ਸਿਲੇਬਸ ਮੁੜ ਤਿਆਰ ਕਰਨ ਦਾ ਫ਼ੈਸਲਾ ਅਕਾਲੀ ਰਾਜ 'ਚ ਹੋਇਆ ਸੀ : ਕੈਪਟਨ
ਐਸਜੀਪੀਸੀ ਦਾ ਨੁਮਾਇੰਦਾ ਮਾਰਚ 2017 ਤੋਂ ਸਾਰੀ ਪ੍ਰਕਿਰਿਆ ਵਿਚ ਰਿਹਾ ਸ਼ਾਮਲ
ਚੰਡੀਗੜ੍ਹ, 30 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ) : ਇਤਿਹਾਸ ਦੀਆਂ ਸਕੂਲੀ ਕਿਤਾਬਾਂ ਵਿਚ ਸਿੱਖ ਗੁਰੂਆਂ ਬਾਰੇ ਜਾਣਕਾਰੀ ਦੇ ਮੁੱਦੇ 'ਤੇ ਵਿਰੋਧੀ ਧਿਰ ਨੂੰ ਕਰੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਦੇ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰ ਦਿਤਾ। ਉਨ੍ਹਾਂ ਵਿਰੋਧੀ ਧਿਰ ਨੂੰ ਬੇਹੱਦ ਸੰਵੇਦਨਸ਼ੀਲ ਅਤੇ ਧਾਰਮਕ ਭਾਵਨਾਵਾਂ ਨਾਲ ਜੁੜੇ ਇਸ ਮੁੱਦੇ 'ਤੇ ਸਿਆਸਤ ਖੇਡ ਕੇ ਸੂਬੇ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਿਰੁਧ ਚਿਤਾਵਨੀ ਦਿਤੀ। ਮੁੱਖ ਮੰਤਰੀ ਨੇ ਕਿਹਾ ਕਿ 2014 ਵਿਚ ਅਕਾਲੀ ਰਾਜ ਸਮੇਂ ਇਨ੍ਹਾਂ ਕੋਰਸਾਂ ਨੂੰ ਐਨਸੀਈਆਰਟੀ ਸਿਲੇਬਸ ਅਨੁਸਾਰ ਮੁੜ ਤਿਆਰ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਸਰਕਾਰ ਦੇ ਸੱਤਾ ਵਿਚ ਆਉਣ ਬਾਅਦ ਇਸ ਮੁੱਦੇ 'ਤੇ ਮੁਕੰਮਲ ਚਰਚਾ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੂੰ ਵੀ ਸ਼ਾਮਲ ਕੀਤਾ ਗਿਆ ਸੀ। 9ਵੀਂ ਤੋਂ 12ਵੀਂ ਜਮਾਤ ਦੇ ਇਤਿਹਾਸ ਦੇ ਸਿਲੇਬਸ ਨੂੰ ਮੁੜ ਤਿਆਰ ਕਰਨ ਅਤੇ ਅੰਤਮ ਰੂਪ ਦੇਣ ਲਈ ਚਰਚਾ ਵਾਸਤੇ 9 ਜਨਵਰੀ, 2014 ਨੂੰ ਮਾਹਰਾਂ ਦੀ ਕਮੇਟੀ ਕਾਇਮਕਰਨ ਦਾ ਪ੍ਰਸਤਾਵ ਰਖਿਆ ਸੀ। ਇਸ ਵਿਸ਼ੇ 'ਤੇ ਚਰਚਾ ਲਈ ਇਸ ਕਮੇਟੀ ਨੇ ਕਈ ਮੀਟਿੰਗਾਂ ਕੀਤੀਆਂ ਅਤੇ ਡਾਇਰੈਕਟਰ (ਸਹਾਇਕ ਪ੍ਰੋਫ਼ੈਸਰ, ਐਨਸੀਈਆਰਟੀ) ਤੋਂ ਜਾਣਕਾਰੀ ਵੀ ਲਈ। ਮਾਰਚ 2014 ਵਿਚ ਇਹ ਸਿਲੇਬਸ ਬੋਰਡ ਦੀ ਵੈੱਬਸਾਈਟ 'ਤੇ ਅੱਪਲੋਡ ਕਰ ਦਿਤਾ ਗਿਆ ਸੀ। ਸਾਲ 2015 ਵਿਚ 9ਵੀਂ ਜਮਾਤ ਦੇ ਸਿਲੇਬਸ ਨੂੰ ਅੰਤਮ ਰੂਪ ਦਿਤੇ ਜਾਣ ਬਾਅਦ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਕੀਤਾ ਸੀ।
ਇਸ ਦੌਰਾਨ ਹੋਰ ਜਮਾਤਾਂ ਲਈ ਕੋਰਸ 'ਤੇ ਸਹਿਮਤੀ ਨਹੀਂ ਬਣੀ ਸੀ। ਸਿਲੇਬਸ ਨੂੰ ਮੁੜ ਵਿਉਂਤਣ ਬਾਅਦ ਸਾਲ 2016 ਵਿੱਚ ਬੋਰਡ ਵਲੋਂ 9ਵੀਂ ਅਤੇ 10ਵੀਂ ਜਮਾਤਾਂ ਲਈ ਕਿਤਾਬਾਂ ਪ੍ਰਕਾਸ਼ਤ ਕਰਾਈਆਂ ਗਈਆਂ ਸਨ ਅਤੇ 11ਵੀਂ-12ਵੀਂ ਜਮਾਤਾਂ ਲਈ ਕਿਤਾਬਾਂ ਸਾਲ 2018 ਵਿੱਚ ਛਪਾਉਣ ਬਾਰੇ ਫ਼ੈਸਲਾ ਕੀਤਾ ਗਿਆ ਸੀ। ਮੁੱਖ ਮੰਤਰੀ ਨੇ ਅੱਗੇ ਦਸਿਆ ਕਿ ਸੂਬੇ ਦੀ ਸੱਤਾ ਸੰਭਾਲਣ ਬਾਅਦ ਉਨ੍ਹਾਂ ਦੀ ਸਰਕਾਰ ਨੇ ਇਤਿਹਾਸ ਦੇ ਵਿਸ਼ੇ ਨੂੰ ਮੁੜ ਤਿਆਰ ਲਈ ਵਿਚਾਰ-ਚਰਚਾ ਵਾਸਤੇ ਮਾਰਚ 2017 ਵਿਚ ਸ਼੍ਰੋਮਣੀ ਕਮੇਟੀ ਨੂੰ ਲਿਖਿਆ ਸੀ। ਸ਼੍ਰੋਮਣੀ ਕਮੇਟੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫ਼ੈਸਰ ਪਰਮਵੀਰ ਸਿੰਘ ਨੂੰ ਤਾਇਨਾਤ ਕੀਤਾ ਸੀ ਜਿਸ ਨੇ ਇਸ ਮਾਮਲੇ 'ਤੇ ਵਿਚਾਰ ਲਈ ਸਾਰੀਆਂ ਮੀਟਿੰਗਾਂ ਵਿੱਚ ਹਿੱਸਾ ਲਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਲੌਂਗੋਵਾਲ ਦੀ ਅਪਣੇ ਰਾਜਸੀ ਹਿਤਾਂ ਲਈ ਇਸ ਮਸਲੇ ਬਾਰੇ ਜਾਣ-ਬੁੱਝ ਕੇ ਅਸਲ ਤੱਥ ਛੁਪਾਉਣ ਲਈ ਆਲੋਚਨਾ ਕੀਤੀ। ਚੈਪਟਰ ਗ਼ਾਇਬ ਕਰਨ ਦੇ ਦੋਸ਼ ਕੋਰਾ ਝੂਠਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਗਲਤ ਢੰਗ ਨਾਲ ਪ੍ਰਚਾਰੇ ਜਾ ਰਹੇ ਇਸ ਮਾਮਲੇ ਵਿਚ ਉਨ੍ਹਾਂ ਦੀ ਸਰਕਾਰ ਨੇ ਹਰ ਇਹਤਿਆਤ ਵਰਤੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਵਲੋਂ ਅਪਣੇ ਦੋਸ਼ਾਂ ਦੀ ਪ੍ਰੌੜਤਾ ਲਈ 11ਵੀਂ ਜਮਾਤ ਦੀ ਇਤਿਹਾਸ ਦੀ ਜਿਹੜੀ ਕਿਤਾਬ ਵਿਚੋਂ ਉਦਾਹਰਨਾਂ ਤੇ ਹਵਾਲੇ ਦਿਤੇ ਜਾ ਰਹੇ ਹਨ ਉਹ ਤਾਂ ਅਜੇ ਪ੍ਰਕਾਸ਼ਤ ਵੀ ਨਹੀਂ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਤਿਹਾਸ ਦੀਆਂ ਕਿਤਾਬਾਂ ਵਿਚੋਂ ਸਿੱਖ ਗੁਰੂਆਂ ਬਾਰੇ ਚੈਪਟਰ ਗਾਇਬ ਹੋਣ ਦੇ ਲਾਏ ਜਾ ਰਹੇ ਦੋਸ਼ ਅਸਲ ਵਿਚ ਕੋਰੇ ਝੂਠ ਹਨ ਜਿਸ ਨੂੰ ਉਹ ਕੂੜ ਪ੍ਰਚਾਰ ਰਾਹੀਂ ਸੱਚ ਬਣਾਉਣਾ ਚਾਹੁੰਦੇ ਹਨ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਮੁੜ ਤਿਆਰ ਕੀਤੇ ਸਿਲੇਬਸ ਵਿਚ ਸਿੱਖ ਗੁਰੂਆਂ ਬਾਰੇ ਮੁਕੰਮਲ ਇਤਿਹਾਸ ਨੂੰ ਬਗ਼ੈਰ ਕਿਸੇ ਕਾਂਟ-ਛਾਂਟ ਦੇ ਸ਼ਾਮਲ ਕੀਤਾ ਗਿਆ ਹੈ। 11ਵੀਂ ਤੇ 12ਵੀਂ ਜਮਾਤਾਂ 'ਚ ਸਿੱਖ ਇਤਿਹਾਸ ਬਾਰੇ ਚੈਪਟਰਾਂ ਅਤੇ ਸਮੱਗਰੀ ਨੂੰ ਸਰਲ ਰੂਪ ਵਿਚ ਸ਼ਾਮਲ ਕੀਤਾ ਗਿਆ ਹੈ ਤਾਕਿ ਯਾਦ ਕਰਨਾ ਸੌਖਾ ਰਹੇ। ਉਨ੍ਹਾਂ ਦਸਿਆ ਕਿ ਸਿਲੇਬਸ ਨੂੰ ਮੁੜ ਤਿਆਰ ਕਰਨ ਬਾਅਦ ਹੁਣ 11ਵੀਂ ਜਮਾਤ ਵਿਚ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤਕ ਸਾਰੇ ਕਾਲ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਪੜ੍ਹਾਇਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਚਾਰ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਉਨ੍ਹਾਂ ਦੀ ਨਿਜੀ ਸਿਫ਼ਾਰਸ਼ 'ਤੇ ਸ਼ਾਮਲ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿਚ ਉਨ੍ਹਾਂ ਦੇ ਨਿਜੀ ਸੁਝਾਅ ਉਤੇ 10ਵੀਂ ਜਮਾਤ 'ਚ ਇਤਿਹਾਸ ਦੇ ਵਿਸ਼ੇ ਵਿਚ ਹੁਣ ਸਾਰਾਗੜ੍ਹੀ ਦੀ ਜੰਗ ਅਤੇ ਉਘੇ ਸਿੱਖ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਬਾਰੇ ਜਾਣਕਾਰੀ ਸ਼ਾਮਲ ਕੀਤੀ ਗਈ ਹੈ।