ਅਮਰੀਕੀ ਕਾਂਗਰਸ (ਪਾਰਲੀਮੈਂਟ) ਵਿਚ 14 ਅਪ੍ਰੈਲ ਨੂੰ 'ਰਾਸ਼ਟਰੀ ਸਿੱਖ ਦਿਵਸ' ਕਰਾਰ ਦੇਣ ਲਈ ਮਤਾ ਪੇਸ਼

ਏਜੰਸੀ

ਖ਼ਬਰਾਂ, ਪੰਜਾਬ

ਅਮਰੀਕੀ ਕਾਂਗਰਸ (ਪਾਰਲੀਮੈਂਟ) ਵਿਚ 14 ਅਪ੍ਰੈਲ ਨੂੰ 'ਰਾਸ਼ਟਰੀ ਸਿੱਖ ਦਿਵਸ' ਕਰਾਰ ਦੇਣ ਲਈ ਮਤਾ ਪੇਸ਼

image

 

ਸਿੱਖਾਂ ਵਲੋਂ ਅਮਰੀਕਾ ਦੇ ਵਿਕਾਸ ਵਿਚ ਪਾਏ ਵੱਡੇ ਹਿੱਸੇ ਦਾ ਜ਼ਿਕਰ ਕੀਤਾ

ਵਾਸ਼ਿੰਗਟਨ, 31 ਮਾਰਚ : ਅਮਰੀਕੀ ਕਾਂਗਰਸ ਵਿਚ ਕਈ ਮਰਦ ਅਤੇ ਇਸਤਰੀ ਮੈਂਬਰਾਂ ਨੇ ਇਕ ਮਤਾ ਪੇਸ਼ ਕਰ ਕੇ ਮੰਗ ਕੀਤੀ ਹੈ ਕਿ ਖ਼ਾਲਸੇ ਦੇ ਜਨਮ ਦਿਵਸ ਵਿਸਾਖੀ (14 ਅਪ੍ਰੈਲ) ਨੂੰ  'ਨੈਸ਼ਨਲ ਸਿੱਖ ਦਿਵਸ' ਘੋਸ਼ਿਤ ਕਰ ਦਿਤਾ ਜਾਵੇ | ਇਸ ਗੱਲ ਦੀ ਸੂਚਨਾ ਅਮਰੀਕਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦਿਤੀ | ਅਮਰੀਕਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਸ: ਪਿ੍ਤਪਾਲ ਸਿੰਘ ਨੇ ਦਸਿਆ ਕਿ ਮਤਾ ਪੇਸ਼ ਕਰਨ ਵਾਲੇ ਅਮਰੀਕੀ ਕਾਂਗਰਸ ਦੇ ਮੈਂਬਰਾਂ ਵਿਚ 'ਕਾਕਸ' ਦੇ ਮੈਂਬਰ ਵੀ ਸ਼ਾਮਲ ਹਨ | ਉਨ੍ਹਾਂ ਨੇ ਮਤਾ ਨੰਬਰ 1007, ਹਾਊਸ ਵਿਚ ਮਾਰਚ 28 ਨੂੰ  ਪੇਸ਼ ਕੀਤਾ |
ਮਤੇ ਵਿਚ ਸਿੱਖ ਕੌਮ ਦੇ ਯੋਗਦਾਨ ਨੂੰ  ਪ੍ਰਵਾਨ ਕੀਤਾ ਗਿਆ ਹੈ ਜੋ ਪੰਜਾਬ ਵਿਚੋਂ ਉਠ ਕੇ 100 ਸਾਲ ਪਹਿਲਾਂ ਅਮਰੀਕਾ ਵਿਚ ਦਾਖ਼ਲ ਹੋਏ | ਇਸ ਵਿਚ ਕਿਹਾ ਗਿਆ ਹੈ ਕਿ ਸਿੱਖ ਕੌਮ ਨੇ ਅਮਰੀਕਾ ਦੇ ਵਿਕਾਸ ਵਿਚ ਮਹੱਤਵਪੂਰਨ ਹਿੱਸਾ ਪਾਇਆ ਹੈ ਅਤੇ ਸਿੱਖ ਧਰਮ ਦੁਨੀਆਂ ਦੇ 5 ਵੱਡੇ ਧਰਮਾਂ ਵਿਚ ਗਿਣਿਆ ਜਾਂਦਾ ਹੈ ਜਿਸ ਨੂੰ  3 ਕਰੋੜ ਦੇ ਕਰੀਬ ਲੋਕ ਅਪਣਾ ਚੁਕੇ ਹਨ ਜਿਨ੍ਹਾਂ 'ਚੋਂ ਲਗਭਗ 10 ਲੱਖ ਸਿੱਖ, ਅਮਰੀਕਾ ਵਿਚ ਰਹਿੰਦੇ ਹਨ ਤੇ ਅਮਰੀਕਾ ਨੂੰ  ਅਪਣਾ ਘਰ ਮੰਨਦੇ ਹਨ |
ਕਾਂਗਰਸ (ਪਾਰਲੀਮੈਂਟ) ਦੀ ਮੈਂਬਰ ਮੇਰੀ ਗੇਅ ਸਕੈਨਲੇਨ ਮਤੇ ਦੀ ਮੁੱਖ ਪ੍ਰਵਰਤਕ ਹਨ ਅਤੇ ਉਨ੍ਹਾਂ ਦੇ ਸਾਥੀ ਸਪਾਂਸਰ ਡਾਰੇਨ ਬਾਸ, ਪਾਲ ਟੋਂਕੋ, ਬਰੀਆਨ ਕੇ ਫ਼ਿਟਜ਼ਪੈਟਰਿਕ, ਡੇਨੀਅਲ ਮਿਊਜ਼ਰ, ਐਰਿਕ ਸਵਾਲਵੈਲ, ਰਾਜਾ ਕਿ੍ਸ਼ਨਾਮੂਰਥੀ, ਡੋਨਲਡ ਨਾਹਕਰੋਸ, ਐਂਡੀ ਕਿਮ, ਜਾਹਨ ਗਾਰਾਮੇਂਡੀ, ਰਿਚਡਰ ਈ ਨਾਲ, ਬਰੈਂਡ ਐਫ਼ ਰੋਇਲ ਅਤੇ ਡੇਵਿਡ ਜੀ ਵਲਾਡਨ ਹਨ |
''ਇਸ ਨਾਲ ਨਾ ਕੇਵਲ ਸਿੱਖ ਧਰਮ, ਸਭਿਆਚਾਰ ਅਤੇ ਰਵਾਇਤਾਂ ਬਾਰੇ ਅਮਰੀਕਾ ਵਿਚ ਚੇਤਨਾ ਵਧੇਗੀ ਸਗੋਂ ਨਫ਼ਰਤੀ ਅਪ੍ਰਾਧਾਂ ਵਿਚ ਵੀ ਕਮੀ ਆਏਗੀ'' -ਇਹ ਕਹਿਣਾ ਸੀ ਅਮਰੀਕਨ ਗੁਰਦਵਾਰਾ ਕੇਮਟੀ ਦੇ ਕੋਆਰਡੀਨੇਟਰ ਦਾ |
ਅਮਰੀਕਨ ਸਿੱਖ ਕਾਕਸ ਦੇ ਐਗਜ਼ੇੈਕਟਿਵ ਡਾਇਰੈਕਟਰ ਦਾ ਕਹਿਣਾ ਸੀ, ''ਅਸੀਂ ਖ਼ੁਸ਼ ਹਾਂ ਕਿ ਅਮਰੀਕਾ ਇਸ ਦੇਸ਼ ਵਿਚ ਰਹਿੰਦੀਆਂ ਕੌਮੀਅਤਾ ਦੇ ਮਹੱਤਵ ਨੂੰ  ਤੇ ਉਨ੍ਹਾਂ ਵਲੋਂ ਅਮਰੀਕਾ ਦੇ ਵਿਕਾਸ ਵਿਚ ਪਾਏ ਹਿੱਸੇ ਨੂੰ  ਸਮਝਦਾ ਹੈ |''
ਸਿੱਖ ਵੈਸਾਖ ਮਹੀਨੇ ਦੇ ਪਹਿਲੇ ਦਿਨ ਵਿਸਾਖੀ ਦਾ ਤਿਉਹਾਰ ਮਨਾਉਂਦੇ ਹਨ ਜੋ  14 ਅਪ੍ਰੈਲ ਨੂੰ  ਆਉਂਦਾ ਹੈ | ਵਿਸਾਖੀ ਸਿੱਖਾਂ ਲਈ ਵਿਸ਼ੇਸ਼ ਮੌਕਾ ਹੁੰਦਾ ਹੈ ਜਦੋਂ ਉਹ 1699 ਦੀ ਵਿਸਾਖੀ ਵਾਲੇ ਦਿਨ 'ਸੰਤ ਸਿਪਾਹੀ' ਖ਼ਾਲਸਾ ਦੀ ਸਾਜਨਾ ਨੂੰ  ਯਾਦ ਕਰਦੇ ਹਨ | ਖ਼ਾਲਸਾ ਨੇ ਜ਼ੁਲਮ ਅਤੇ ਜਬਰ ਵਿਰੁਧ ਲੜ ਕੇ ਇਤਿਹਾਸ ਨੂੰ  ਇਕ ਵਿਸ਼ੇਸ਼ ਸਾਂਚੇ ਵਿਚ ਢਾਲਿਆ | ਇਸ ਲਈ ਮਤੇ ਅਨੁਸਾਰ, ਇਹ ਠੀਕ ਮੌਕਾ ਹੈ ਜਦ ਇਹ ਮਤਾ ਪਾਸ ਕੀਤਾ ਜਾਏ ਜਦ ਸਾਰੀ ਦੁਨੀਆਂ ਵਿਚ ਸਿੱਖ ਲੋਕ ਵਿਸਾਖੀ ਦਾ ਤਿਉਹਾਰ ਮਨਾ ਰਹੇ ਹਨ |    (ਏਜੰਸੀ)