Punjab News: ਬਿਕਰਮ ਮਜੀਠੀਆ ਖ਼ਿਲਾਫ਼ ਨਸ਼ਿਆਂ ਦੇ ਮਾਮਲੇ ’ਚ 5ਵੀਂ ਸਿਟ ਕਾਇਮ

ਏਜੰਸੀ

ਖ਼ਬਰਾਂ, ਪੰਜਾਬ

AIG ਵਰੁਣ ਸ਼ਰਮਾ ਨੂੰ ਲਾਇਆ SIT ਦਾ ਮੁਖੀ

5th SIT constituted in drug case against Bikram Majithia

 

Punjab News:  ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਡਰੱਗਜ਼ ਦੇ ਮਾਮਲੇ ’ਚ ਪੰਜਾਬ ਪੁਲਿਸ ਨੇ ਵਿਸ਼ੇਸ਼ ਜਾਂਚ ਟੀਮ (ਸਿੱਟ) ਦੇ ਮੁਖੀ ਅਤੇ ਉਸ ਦੇ 2 ਹੋਰ ਮੈਂਬਰਾਂ ਨੂੰ ਮੁੜ ਬਦਲ ਦਿੱਤਾ ਹੈ।

 ਕਾਂਗਰਸ ਹਕੂਮਤ ਦੌਰਾਨ ਦਸੰਬਰ 2021 ਦੌਰਾਨ ਮਜੀਠੀਆ ਖ਼ਿਲਾਫ਼ ਦਰਜ ਮਾਮਲੇ ਦੀ ਜਾਂਚ ਲਈ ਇਹ 5ਵੀਂ ਸਿੱਟ ਬਣਾਈ ਗਈ ਹੈ। ਨਵੀਂ ਸਿੱਟ ਦੇ ਗਠਨ ਸਬੰਧੀ ਹੁਕਮਾਂ ਦੀ ਕਾਪੀ ’ਚ ਕਿਹਾ ਗਿਆ ਹੈ ਕਿ ਜਾਂਚ ਬਿਊਰੋ ਦੇ ਡਾਇਰੈਕਟਰ ਦੇ ਦਫ਼ਤਰ ਨੇ ਐੱਫ਼ਆਈਆਰ ਨੰਬਰ 2/2021 ਦੇ ਮਾਮਲੇ ਦੀ ਜਾਂਚ ਲਈ ਪ੍ਰਸ਼ਾਸਕੀ ਆਧਾਰ ’ਤੇ ਸਿੱਟ ਦਾ ਮੁੜ ਤੋਂ ਗਠਨ ਕੀਤਾ ਹੈ। 

ਹੁਕਮਾਂ ਮੁਤਾਬਕ ਡੀਆਈਜੀ ਐੱਚਐੱਸ ਭੁੱਲਰ ਦੀ ਥਾਂ ’ਤੇ ਏਆਈਜੀ (ਪ੍ਰੋਵਿਜ਼ਨਿੰਗ) ਵਰੁਣ ਸ਼ਰਮਾ, ਜੋ ਪਹਿਲਾਂ ਸਿੱਟ ਦੇ ਮੈਂਬਰ ਸਨ, ਨੂੰ ਸਿੱਟ ਦਾ ਚੇਅਰਪਸਨ ਨਿਯੁਕਤ ਕੀਤਾ ਗਿਆ ਹੈ ਜਦਕਿ ਤਰਨ ਤਾਰਨ ਦੇ ਐੱਸਐੱਸਪੀ ਅਭਿਮੰਨਿਊ ਰਾਣਾ ਅਤੇ ਐੱਸਪੀ (ਐੱਨਆਰਆਈ ਮਾਮਲੇ, ਪਟਿਆਲਾ) ਗੁਰਬੰਸ ਸਿੰਘ ਬੈਂਸ ਨੂੰ ਉਸ ਦਾ ਮੈਂਬਰ ਬਣਾਇਆ ਗਿਆ ਹੈ। 

ਪਹਿਲਾਂ ਦੀਆਂ ਸਾਰੀਆਂ ਸਿੱਟ ਦੀ ਅਗਵਾਈ ਡੀਆਈਜੀ ਰੈਂਕ ਜਾਂ ਉਸ ਤੋਂ ਉਪਰਲੇ ਅਹੁਦੇ ਦੇ ਅਧਿਕਾਰੀ ਕਰ ਰਹੇ ਸਨ ਪਰ ਇਹ ਪਹਿਲੀ ਵਾਰ ਹੈ ਜਦੋਂ ਏਆਈਜੀ ਰੈਂਕ ਦੇ ਅਫ਼ਸਰ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਮਜੀਠੀਆ ਖ਼ਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ਲਈ ਸਭ ਤੋਂ ਪਹਿਲਾਂ ਏਆਈਜੀ ਬਲਰਾਜ ਸਿੰਘ ਦੀ ਅਗਵਾਈ ਹੇਠ ਸਿੱਟ ਕਾਇਮ ਕੀਤੀ ਗਈ ਸੀ। 

ਸੂਬੇ ’ਚ ‘ਆਮ ਆਦਮੀ ਪਾਰਟੀ’ ਦੀ ਸਰਕਾਰ ਬਣਨ ਮਗਰੋਂ ਏਆਈਜੀ ਬਲਰਾਜ ਸਿੰਘ ਦੀ ਥਾਂ ’ਤੇ ਡੀਆਈਜੀ ਰਾਹੁਲ ਐੱਸ ਨੂੰ ਸਿੱਟ ਦਾ ਮੁਖੀ ਲਾਇਆ ਗਿਆ। ਫਿਰ ਵੀ ਸਿੱਟ ਮਜੀਠੀਆ ਖ਼ਿਲਾਫ਼ ਚਲਾਨ ਪੇਸ਼ ਕਰਨ ’ਚ ਨਾਕਾਮ ਰਹੀ। 

ਮਈ 2023 ’ਚ ਆਈਜੀ (ਪਟਿਆਲਾ ਰੇਂਜ) ਐੱਮਐੱਸ ਛੀਨਾ ਨੂੰ ਸਿੱਟ ਦਾ ਮੁਖੀ ਬਣਾ ਦਿੱਤਾ ਗਿਆ। ਛੀਨਾ ਨੂੰ ਵਧੀਕ ਡੀਜੀਪੀ ਵਜੋਂ ਤਰੱਕੀ ਦਿੱਤੇ ਜਾਣ ਦੇ ਬਾਵਜੂਦ ਉਹ ਦਸੰਬਰ 2024 ਤਕ ਆਪਣੀ ਸੇਵਾਮੁਕਤੀ ਤੱਕ ਸਿੱਟ ਦੇ ਮੁਖੀ ਰਹੇ। 

ਜਨਵਰੀ 2025 ’ਚ ਪੰਜਾਬ ਸਰਕਾਰ ਨੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਇਕ ਹੋਰ ਸਿੱਟ ਦਾ ਗਠਨ ਕੀਤਾ। ਤਿੰਨ ਮੈਂਬਰੀ ਸਿੱਟ ’ਚ ਪਟਿਆਲਾ ਦੇ ਤਤਕਾਲੀ ਐੱਸਐੱਸਪੀ ਵਰੁਣ ਸ਼ਰਮਾ ਅਤੇ ਧੂਰੀ ਦੇ ਐੱਸਪੀ ਯੋਗੇਸ਼ ਸ਼ਰਮਾ ਇਸ ਦੇ ਮੈਂਬਰ ਸਨ। 

ਸਿੱਟ ਨੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮਗਰੋਂ ਮਜੀਠੀਆ ਤੋਂ ਮਾਰਚ ’ਚ ਲਗਾਤਾਰ 2 ਦਿਨ 8-8 ਘੰਟੇ ਤੱਕ ਪੁੱਛ-ਪੜਤਾਲ ਕੀਤੀ ਸੀ।