਹਾਂ ਕਿਹਾ ਕਿ ਅਸੀ ਵਾਰ-ਵਾਰ ਇਹ ਸਪਸ਼ਟ ਕਰ ਦਿਤਾ ਸੀ ਕਿ ਜੇਕਰ ਚੋਣਾਂ ਲੜਾਂਗੇ ਤਾਂ ਸਿਰਫ਼ ਗੁਰੂ ਦੇ ਲੰਗਰ ਵਾਲੀ 'ਬਾਲਟੀ' ਦੇ ਚੋਣ ਨਿਸ਼ਾਨ 'ਤੇ ਲੜਾਂਗੇ | 
ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਲਈ ਅਰਦਾਸਾਂ ਕਰਨ ਵਾਲੀਆਂ ਮਾਵਾਂ ਦਾ ਉਚੇਚੇ ਤੌਰ 'ਤੇ ਧਨਵਾਦ ਕੀਤਾ ਜਿਨ੍ਹਾਂ ਨੇ ਸਾਡੇ ਲਈ ਅਰਦਾਸਾਂ ਕੀਤੀਆਂ | ਉਨ੍ਹਾਂ ਕਿਹਾ ਕਿ ਅਸੀਂ ਅਦਾਲਤ ਵਿਚ ਉਦੋਂ ਹੈਰਾਨ ਰਹਿ ਗਏ ਜਦੋਂ ਸਰਕਾਰੀ ਵਕੀਲ ਵਾਰ-ਵਾਰ ਰੌਲਾ ਪਾ ਰਿਹਾ ਸੀ ਕਿ ਮੀਰੀ ਪੀਰੀ ਦਾ ਸਿਧਾਂਤ ਖ਼ਤਮ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਇਸ ਤੋਂ ਵੱਡੀ ਹੈਰਾਨੀ ਕਿ ਸਾਡੇ ਵਿਰੋਧੀ ਸਿੱਖ ਵਕੀਲ ਕਹਿ ਰਹੇ ਸਨ ਕਿ ਹਾਂ ਮੀਰੀ ਪੀਰੀ ਦਾ ਸਿਧਾਂਤ ਖ਼ਤਮ ਹੋਣਾ ਚਾਹੀਦਾ ਹੈ ਤੇ ਸਿਰਫ਼ ਧਾਰਮਕ ਮਾਮਲਾ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਮੀਰੀ ਪੀਰੀ ਦਾ ਸਿਧਾਂਤ ਨਹੀਂ ਹੋਣਾ ਚਾਹੀਦਾ, ਇਹ ਗੱਲ ਸਰਨਾ ਪਾਰਟੀ ਨੇ ਲਿਖ ਕੇ ਦਿਤੀ ਹੈ | ਉਨ੍ਹਾਂ ਕਿਹਾ ਕਿ ਦੂਜੇ ਪਾਸੇ ਅਸੀਂ ਸਪਸ਼ਟ ਕਿਹਾ ਸੀ ਕਿ ਇਕ ਚੋਣਾਂ ਜਿੱਤਣ ਵਾਸਤੇ ਅਸੀਂ ਕਦੇ ਵੀ ਗੁਰੂ ਸਾਹਿਬ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ  ਨਹੀਂ ਛੱਡ ਸਕਦੇ ਭਾਵੇਂ ਅਸੀਂ ਇਕੱਲੇ ਕਿਉਂ ਨਾ ਰਹਿ ਜਾਈਏ |
ਉਨ੍ਹਾਂ ਕਿਹਾ ਕਿ ਜਿਹੜੇ ਸਰਕਾਰੀ ਤਖ਼ਤਾਂ 'ਤੇ ਜਾ ਕੇ ਪੋਚੇ ਮਾਰਦੇ ਸੀ ਤੇ ਦਾਅਵੇ ਕਰਦੇ ਸੀ ਕਿ ਅਸੀਂ ਅਕਾਲੀ ਦਲ ਦਾ ਚੋਣ ਨਿਸ਼ਾਨ ਖ਼ਤਮ ਕਰਵਾ ਆਏ ਹਾਂ, ਇਹ ਉਨ੍ਹਾਂ ਦੀ ਹਾਰ ਹੋਈ ਹੈ |  ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਕਮੇਟੀ ਦੇ ਲੀਗਲ ਸੈੱਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਤੇ ਹੋਰ ਕਮੇਟੀ ਮੈਂਬਰ ਵੀ ਸਨ |