ਚੋਰ ਮੋਰੀਆਂ ਬੰਦ ਕਰ ਕੇ ਪੀ.ਆਰ.ਟੀ.ਸੀ. ਨੂੰ ਬੁਲੰਦੀਆਂ ’ਤੇ ਪਹੁੰਚਾਇਆ ਜਾਵੇਗਾ : ਲਾਲਜੀਤ ਸਿੰਘ ਭੁੱਲਰ

ਏਜੰਸੀ

ਖ਼ਬਰਾਂ, ਪੰਜਾਬ

ਚੋਰ ਮੋਰੀਆਂ ਬੰਦ ਕਰ ਕੇ ਪੀ.ਆਰ.ਟੀ.ਸੀ. ਨੂੰ ਬੁਲੰਦੀਆਂ ’ਤੇ ਪਹੁੰਚਾਇਆ ਜਾਵੇਗਾ : ਲਾਲਜੀਤ ਸਿੰਘ ਭੁੱਲਰ

image

ਪਟਿਆਲਾ, 31 ਮਾਰਚ (ਦਲਜਿੰਦਰ ਸਿੰਘ) : ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਚੋਰ ਮੋਰੀਆਂ ਬੰਦ ਕਰਕੇ ਪੀ. ਆਰ. ਟੀ. ਸੀ. ਨੂੰ ਬੁਲੰਦੀਆਂ ’ਤੇ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਸਿੱਧੇ ਤੌਰ ’ਤੇ ਜੁੜੇ ਅਦਾਰੇ ਪੀ.ਆਰ.ਟੀ.ਸੀ. ’ਚ ਕਮੀਆਂ ਦੂਰ ਕਰ ਕੇ ਮੁਨਾਫ਼ੇ ਵਾਲਾ ਅਦਾਰਾ ਬਣਾਇਆ ਜਾਵੇਗਾ। ਸ. ਭੁੱਲਰ ਅੱਜ ਇਥੇ ਪੀ.ਆਰ.ਟੀ.ਸੀ. ਦੇ ਮੁੱਖ ਦਫ਼ਤਰ ਵਿਖੇ ਪ੍ਰਮੁੱਖ ਸਕੱਤਰ ਟਰਾਂਸਪੋਰਟ ਕੇ. ਸ਼ਿਵਾ ਪ੍ਰਸਾਦ, ਐਮ.ਡੀ. ਪੀ.ਆਰ. ਟੀ. ਸੀ. ਪ੍ਰਨੀਤ ਸ਼ੇਰਗਿੱਲ ਅਤੇ ਡਿਪੂ ਜਨਰਲ ਮੈਨੇਜਰਾਂ ਨਾਲ ਸਮੀਖਿਆ ਮੀਟਿੰਗ ਕਰਨ ਪੁੱਜੇ ਹੋਏ ਸਨ।
ਇਸ ਮੌਕੇ ਲਾਲਜੀਤ ਸਿੰਘ ਭੁੱਲਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਬਿਹਤਰ ਸਫ਼ਰ ਸਹੂਲਤਾਂ ਪ੍ਰਦਾਨ ਕਰਨੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀ ਮੁੱਢਲੀ ਤਰਜੀਹ ਹੈ, ਜਿਸ ਲਈ ਟ੍ਰਾਂਸਪੋਰਟ ਮਹਿਕਮੇ ’ਚ ਕਰਾਂਤੀਕਾਰੀ ਸੁਧਾਰ ਉਲੀਕੇ ਜਾ ਰਹੇ ਹਨ, ਜਿਨ੍ਹਾਂ ਨੂੰ ਲਾਗੂ ਕਰਨ ਲਈ ਪੀ.ਆਰ.ਟੀ.ਸੀ. ਸਮੇਤ ਟਰਾਂਸਪੋਰਟ ਮਹਿਕਮੇ ਦਾ ਹਰ ਅਧਿਕਾਰੀ ਤੇ ਕਰਮਚਾਰੀ ਸਹਿਯੋਗ ਕਰੇ। ਮੀਟਿੰਗ ਦੌਰਾਨ ਐਮ.ਡੀ. ਪੀ.ਆਰ.ਟੀ.ਸੀ. ਪ੍ਰਨੀਤ ਸ਼ੇਰਗਿੱਲ ਨੇ ਅਦਾਰੇ ਦੀ ਵਿਸਥਾਰਤ ਰੀਪੋਰਟ ਪੇਸ਼ ਕੀਤੀ, ਜਿਸ ’ਤੇ ਚਰਚਾ ਕਰਦਿਆਂ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਪੈਦਾ ਹੋਈਆਂ ਖਾਮੀਆਂ ਨੂੰ ਦੂਰ ਕੀਤਾ ਜਾਵੇਗਾ, ਜਿਸ ਲਈ ਸਮੂਹ ਪੀ.ਆਰ.ਟੀ.ਸੀ. ਅਧਿਕਾਰੀ ਤੇ ਕਰਮਚਾਰੀ ਇਮਾਨਦਾਰੀ, ਮਿਹਨਤ ਅਤੇ ਪੰਜਾਬ ਸਰਕਾਰ ਦੀ ਤਰਜੀਹ ਮੁਤਾਬਕ ਕੰਮ ਕਰਨਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਜਿਥੇ ਸੱਭ ਤੋਂ ਵਧੀਆ ਕੰਮ ਕਰਨ ਵਾਲੇ ਡਿਪੂ ਮੈਨੇਜਰਾਂ ਦਾ ਸਨਮਾਨ ਕੀਤਾ ਜਾਵੇਗਾ ਉਥੇ ਹੀ ਰਿਸ਼ਵਤਖੋਰੀ ਅਤੇ ਕੁਤਾਹੀ ਨਾਲ ਪੀ.ਆਰ.ਟੀ.ਸੀ. ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਬਖ਼ਸ਼ਿਆ ਵੀ ਨਹੀਂ ਜਾਵੇਗਾ, ਜਿਸ ਲਈ ਕੋਈ ਸਿਫ਼ਾਰਸ਼ ਨਹੀਂ ਚਲੇਗੀ।
ਉਨ੍ਹਾਂ ਕਿਹਾ ਕਿ ਨਾਜਾਇਜ਼ ਬਸਾਂ ਨੂੰ ਰੋਕਣ ਅਤੇ ਟ੍ਰਾਂਸਪੋਰਟ ਮਾਫ਼ੀਏ ਨੂੰ ਨੱਥ ਪਾਉਣ ਲਈ ਉਹ ਖ਼ੁਦ ਅਗਵਾਈ ਕਰਨਗੇ, ਜਿਸ ਲਈ ਹਰ ਮੁਲਾਜ਼ਮ ਸਹਿਯੋਗ ਕਰੇ। ਸ. ਭੁੱਲਰ ਨੇ ਬਸਾਂ ਦੇ ਤੇਲ ਚੋਰੀ ਰੋਕਣ ਲਈ ਹਰੇਕ ਬੱਸ ਤੋਂ ਨਿਰਧਾਰਤ ਮਾਈਲੇਜ ਲੈਣ ਦੀ ਵੀ ਹਦਾਇਤ ਕੀਤੀ ਅਤੇ ਨਾਲ ਹੀ ਵਿਦਿਆਰਥੀ ਪਾਸ ਬਿਨਾਂ ਖੱਜਲ-ਖੁਆਰੀ ਅਤੇ ਸਮਾਂਬੱਧ ਤਰੀਕੇ ਨਾਲ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਟਾਈਮ ਟੇਬਲ ’ਚ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ, ਸਰਕਾਰੀ ਬੱਸਾਂ ਸਮੇਤ ਵੱਡੇ ਟਰਾਂਸਪੋਰਟਰਾਂ ਅਤੇ ਛੋਟੇ ਟਰਾਂਸਪੋਰਟਰ ਲਈ ਬਰਾਬਰ ਸਮਾਂ ਵੰਡ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬੱਸਾਂ ਦੇ ਪਰਮਿਟ ਦੇਣ ਲਈ ਬੇਰੁਜ਼ਗਾਰਾਂ ਤੇ ਆਮ ਲੋਕਾਂ ਨੂੰ ਤਰਜੀਹ ਦਿਤੀ ਜਾਵੇ। 
ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ’ਚ ਕਿਸੇ ਅਫ਼ਸਰ ਤੋਂ ਕੋਈ ਵਗਾਰ ਨਹੀਂ ਲਈ ਜਾਵੇਗੀ ਇਸ ਲਈ ਪੰਜਾਬ ਨੂੰ ਮੁੜ ਤੋਂ ਰੰਗਲਾ ਬਣਾਉਣ ਲਈ ਸਰਕਾਰ ਦਾ ਸਾਥ ਦਿਤਾ ਜਾਵੇ ਤਾਕਿ ਲੋਕਾਂ ਵਲੋਂ ਸਰਕਾਰ ਉਪਰ ਪ੍ਰਗਟਾਇਆ ਵਿਸ਼ਵਾਸ ਬਹਾਲ ਰਹੇ। ਇਸ ਦੌਰਾਨ ਪੀ. ਆਰ. ਟੀ. ਸੀ. ਵਿਖੇ ਸ੍ਰ. ਲਾਲਜੀਤ ਸਿੰਘ ਭੁੱਲਰ ਨੇ ਕਾਨਫਰੰਸ ਹਾਲ ਦਾ ਉਦਘਾਟਨ ਕੀਤਾ। ਉਨ੍ਹਾਂ ਨੇ 25 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੀ ਸੌਂਪਦੇ ਹੋਏ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨ ਦਾ ਸੁਨੇਹਾ ਵੀ ਦਿਤਾ। ਪਹਿਲੀ ਵਾਰ ਪੀ. ਆਰ. ਟੀ. ਸੀ. ਦਫ਼ਤਰ ਪੁੱਜਣ ’ਤੇ ਅਦਾਰੇ ਵੱਲੋਂ ਐਮ. ਡੀ. ਪ੍ਰਨੀਤ ਸ਼ੇਰਗਿੱਲ ਨੇ ਸ. ਭੁੱਲਰ ਨੂੰ ਸਨਮਾਨਤ ਵੀ ਕੀਤਾ।
ਇਸ ਤੋਂ ਪਹਿਲਾਂ ਸਰਕਟ ਹਾਊਸ ਵਿਖੇ ਸਮਾਣਾ ਤੋਂ ਵਿਧਾਇਕ ਸ੍ਰ. ਚੇਤਨ ਸਿੰਘ ਜੌੜੇਮਾਜਰਾ, ਘਨੌਰ ਤੋਂ ਵਿਧਾਇਕ ਗੁਰਲਾਲ ਘਨੌਰ, ਨਾਭਾ ਦੇ ਵਿਧਾਇਕ ਸ੍ਰ. ਗੁਰਦੇਵ ਸਿੰਘ ਦੇਵ ਮਾਨ ਸਮੇਤ ਡਿਪਟੀ ਕਮਿਸ਼ਨਰ ਸੰਦੀਪ ਹੰਸ, ਐਸ. ਐਸ. ਪੀ. ਡਾ. ਸੰਦੀਪ ਗਰਗ, ਐਸ. ਡੀ. ਐਮ. ਚਰਨਜੀਤ ਸਿੰਘ, ਐਸ. ਪੀ. ਸਿਟੀ ਹਰਪਾਲ ਸਿੰਘ ਨੇ ਟਰਾਂਸਪੋਰਟ ਮੰਤਰੀ ਸ. ਭੁੱਲਰ ਦਾ ਪਟਿਆਲਾ ਪੁੱਜਣ ’ਤੇ ਸਵਾਗਤ ਕੀਤਾ। ਇਸ ਮੌਕੇ ਸ੍ਰ. ਭੁੱਲਰ ਨੂੰ ਗਾਰਡ ਆਫ਼ ਆਨਰ ਵੀ ਭੇਟ ਕੀਤਾ ਗਿਆ। 
ਪੀ. ਆਰ. ਟੀ. ਸੀ. ਵਿਖੇ ਮੀਟਿੰਗ ’ਚ ਮੰਤਰੀ ਭੁੱਲਰ ਦੇ ਓ. ਐਸ. ਡੀ. ਸੰਦੀਪ ਪੁਰੀ ਤੋਂ ਇਲਾਵਾ ਜੀ. ਐਮ. ਸੁਰਿੰਦਰ ਸਿੰਘ, ਮਨਿੰਦਰ ਸਿੰਘ ਸਿੱਧੂ, ਜਤਿੰਦਰ ਸਿੰਘ ਗਰੇਵਾਲ, ਬੁਢਲਾਡਾ ਤੇ ਕਪੂਰਥਲਾ ਡਿਪੂਆਂ ਦੇ ਜੀ. ਐਮਜ. ਪ੍ਰਵੀਨ ਕੁਮਾਰ, ਅਮਰਵੀਰ ਟਿਵਾਣਾ ਤੇ ਡੀ. ਸੀ. ਐਫ. ਏ. ਪ੍ਰੇਮ ਲਾਲ ਵੀ ਮੌਜੂਦ ਸਨ।
ਫੋਟੋ ਨੰ 31ਪੀਏਟੀ. 19