ਐਡਵੋਕੇਟ ਸਿੱਪੀ ਕਤਲ ਮਾਮਲਾ : 8 ਸਾਲ ਪੁਰਾਣੇ ਕੇਸ ਦੀ ਸੁਣਵਾਈ ਦੀ ਉਡੀਕ; ਚੀਫ਼ ਜਸਟਿਸ ਦੀ ਧੀ 'ਤੇ ਦੋਸ਼

ਏਜੰਸੀ

ਖ਼ਬਰਾਂ, ਪੰਜਾਬ

ਅਜਿਹੇ 'ਚ ਸੀਬੀਆਈ ਅਦਾਲਤ ਨੇ ਸੁਣਵਾਈ 6 ਮਈ ਲਈ ਟਾਲ ਦਿੱਤੀ ਹੈ।

photo

 

ਮੁਹਾਲੀ : ਪੰਜਾਬ ਦੇ ਮੁਹਾਲੀ ਦੇ ਰਹਿਣ ਵਾਲੇ 36 ਸਾਲਾ ਵਕੀਲ ਅਤੇ ਕੌਮੀ ਪੱਧਰ ਦੇ ਨਿਸ਼ਾਨੇਬਾਜ਼ ਸੁਖਮਨਪ੍ਰੀਤ ਸਿੰਘ ਉਰਫ਼ ਸਿੱਪੀ ਸਿੱਧੂ ਦੇ ਕਤਲ ਕੇਸ ਵਿੱਚ ਮੁਲਜ਼ਮ ਕਲਿਆਣੀ ਸਿੰਘ (36) ਖ਼ਿਲਾਫ਼ ਦੋਸ਼ ਆਇਦ ਕਰਨ ਦੀ ਕਾਰਵਾਈ ਮਈ ਤੱਕ ਟਾਲ ਦਿੱਤੀ ਗਈ ਹੈ। 

ਮਾਮਲੇ ਦੀ ਤਾਜ਼ਾ ਸੁਣਵਾਈ 'ਤੇ ਕਲਿਆਣੀ ਦੇ ਵਕੀਲ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੀ ਸੀਬੀਆਈ ਅਦਾਲਤ 'ਚ ਕਿਹਾ ਕਿ ਕਲਿਆਣੀ ਨੇ ਹਾਈਕੋਰਟ 'ਚ ਅਰਜ਼ੀ ਦਾਇਰ ਕਰ ਕੇ ਕੁਝ ਦਸਤਾਵੇਜ਼ਾਂ ਦੀ ਮੰਗ ਕੀਤੀ ਹੈ, ਜਿਸ 'ਤੇ 2 ਮਈ ਨੂੰ ਸੁਣਵਾਈ ਹੋਣੀ ਹੈ| ਅਜਿਹੇ 'ਚ ਸੀਬੀਆਈ ਅਦਾਲਤ ਨੇ ਸੁਣਵਾਈ 6 ਮਈ ਲਈ ਟਾਲ ਦਿੱਤੀ ਹੈ।

ਸੀਬੀਆਈ ਅਦਾਲਤ ਵਿੱਚ ਦੋਸ਼ ਤੈਅ ਕਰਨ ਲਈ ਕੇਸ ਵਿਚਾਰ ਅਧੀਨ ਹੈ। ਇਸ ਦੇ ਨਾਲ ਹੀ ਕਲਿਆਣੀ ਦੀ ਇੱਕ ਅਰਜ਼ੀ 'ਤੇ ਵੀ ਸੁਣਵਾਈ ਚੱਲ ਰਹੀ ਹੈ। ਐਡਵੋਕੇਟ ਸਿੱਪੀ ਦੀ 20 ਸਤੰਬਰ 2015 ਨੂੰ ਚੰਡੀਗੜ੍ਹ ਦੇ ਸੈਕਟਰ 27 ਦੇ ਇੱਕ ਪਾਰਕ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਸਾਲ 2015 ਵਿੱਚ ਹੋਏ ਇਸ ਕਤਲ ਕੇਸ ਵਿੱਚ ਕਲਿਆਣੀ ਨੂੰ ਸੀਬੀਆਈ ਨੇ ਪਿਛਲੇ ਸਾਲ 15 ਜੂਨ ਨੂੰ ਗ੍ਰਿਫ਼ਤਾਰ ਕੀਤਾ ਸੀ। 6 ਦਿਨ ਦਾ ਰਿਮਾਂਡ ਲੈਣ ਤੋਂ ਬਾਅਦ ਉਸ ਨੂੰ ਬੁੜੈਲ ਜੇਲ੍ਹ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। 3 ਮਹੀਨਿਆਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ। ਉਨ੍ਹਾਂ ਦੀ ਜ਼ਮਾਨਤ ਨੂੰ ਸੀਬੀਆਈ ਅਤੇ ਸਿੱਪੀ ਦੀ ਮਾਂ ਦੀਪਇੰਦਰ ਕੌਰ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਇਸ ਸਬੰਧੀ 12 ਮਈ ਲਈ ਨੋਟਿਸ ਜਾਰੀ ਕੀਤਾ ਗਿਆ ਹੈ।

ਹਾਲਾਂਕਿ ਕਲਿਆਣੀ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਕਤਲ ਵਾਲੀ ਰਾਤ ਕਲਿਆਣੀ ਸੈਕਟਰ 10 ਵਿੱਚ ਆਪਣੇ ਪਰਿਵਾਰ ਨਾਲ ਇੱਕ ਪਰਿਵਾਰਕ ਪਾਰਟੀ ਵਿੱਚ ਸੀ। ਸੀਬੀਆਈ ਦਾ ਕਹਿਣਾ ਹੈ ਕਿ ਉਸਨੇ ਪਾਰਟੀ ਛੱਡ ਦਿੱਤੀ ਸੀ ਅਤੇ ਸਿੱਪੀ ਨੂੰ ਮਾਰਨ ਤੋਂ ਬਾਅਦ ਵਾਪਸ ਚਲੀ ਗਈ ਸੀ।

ਸੀਬੀਆਈ ਨੇ 20 ਜਨਵਰੀ, 2016 ਨੂੰ ਚੰਡੀਗੜ੍ਹ ਪ੍ਰਸ਼ਾਸਨ ਦੇ ਪ੍ਰਸ਼ਾਸਨਿਕ ਹੁਕਮਾਂ ਦੇ ਆਧਾਰ 'ਤੇ ਕਤਲ, ਅਪਰਾਧਿਕ ਸਾਜ਼ਿਸ਼, ਸਬੂਤਾਂ ਨਾਲ ਛੇੜਛਾੜ ਅਤੇ ਅਸਲਾ ਐਕਟ ਦੇ ਤਹਿਤ 13 ਅਪ੍ਰੈਲ 2016 ਨੂੰ ਕੇਸ ਦਰਜ ਕੀਤਾ ਸੀ। ਸੀਬੀਆਈ ਨੇ ਦਾਅਵਾ ਕੀਤਾ ਹੈ ਕਿ ਸਿੱਪੀ ਦੀ ਹੱਤਿਆ ਕਲਿਆਣੀ ਨੇ ਅਣਪਛਾਤੇ ਹਮਲਾਵਰ ਨਾਲ ਮਿਲ ਕੇ ਕੀਤੀ ਸੀ। ਘਟਨਾ ਤੋਂ ਬਾਅਦ ਉਹ ਸੈਕਟਰ-10 ਵਿੱਚ ਜਨਮ ਦਿਨ ਦੀ ਪਾਰਟੀ ਵਿੱਚ ਗਈ ਸੀ। ਸੈਕਟਰ-27 ਤੋਂ ਸੈਕਟਰ-10 ਦੀ ਦੂਰੀ 10 ਤੋਂ 15 ਮਿੰਟ ਦੀ ਹੈ।