ਪੰਜਾਬ ਪੁਲਿਸ ਤੋਂ ਬਾਅਦ ਵਿਜੀਲੈਂਸ ਵਿਚ ਫੇਰਬਦਲ, ਆਸ਼ੀਸ਼ ਕਪੂਰ ਦੀ ਜਗ੍ਹਾ ਕੰਵਲਦੀਪ ਸਿੰਘ ਹੋਣਗੇ AIG
SSP ਪਰਮਪਾਲ ਸਿੰਘ ਦੀ ਥਾਂ ਦਲਜਿੰਦਰ ਸਿੰਘ ਢਿੱਲੋਂ ਅੰਮ੍ਰਿਤਸਰ ਵਿਜੀਲੈਂਸ ਰੇਂਜ ਦੇ SSP ਨਿਯੁਕਤ
ਚੰਡੀਗੜ੍ਹ - ਪੁਲਿਸ ਵਿਭਾਗ ਵਿਚ ਤਬਾਦਲਿਆਂ ਤੋਂ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਵਿਜੀਲੈਂਸ ਬਿਊਰੋ ਵਿਚ ਵੀ ਫੇਰਬਦਲ ਕਰ ਦਿੱਤਾ ਹੈ। ਪੰਜਾਬ ਵਿਜੀਲੈਂਸ ਬਿਊਰੋ ਦੇ ਸਹਾਇਕ ਇੰਸਪੈਕਟਰ ਜਨਰਲ ਅਤੇ ਅੰਮ੍ਰਿਤਸਰ ਰੇਂਜ ਦੇ ਐਸਐਸਪੀ ਨੂੰ ਬਦਲ ਦਿੱਤਾ ਗਿਆ ਹੈ। ਸੂਬਾ ਸਰਕਾਰ ਵੱਲੋਂ ਦਿੱਤੇ ਗਏ ਦੋ ਨਵੇਂ ਨਾਵਾਂ ਨੂੰ ਇਨ੍ਹਾਂ ਅਸਾਮੀਆਂ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਏਆਈਜੀ ਵਿਜੀਲੈਂਸ ਬਿਊਰੋ ਫਲਾਇੰਗ ਸਕੁਐਡ ਅਸ਼ੀਸ਼ ਕਪੂਰ ਦੀ ਥਾਂ ਹੁਣ ਕੰਵਲਦੀਪ ਸਿੰਘ ਨੂੰ ਲਾਇਆ ਗਿਆ ਹੈ। ਕੰਵਲਦੀਪ ਸਿੰਘ ਇਸ ਸਮੇਂ ਵਿਜੀਲੈਂਸ ਬਿਊਰੋ ਦੇ ਸੰਯੁਕਤ ਡਾਇਰੈਕਟਰ ਹਨ ਅਤੇ ਏਆਈਜੀ ਵਿਜੀਲੈਂਸ ਬਿਊਰੋ ਫਲਾਇੰਗ ਸਕੁਐਡ ਦਾ ਵਾਧੂ ਚਾਰਜ ਸੰਭਾਲਣਗੇ। ਇਸੇ ਤਰ੍ਹਾਂ ਐਸਐਸਪੀ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਦਲਜਿੰਦਰ ਸਿੰਘ ਢਿੱਲੋਂ ਨੂੰ ਹੁਣ ਪਰਮਪਾਲ ਸਿੰਘ ਦੀ ਥਾਂ ਅੰਮ੍ਰਿਤਸਰ ਵਿਜੀਲੈਂਸ ਰੇਂਜ ਦਾ ਐਸਐਸਪੀ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਸ ਅਹੁਦੇ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ।