ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲ ਦੇਣ ਲਈ ਧਰਨਾ

ਏਜੰਸੀ

ਖ਼ਬਰਾਂ, ਪੰਜਾਬ

ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲ ਦੇਣ ਲਈ ਧਰਨਾ

image

 

ਗਵਰਨਰ ਨੂੰ  ਸੌਂਪਿਆ ਮੰਗ ਪੱਤਰ
ਚੰਡੀਗੜ੍ਹ, 31 ਮਾਰਚ (ਬਠਲਾਣਾ) : ਪੰਜਾਬੀ ਭਾਸ਼ਾ ਪ੍ਰੇਮੀਆਂ ਨੇ ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨੂੰ  ਪਹਿਲੀ ਤੇ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਦਿਵਾਉਣ ਦੀ ਮੰਗ ਨੂੰ  ਲੈ ਕੇ 'ਚੰਡੀਗੜ੍ਹ ਪੰਜਾਬੀ ਮੰਚ' ਦੇ ਝੰਡੇ ਹੇਠ ਅੱਜ ਸੈਕਟਰ 20 ਸਥਿਤ ਮਸਜਿਦ ਗਰਾਉਂਡ ਦੇ ਕੋਲ ਪਾਰਕ ਵਿਚ ਵਿਸ਼ਾਲ ਰੋਸ ਧਰਨਾ ਦਿਤਾ | ਮੰਚ ਦੇ ਪ੍ਰਧਾਨ ਸੁਖਜੀਤ ਸਿੰਘ ਸੁੱਖਾ ਹੱਲੋਮਾਜਰਾ ਅਤੇ ਜਨਰਲ ਸਕੱਤਰ ਕਾਮਰੇਡ ਦੇਵੀ ਦਿਆਲ ਸ਼ਰਮਾ ਦੀ ਅਗਵਾਈ ਹੇਠ ਦਿਤੇ ਗਏ ਧਰਨੇ ਦੌਰਾਨ ਗਵਰਨਰ ਹਾਊਸ ਦਾ ਘਿਰਾਉ ਕਰਨ ਦਾ ਪ੍ਰੋਗਰਾਮ ਸੀ ਪ੍ਰੰਤੂ ਮੌਕੇ 'ਤੇ ਪਹੁੰਚੇ ਗਵਰਨਰ ਹਾਊਸ ਦੇ ਅਧਿਕਾਰੀਆਂ ਵਲੋਂ ਮੰਚ ਦੇ ਵਫ਼ਦ ਨੂੰ  ਗਵਰਨਰ ਹਾਊਸ ਲਿਜਾਇਆ ਗਿਆ ਜਿਥੇ ਕਿ ਉਨ੍ਹਾਂ ਨੇ ਅਧਿਕਾਰੀ ਨੂੰ  ਕੇਂਦਰੀ ਗ੍ਰਹਿ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ | ਧਰਨੇ ਵਿਚ ਸਮੂਹ ਗੁਰਦੁਆਰਾ ਪ੍ਰਬੰਧਕ ਸੰਗਠਨ, ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ, ਕੇਂਦਰੀ ਪੰਜਾਬੀ ਲੇਖਕ ਸਭਾ, ਵਿਦਿਆਰਥੀ ਜਥੇਬੰਦੀਆਂ, ਸਾਹਿਤ ਵਿਗਿਆਨ ਕੇਂਦਰ, ਪੰਜਾਬੀ ਲੇਖਕ ਸਭਾ ਚੰਡੀਗੜ੍ਹ ਅਤੇ ਸੀ.ਟੀ.ਯੂ. ਕਾਮਿਆਂ ਨੇ ਵੀ ਭਾਗ ਲਿਆ |
ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਦੇ ਪੁਨਰਗਠਨ ਵੇਲੇ ਤਕ ਯਾਨੀ 01-11-1996 ਤਕ ਚੰਡੀਗੜ੍ਹ ਦੇ ਲੋਕਾਂ ਦੀ ਪਹਿਲੀ, ਪ੍ਰਸ਼ਾਸਕੀ ਤੇ ਦਫ਼ਤਰੀ ਕੰਮਕਾਰ ਦੀ ਭਾਸ਼ਾ ਪੰਜਾਬੀ ਸੀ | ਜਿਵੇਂ-ਜਿਵੇਂ ਇਥੇ ਬਾਹਰੋਂ ਅਫ਼ਸਰ ਆਉਂਦੇ ਗਏ ਉਨ੍ਹਾਂ ਨੇ ਬਗ਼ੈਰ ਕਿਸੇ ਫ਼ੈਸਲੇ ਤੋਂ ਇਕ ਗਿਣੀ-ਮਿਥੀ ਸਾਜ਼ਸ਼ ਰਾਹੀਂ ਪੰਜਾਬੀ ਨੂੰ  ਬਦਲ ਕੇ ਇਥੋਂ ਦੇ ਲੋਕਾਂ 'ਤੇ ਅੰਗਰੇਜ਼ੀ ਭਾਸ਼ਾ ਥੋਪ ਦਿਤੀ | ਚੰਡੀਗੜ੍ਹ ਪੰਜਾਬੀ ਮੰਚ ਦੇ ਝੰਡੇ ਹਠੇ ਅਨੇਕਾਂ ਸੰਘਰਸ਼ ਲੜੇ ਗਏ ਹਨ | ਅਨੇਕਾਂ ਧਰਨੇ, ਭੁੱਖ-ਹੜਤਾਲਾਂ ਅਤੇ ਕਈ ਵਾਰ ਗਿ੍ਫ਼ਤਾਰੀਆਂ ਵੀ ਦਿਤੀਆਂ ਗਈਆਂ ਪ੍ਰੰਤੂ ਪ੍ਰਸ਼ਾਸਨ ਟਸ ਤੋਂ ਮਸ ਨਹੀਂ ਹੋ ਰਿਹਾ ਹੈ |
ਬੁਲਾਰਿਆਂ ਨੇ ਕਿਹਾ ਕਿ 'ਚੰਡੀਗਡ੍ਹ ਪੰਜਾਬੀ ਮੰਚ' ਕਿਸੇ ਵੀ ਭਾਸ਼ਾ ਦੇ ਵਿਰੁਧ ਨਹੀਂ ਹੈ ਪ੍ਰੰਤੂ ਅਪਣੀ ਮਾਂ-ਬੋਲੀ ਪੰਜਾਬੀ ਭਾਸ਼ਾ ਦੀ ਕੀਮਤ 'ਤੇ ਕੋਈ ਵੀ ਭਾਸ਼ਾ ਸਵੀਕਾਰ ਨਹੀਂ ਹੈ | ਬੁਲਾਰਿਆਂ ਨੇ ਚਿਤਾਵਨੀ ਦਿਤੀ ਕਿ ਜਦੋਂ ਪੂਰੇ ਦੇਸ਼ ਵਿਚ ਇਕ ਵੀ ਸੂਬੇ ਦੀ ਦਫ਼ਤਰੀ ਭਾਸ਼ਾ  ਅੰਗਰੇਜ਼ੀ ਨਹੀਂ ਹੈ ਅਤੇ ਨਾ ਹੀ ਕਿਸੇ ਕੇਂਦਰ ਸਾਸ਼ਤ ਪ੍ਰਦੇਸ਼ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਹੈ | ਫਿਰ ਕਿਉਂ ਸਿਰਫ਼ ਚੰਡੀਗੜ੍ਹ ਵਿਚ ਇਸ ਨੂੰ  ਲਾਗੂ ਕੀਤਾ ਗਿਆ ਹੈ ਜਦੋਂਕਿ ਚੰਡੀਗੜ੍ਹ ਵਿਚ ਵਸਦੇ ਲੱਗਭਗ 13 ਲੱਖ ਲੋਕਾਂ ਵਿਚੋਂ ਇਕ ਦੀ ਵੀ ਮਾਂ-ਬੋਲੀ ਅੰਗਰੇਜ਼ੀ ਭਾਸ਼ਾ ਨਹੀਂ ਹੈ |
ਚੰਡੀਗੜ੍ਹ ਦੇ ਲੋਕਾਂ ਨੇ ਇਹ ਪ੍ਰਣ ਕੀਤਾ ਹੈ ਕਿ ਪੰਜਾਬੀ ਭਾਸ਼ਾ ਦਾ ਮੁੱਦਾ ਉਨ੍ਹਾਂ ਦੇ ਜੀਵਨ, ਮਾਨ-ਸਨਮਾਨ, ਇੱਜ਼ਤ ਅਤੇ ਭਵਿੱਖ ਨਾਲ ਜੁੜਿਆ ਮੁੱਦਾ ਹੈ | ਇਸ ਲਈ ਉਨ੍ਹਾਂ ਦਾ ਫ਼ੈਸਲਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ  ਹੋਰ ਵਿਸ਼ਾਲ ਤੇ ਤੇਜ਼ ਕੀਤਾ ਜਾਵੇਗਾ ਅਤੇ ਸਰਕਾਰ ਨੂੰ  ਮਜ਼ਬੂਰ ਕਰ ਦਿਤਾ ਜਾਵੇਗਾ ਕਿ ਉਹ ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨੂੰ  ਪਹਿਲੀ, ਪ੍ਰਸ਼ਾਸਕੀ ਅਤੇ ਦਫ਼ਤਰੀ ਭਾਸ਼ਾ ਦਾ ਦਰਜਾ ਦੇਣ |
ਧਰਨੇ ਵਿਚ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਦੇ ਪ੍ਰਧਾਨ ਨੰਬਰਦਾਰ ਦਲਜੀਤ ਸਿੰਘ ਪਲਸੌਰਾ, ਗੁਰਪ੍ਰੀਤ ਸਿੰਘ ਸੋਮਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਦੀਪ ਸਿੰਘ ਬੁਟੇਰਲਾ, ਦੀਪਕ ਚਨਾਰਥਲ, ਗੁਰਨਾਮ ਸਿੰਘ ਸਿੱਧੂ, ਬਾਬਾ ਸਾਧੂ ਸਿੰਘ ਸਾਰੰਗਪੁਰ, ਤਾਰਾ ਸਿੰਘ, ਬਾਬਾ ਗੁਰਦਿਆਲ ਸਿੰਘ, ਸ਼ਰਨਜੀਤ ਸਿੰਘ ਬੈਦਵਾਨ ਰਾਏਪੁਰ ਕਲਾਂ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਡਾ. ਜੋਗਾ ਸਿੰਘ, ਮੀਤ ਪ੍ਰਧਾਨ ਕਰਮ ਸਿੰਘ ਵਕੀਲ, ਕਾਰਜਕਾਰਨੀ ਮੈਂਬਰ ਗੁਰਨਾਮ ਕੰਵਰ, ਕਿਸਾਨ ਆਗੂ ਬਲਦੇਵ ਸਿੰਘ ਸਿਰਸਾ, ਸਿਰੀ ਰਾਮ ਅਰਸ਼ ਆਦਿ ਸ਼ਾਮਲ ਹੋਏ | ਮੰਚ ਸੰਚਾਲਕ ਦੀ ਭੂਮਿਕਾ ਗੁਰਪ੍ਰੀਤ ਸਿੰਘ ਸੋਮਲ ਨੇ ਨਿਭਾਈ | ਅੰਤ ਵਿਚ ਪ੍ਰਧਾਨ ਸੁਖਜੀਤ ਸਿੰਘ ਸੁੱਖਾ ਵਲੋਂ ਸਾਰਿਆਂ ਦਾ ਧਨਵਾਦ ਕੀਤਾ ਗਿਆ |    ਫੋਟੋ ਸੰਤੋਖ ਸਿੰਘ