ਪੰਜਾਬ ਲਈ ਤਮਗ਼ੇ ਜਿੱਤ ਕੇ ਖੱਜਲ ਖ਼ੁਆਰ ਹੋਣ ਵਾਲੇ ਖਿਡਾਰੀਆਂ ’ਚ ਸਿਫ਼ਤ ਕੌਰ ਦਾ ਨਾਂ ਵੀ ਹੋਇਆ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਬਾ ਫ਼ਰੀਦ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਕੌਮਾਂਤਰੀ ਪੱਧਰ ’ਤੇ ਜਿੱਤੇ 7 ਤਮਗ਼ੇ ਪਰ ਪੜ੍ਹਾਈ ਛੱਡਣ ਲਈ ਮਜਬੂਰ ਕੀਤਾ ਜਾ ਰਿਹੈ

photo

 

ਕੋਟਕਪੂਰਾ : ਭਾਵੇਂ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਦੀਆਂ ਸਰਕਾਰਾਂ ਦੀ ਤਰ੍ਹਾਂ ਮੌਜੂਦਾ ਸਰਕਾਰ ਨੇ ਵੀ ਪੰਜਾਬ ਦੇ ਨੌਜਵਾਨ ਲੜਕੇ-ਲੜਕੀਆਂ ਨੂੰ ਖੇਡਾਂ ਵਿਚ ਉਤਸ਼ਾਹਿਤ ਕਰਨ, ਉਨ੍ਹਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਆਦਿ ਦੇ ਵੱਡੇ ਵੱਡੇ ਦਾਅਵੇ ਅਤੇ ਵਾਅਦੇ ਕੀਤੇ ਪਰ ਫ਼ਰੀਦਕੋਟ ਦੇ ਸ਼ੈਲਰ ਮਾਲਕ ਪਵਨਦੀਪ ਸਿੰਘ ਸਮਰਾ ਦੀ 21 ਸਾਲਾ ਧੀ ਸਿਫ਼ਤ ਕੌਰ ਵਲੋਂ ਹਾਲ ਹੀ ’ਚ ਮੱਧ ਪ੍ਰਦੇਸ਼ ਦੇ ਭੋਪਾਲ ਸ਼ਹਿਰ ’ਚ ਆਈ.ਐਸ.ਐਸ.ਐਫ਼. ਵਿਸ਼ਵ ਕੱਪ ’ਚ 50 ਮੀਟਰ ਰਾਈਫ਼ਲ ’ਚ ਕਾਂਸੇ ਦਾ ਤਮਗ਼ਾ ਜਿੱਤ ਕੇ ਦੇਸ਼ ਭਰ ’ਚ ਪੰਜਾਬ ਦਾ ਨਾਂ ਚਮਕਾਉਣ ਦੇ ਬਾਵਜੂਦ ਵੀ ਉਕਤ ਖਿਡਾਰਨ ਜਾਂ ਉਸ ਦਾ ਪ੍ਰਵਾਰ  ਖ਼ੁਸ਼ ਨਹੀਂ ਦਿਸ ਰਿਹਾ। 

ਭਾਵੇਂ ਸਿਫ਼ਤ ਕੌਰ ਦੀ ਇਸ ਪ੍ਰਾਪਤੀ ’ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਸਮੇਤ ਕਈ ਸ਼ਖਸ਼ੀਅਤਾਂ ਵਲੋਂ ਉਸ ਨੂੰ ਤੇ ਉਸ ਦੇ ਪ੍ਰਵਾਰ ਨੂੰ ਵਧਾਈ ਦਿਤੀ ਗਈ ਪਰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਸਾਇੰਸਿਜ਼ ਫ਼ਰੀਦਕੋਟ ਦੀ ਕਥਿਤ ਬੇਰੁਖੀ ਕਰ ਕੇ ਹੁਣ ਇਸ ਖਿਡਾਰਨ ਨੂੰ ਐਮ.ਬੀ.ਬੀ.ਐਸ. ਦੀ ਪੜ੍ਹਾਈ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ। 

ਬਾਬਾ ਫ਼ਰੀਦ ਯੂਨੀਵਰਸਿਟੀ ’ਚ ਐਮਬੀਬੀਐਸ ਦੇ ਪਹਿਲੇ ਸਾਲ ਦੀ ਵਿਦਿਆਰਥਣ ਸਿਫ਼ਤ ਕੌਰ ਹੁਣ ਤਕ ਕੌਮੀ ਤੇ ਕੌਮਾਂਤਰੀ ਪੱਧਰ ’ਤੇ 7 ਤਮਗ਼ੇੇ ਜਿੱਤ ਚੁਕੀ ਹੈ। ਯੂਨੀਵਰਸਿਟੀ ਵਲੋਂ ਸਿਫ਼ਤ ਕੌਰ ਨੂੰ ਇਹ ਕਹਿ ਕੇ ਰੋਲ ਨੰਬਰ ਜਾਰੀ ਕਰਨ ਤੋਂ ਇਨਕਾਰ ਕਰ ਦਿਤਾ ਗਿਆ ਹੈ ਕਿ ਕਲਾਸ ’ਚ ਉਸ ਦੀਆਂ ਹਾਜ਼ਰੀਆਂ ਘੱਟ ਹਨ। ਸਿਫ਼ਤ ਕੌਰ ਨੇ ਯੂਨੀਵਰਸਿਟੀ ਪ੍ਰਸ਼ਾਸ਼ਨ ਨੂੰ ਅਪੀਲ ਵੀ ਕੀਤੀ ਸੀ ਕਿ ਉਸ ਦੀ ਖੇਡ ਦੇ ਮੱਦੇਨਜ਼ਰ ਉਸ ਨਾਲ ਰਿਆਇਤ ਵਰਤੀ ਜਾਵੇ ਪਰ ਅਧਿਕਾਰੀਆਂ ਨੇ ਉਸ ਨੂੰ ਕਥਿਤ ਤੌਰ ’ਤੇ ਸਹਿਯੋਗ ਨਹੀਂ ਦਿਤਾ। 

ਫ਼ਰੀਦਕੋਟ ਦੇ ਸਾਦਿਕ ਰੋਡ ’ਤੇ ਰਹਿਣ ਵਾਲੀਆਂ ਤਿੰਨ ਭੈਣਾਂ ਕੌਮੀ ਪੱਧਰ ’ਤੇ ਕੁਸ਼ਤੀ ਮੁਕਾਬਲਿਆਂ ’ਚ ਭਾਗ ਲੈਂਦੀਆਂ ਹਨ। ਇਨ੍ਹਾਂ ਦਾ ਪਿਤਾ ਘਰ ਦਾ ਖ਼ਰਚਾ ਚਲਾਉਣ ਲਈ ਰੰਗਾਈ ਦਾ ਕੰਮ ਕਰਦਾ ਹੈ। ਤਿੰਨਾਂ ਦਾ ਰੋਸ ਹੈ ਕਿ ਤਗਮੇ ਜਿੱਤਣ ਮਗਰੋਂ ਸਰਕਾਰ ਵਲੋਂ ਕੋਈ ਸਹਾਇਤਾ ਮਿਲਣ ਦੀ ਥਾਂ ਸਿਰਫ਼ ਮੁਬਾਰਕਬਾਦ ਹੀ ਮਿਲਦੀ ਹੈ। ਇਸ ਬਾਰੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਉਹ ਖੇਡ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਨਾਲ ਗੱਲ ਕਰਨਗੇ ਤੇ ਜਲਦੀ ਹੀ ਪੰਜਾਬ ’ਚ ਨਵੀਂ ਖੇਡ ਨੀਤੀ ਲਾਗੂ ਕਰਵਾਉਣਗੇ ਤਾਂ ਜੋ ਹਰ ਖਿਡਾਰੀ ਨੂੰ ਇਸ ਦਾ ਲਾਭ ਮਿਲ ਸਕੇ।