ਸਰਕਾਰੀ ਸਕੂਲ ਦੀ ਵਿਦਿਆਰਥਣ ਨੂੰ ਲੱਗੀ ਸਕਾਲਰਸ਼ਿਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਨਐਮਐਮਐਸ ਦੀ ਪ੍ਰੀਖਿਆ ਕੀਤੀ ਪਾਸ

Scholarship awarded to government school student

ਨਯਾ ਗਾਓਂ : ਪੀਐਮ ਸ੍ਰੀ ਸਰਕਾਰੀ ਹਾਈ ਸਕੂਲ ਨਯਾ ਗਾਓਂ ਵਿਚ ਉਸ ਸਮੇਂ ਖ਼ੁਸ਼ੀ ਦੀ ਲਹਿਰ ਦੌੜ ਗਈ ਜਦੋਂ ਸਕੂਲ ਦੀ 8ਵੀਂ ਜਮਾਤ ਦੀ ਸਟੂਡੈਂਟ ਹਿਨਾ ਨੇ ਐਨਐਮਐਮਐਸ ਦੀ ਪ੍ਰੀਖਿਆ ਪਾਸ ਕਰ ਲਈ। ਪੂਰੇ ਸਕੂਲ ਵਿਚੋਂ ਹਿਨਾ ਵੱਲੋਂ ਹੀ ਇਹ ਪ੍ਰੀਖਿਆ ਪਾਸ ਕੀਤੀ ਗਈ ਜਦਕਿ ਸਕੂਲ ਦੇ ਕਾਫ਼ੀ ਬੱਚਿਆਂ ਵੱਲੋਂ ਇਹ ਪੇਪਰ ਦਿੱਤਾ ਗਿਆ ਸੀ।

ਇਸ ਸਬੰਧੀ ਗੱਲਬਾਤ ਕਰਦਿਆਂ ਸਕੂਲ ਦੀ ਮੁੱਖ ਅਧਿਆਪਕਾ ਮਨਪ੍ਰੀਤ ਕੌਰ ਨੇ ਆਖਿਆ ਕਿ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਉਨ੍ਹਾਂ ਦੇ ਸਕੂਲ ਦੀ ਵਿਦਿਆਰਥਣ ਵੱਲੋਂ ਐਨਐਮਐਮਐਸ ਦੀ ਪ੍ਰੀਖਿਆ ਪਾਸ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਸਕੂਲ ਦਾ ਸਟਾਫ਼ ਬਹੁਤ ਹੀ ਮਿਹਨਤੀ ਹੈ ਜੋ ਬੱਚਿਆਂ ਨੂੰ ਵੱਖ ਵੱਖ ਗਤੀਵਿਧੀਆਂ ਦੀ ਤਿਆਰੀ ਕਰਵਾਉਂਦਾ ਹੈ ਅਤੇ ਉਨ੍ਹਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੇ ਪੀਐਮ ਸ੍ਰੀ ਬਣਨ ਤੋਂ ਬਾਅਦ ਬੱਚਿਆਂ ਅਤੇ ਅਧਿਆਪਕਾਂ ਵਿਚ ਨਵਾਂ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਪੀਐਮ ਸ੍ਰੀ (ਸਕੂਲ ਫਾਰ ਰਾਈਜਿੰਗ ਇੰਡੀਆ) ਯੋਜਨਾ ਦੇ ਤਹਿਤ ਸਰਕਾਰ ਨੇ ਕੁੱਝ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਬਿਹਤਰ ਬਣਾਉਣ ਦੀ ਦਿਸ਼ਾ ਵਿਚ ਕੰਮ ਸ਼ੁਰੂ ਕੀਤਾ ਹੈ, ਜਿਸ ਦਾ ਨਤੀਜਾ ਦਿਸਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਇਨ੍ਹਾਂ ਸਕੂਲਾਂ ਵਿਚ ਪੜ੍ਹਾਈ ਦੇ ਨਾਲ ਨਾਲ ਸਹਿ ਸਿੱਖਿਆ ਗਤੀਵਿਧੀਆਂ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।