ਪੰਜਾਬ ਦੇ ਹੱਕਾਂ ਲਈ ਜਿੱਥੇ ਤੱਕ ਵੀ ਜਾਣਾ ਪਿਆ ਅਸੀਂ ਜਾਵਾਂਗੇ- CM ਭਗਵੰਤ ਮਾਨ
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੇ 80% ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਕਰਵਾਇਆ ਤੇ ਹੁਣ ਉਸ ਆਜ਼ਾਦ ਦੇਸ਼ ਦਾ ਪ੍ਰਧਾਨ ਮੰਤਰੀ ਪੰਜਾਬ ’ਤੇ ਡਾਕੇ ਮਾਰ ਰਿਹਾ ਹੈ। ਸਭ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਚੰਡੀਗੜ੍ਹ ਪੰਜਾਬ ਨੂੰ ਤੁਰੰਤ ਦੇਣ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਦੌਰਾਨ ਕਾਂਗਰਸ, ਅਕਾਲੀ ਦਲ ਅਤੇ ਬਸਪਾ ਨੇ ਮਤੇ ਦਾ ਸਮਰਥਨ ਕੀਤਾ ਜਦਕਿ ਭਾਜਪਾ ਨੇ ਇਸ ਦਾ ਵਿਰੋਧ ਕਰਦਿਆਂ ਮਾਨ ਸਰਕਾਰ ਦੀ ਨੀਅਤ 'ਤੇ ਸਵਾਲ ਖੜ੍ਹੇ ਕੀਤੇ ਹਨ। ਮਤਾ ਪਾਸ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਨੂੰ ਬਚਾਉਣ ਲਈ ਸੰਸਦ ਦੇ ਅੰਦਰ ਅਤੇ ਬਾਹਰ ਲੜਨ ਲਈ ਤਿਆਰ ਹਨ।
Punjab CM Bhagwant Mann
ਇਸ ਸਬੰਧੀ ਉਹ ਜਲਦੀ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਸਮਾਂ ਲੈਣਗੇ। ਮੁੱਖ ਮੰਤਰੀ ਨੇ ਕਿਹਾ, “ਪੰਜਾਬ ਬਹੁਤ ਵਾਰ ਡਿੱਗਿਆ ਹੈ ਅਤੇ ਬਹੁਤ ਵਾਰੀ ਉੱਠਿਆ ਹੈ। ਜਿੰਨੇ ਲੋਕ ਦਿੱਲੀ ਜਿੱਤਣ ਆਉਂਦੇ ਸੀ ਉਹਨਾਂ ਦਾ ਮੁਕਾਬਲਾ ਪਹਿਲਾਂ ਸਾਡੇ ਬਜ਼ੁਰਗਾਂ ਨਾਲ ਹੀ ਹੁੰਦਾ ਸੀ। ਅਪਣੇ ਹੱਕਾਂ ਪ੍ਰਤੀ ਜਾਗਰੂਕਤਾ ਸਾਡੇ ਖੂਨ ਵਿਚ ਹੈ। ਸਾਡੇ ਹੱਕਾਂ ਉੱਤੇ ਕੁਹਾੜਾ ਚੱਲ ਰਿਹਾ ਹੈ। ਇਕ ਵਾਰ ਇਕੱਠੇ ਹੋ ਕੇ ਇਸ ਮਸਲੇ ਨੂੰ ਹੱਲ ਕਰ ਲਈਏ, ਫਿਰ ਬਾਕੀ ਮੁੱਦੇ ਹੱਲ ਕਰ ਲਵਾਂਗੇ”।
Punjab CM Bhagwant Mann
ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਪੰਜਾਬੀਆਂ ਨੇ 80% ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਕਰਵਾਇਆ ਤੇ ਹੁਣ ਉਸ ਆਜ਼ਾਦ ਦੇਸ਼ ਦਾ ਪ੍ਰਧਾਨ ਮੰਤਰੀ ਪੰਜਾਬ ’ਤੇ ਡਾਕੇ ਮਾਰ ਰਿਹਾ ਹੈ। ਸਭ ਤੋਂ ਵੱਧ ਸਾਡੇ ਫੌਜੀ ਮੁੰਡੇ ਸ਼ਹੀਦ ਹੁੰਦੇ ਹਨ। ਅੱਜ ਤੁਸੀਂ ਕਹਿ ਰਹੇ ਕਿ ਚੰਡੀਗੜ੍ਹ ਸਾਡਾ ਹੈ। BBMB ਸਾਨੂੰ ਦੇ ਦਿਓ। ਖੇਤੀਬਾੜੀ ਕਿਸਾਨਾਂ ਨੇ ਜਾਨਾਂ ਦੇ ਕੇ ਬਚਾਈ ਹੈ। ਸਾਡੇ ਕੋਲ ਕੀ ਰਹਿ ਗਿਆ?
Punjab CM Bhagwant Mann
ਉਹਨਾਂ ਕਿਹਾ ਕਿ ਕੇਂਦਰ ਵਲੋਂ ਕੀਤੇ ਜਾ ਰਹੇ ਧੱਕੇ ਦੀ ਅਸੀਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ। ਆਉਣ ਵਾਲੇ ਦਿਨਾਂ ਵਿਚ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਰਾਸ਼ਟਰਪਤੀ ਕੋਲੋਂ ਮੁਲਾਕਾਤ ਲਈ ਸਮਾਂ ਲਿਆ ਜਾਵੇਗਾ। ਜ਼ਬਰਦਸਤ ਤਰੀਕੇ ਨਾਲ ਪੰਜਾਬ ਦਾ ਪੱਖ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਦੀ ਹਰ ਤੀਜੀ ਕੰਧ 'ਤੇ ਲਿਖਿਆ ਕਿ ਵਿਦੇਸ਼ ਜਾਣ ਲਈ ਮਿਲੋ ਪਰ ਅਸੀਂ ਕਹਿੰਦੇ ਹਾਂ ਕਿ ਪੰਜਾਬ 'ਚ ਸੁਖੀ ਰਹਿਣ ਲਈ ਸਾਨੂੰ ਮਿਲੋ। ਅਸੀਂ ਪੰਜਾਬ ਨੂੰ ਦੇਸ਼ ਦਾ ਸਿਰਮੌਰ ਸੂਬਾ ਬਣਾਉਣਾ ਹੈ। ਇਸ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਵੀ ਕੀਤੀ।
PHOTO
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਦੀਆਂ ਅਹਿਮ ਗੱਲਾਂ
-ਚੰਡੀਗੜ੍ਹ ਦੇ ਮੁੱਦੇ 'ਤੇ ਵਿਧਾਨ ਸਭਾ 'ਚ ਮਤਾ ਕੀਤਾ ਗਿਆ ਪਾਸ
-ਕਾਂਗਰਸ ਅਤੇ ਅਕਾਲੀ ਦਲ ਨੇ ਕੀਤਾ ਸਮਰਥਨ
-ਦੁੱਖ ਦੀ ਗੱਲ ਹੈ ਕਿ BJP ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮਤੇ ਦਾ ਵਿਰੋਧ ਕੀਤਾ
-ਪੰਜਾਬ ਦੇ ਹੱਕਾਂ ਲਈ ਕੇਂਦਰ ਸਰਕਾਰ ਕੋਲ ਜਾਵਾਂਗੇ
-ਗੈਰ-ਭਾਜਪਾ ਸ਼ਾਸਤ ਸੂਬਿਆਂ ’ਤੇ ਕੀਤਾ ਜਾ ਰਿਹਾ ਅੱਤਿਆਚਾਰ
-ਪੰਜਾਬ ਦੇ ਹੱਕਾਂ ਲਈ ਜਿੱਥੇ ਤੱਕ ਵੀ ਜਾਣਾ ਪਿਆ ਅਸੀਂ ਜਾਵਾਂਗੇ
-BBMB ਨਿਯਮਾਂ ਵਿਚ ਸੋਧ ਖਿਲਾਫ਼ ਵੀ ਪਾਇਆ ਗਿਆ ਮਤਾ
-ਅਸੀਂ ਤਕੜੇ ਹੋ ਕੇ ਪੰਜਾਬ ਦੇ ਮੁੱਦਿਆਂ ਨੂੰ ਚੁੱਕਾਂਗੇ
-ਪੰਜਾਬ ਦੇ ਹੱਕਾਂ ’ਤੇ ਡਾਕਾ ਨਹੀਂ ਪੈਣ ਦੇਵਾਂਗੇ
Tweet
“ਸੂਰਬੀਰਾਂ ਦੀ ਧਰਤੀ ਪੰਜਾਬ ਦੇ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ”
ਇਸ ਮਗਰੋਂ ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਅੱਜ ਕੇਂਦਰ ਦੀਆਂ ਦਮਨਕਾਰੀ ਨੀਤੀਆਂ ਵਿਰੁੱਧ ਪੰਜਾਬ ਵਿਧਾਨ ਸਭਾ ਵਿਚ ਮਤਾ ਪਾਸ ਕੀਤਾ ਗਿਆ। ਚੰਡੀਗੜ੍ਹ ’ਤੇ ਪੰਜਾਬ ਦੇ ਬਣਦੇ ਹੱਕਾਂ ਲਈ ਹਰ ਪੱਧਰ 'ਤੇ ਆਵਾਜ਼ ਚੁੱਕੀ ਜਾਵੇਗੀ। ਦੇਸ਼ ਦੀ ਖ਼ਾਤਰ ਗੋਲ਼ੀ ਖਾਣ ਵਾਸਤੇ ਸਭ ਤੋਂ ਪਹਿਲਾਂ ਆਪਣਾ ਸੀਨਾ ਅੱਗੇ ਕਰਨ ਵਾਲ਼ੇ ਸੂਰਬੀਰਾਂ ਦੀ ਧਰਤੀ ਪੰਜਾਬ ਦੇ ਨਾਲ਼ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।