ਪੰਚਕੂਲਾ 'ਚ ਹਰਿਆਣਾ ਦੀ ਪਹਿਲੀ ਕੋਰੋਨਾ ਲੈਬ ਸਰਕਾਰੀ ਹਸਪਤਾਲ ਵਿਚ ਖੁਲ੍ਹੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੀ.ਜੀ.ਆਈ. ਦੀ ਬਜਾਏ ਹੁਣ ਪੰਚਕੂਲਾ ਦੇ ਸਰਕਾਰੀ ਹਸਪਤਾਲ ਵਿਚ ਕੋਰੋਨਾ ਪਾਜ਼ੇਟਿਵ ਦੇ ਚੈੱਕ ਹੋਣਗੇ ਨਮੂਨੇ

ਪੰਚਕੂਲਾ ਦੇ ਸਰਕਾਰੀ ਹਸਪਤਾਲ ਵਿਚ ਨਵੀਂ ਖੁਲ੍ਹੀ ਹਰਿਆਣਾ ਦੀ ਪਹਿਲੀ ਕੋਰੋਨਾ ਲੈਬ।

ਪੰਚਕੂਲਾ, 30 ਅਪ੍ਰੈਲ (ਪੀ. ਪੀ. ਵਰਮਾ) : ਪੰਚਕੂਲਾ ਦੇ ਸੈਕਟਰ-6 ਦੇ ਸਰਕਾਰੀ ਹਸਪਤਾਲ ਵਿਚ ਕੋਰੋਨਾ ਪਾਜ਼ੇਟਿਵ ਜਾਂਚ ਕਰਨ ਵਾਲੀ ਪਹਿਲੀ ਆਈਟੀ ਪੀਸੀਆਰ ਲੈਬ ਸ਼ੁਰੂ ਹੋ ਗਈ ਹੈ। ਹੁਣ ਸੈਂਪਲ ਪੀਜੀਆਈ ਨਹੀਂ ਭੇਜੇ ਜਾਣਗੇ ਸਗੋਂ ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਵਿਚ ਹੀ 3 ਤੋਂ 5 ਘੰਟੇ ਦੌਰਾਨ ਹੀ ਸੈਂਪਲਾਂ ਦੀ ਜਾਂਚ ਕਰ ਲਈ ਜਾਵੇਗੀ। ਇਸ ਲੈਬ ਦਾ ਉਦਘਾਟਨ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਅਤੇ ਪੰਚਕੂਲਾ ਦੇ ਵਿਧਾਇਕ ਗਿਆਨ ਚੰਦ ਗੁਪਤਾ ਨੇ ਕੀਤਾ।

ਇਸ ਲੈਬ ਵਿੱਚ ਰਿਪੋਰਟ ਤਿਆਰ ਕਰ ਕੇ ਜਲਦੀ ਹੀ ਇਹ ਦੱਸ ਦਿਤਾ ਜਾਵੇਗਾ ਕੀ ਮਰੀਜ਼ ਦਾ ਨਮੂਨਾ ਪਾਜ਼ੇਟਿਵ ਹੈ ਜਾਂ ਕਿ ਨੈਗੇਟਿਵ। ਲੈਬ ਦੀ ਡਾਇਰੈਕਟਰ ਡਾਕਟਰ ਊਸ਼ਾ ਗੁਪਤਾ ਅਤੇ ਪੰਚਕੂਲਾ ਦੀ ਸਿਵਲ ਸਰਜਨ ਡਾਕਟਰ ਜਸਜੀਤ ਕੌਰ ਨੇ ਦਸਿਆ ਕਿ ਹੁਣ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਪੀ.ਜੀ.ਆਈ. ਜਾਂ ਸੈਕਟਰ-39 ਦੀ ਲੈਬ ਵਿਚ ਨਹੀਂ ਜਾਣਾ ਪਵੇਗਾ। ਇਸ ਲੈਬ ਦੇ ਖੁਲ੍ਹਣ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ।


ਲੈਬੋਟਰੀ ਦੀ ਡਾਇਰੈਕਟਰ ਡਾ. ਊਸ਼ਾ ਅਤੇ ਇੰਚਾਰਜ ਡਾ. ਨੀਰਜ ਕੁਮਾਰ ਨੇ ਕਿਹਾ ਕਿ ਬਿਨਾਂ ਕੀਤੇ ਹੋਰ ਜਾਣ ਦੇ ਇਸ ਲੈਬਾਰਟਰੀ ਵਿਚ 80 ਤੋਂ 100 ਸੈਂਪਲ ਇਕ ਦਿਨ ਵਿਚ ਲਏ ਜਾ ਸਕਦੇ ਹਨ। ਇਸ ਦਾ ਫਾਇਦਾ ਇਹ ਵੀ ਹੈ ਕਿ ਪੀਜੀਆਈ ਸੈਂਪਲ ਭੇਜਣ 'ਤੇ ਕਾਫ਼ੀ ਸਮਾਂ ਲਗਦਾ ਸੀ ਕਿਉਂਕਿ ਪੀਜੀਆਈ ਤੇ ਪਹਿਲਾਂ ਹੀ ਤਿੰਨ ਰਾਜਾਂ ਦਾ ਭਾਰ ਸੀ ਪਰ ਹੁਣ ਹਰਿਆਣਾ ਦੇ ਪੰਚਕੂਲਾ ਵਿੱਚ ਹੀ ਇਹ ਸੈਂਪਲ ਚੈਕ ਕਰ ਸਕਦੇ ਹਾਂ। ਪੰਚਕੂਲਾ ਸਰਕਾਰੀ ਹਸਤਪਤਾਲ ਜ਼ਿਲ੍ਹੇ ਦਾ ਪਹਿਲਾ ਹਸਪਤਾਲ ਬਣ ਗਿਆ ਹੈ ਜਿੱਥੇ ਕੋਵਿਡ-19 ਲੈਬ ਸਥਾਪਤ ਹੋ ਗਈ ਹੈ।


ਡਾ. ਨੀਰਜ ਨੇ ਉਹ ਮਸ਼ੀਨਾ ਵੀ ਵਿਖਾਈਆਂ ਜਿਨ੍ਹਾਂ ਵਿਚ ਇਕ ਵਾਰ ਹੀ 24 ਸੈਂਪਲ ਰੱਖੇ ਜਾ ਸਕਦੇ ਹਨ ਅਤੇ ਉਨ੍ਹਾਂ ਨੂੰ ਚੈੱਕ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਇਹ ਸੈਂਪਲ ਕੁਝ ਹੋਰ ਮਸ਼ੀਨਾ ਵਿੱਚ ਜਾਂਦਾ ਹੈ ਅਤੇ 3 ਤੋਂ 5 ਘੰਟੇ ਅੰਦਰ ਹੀ ਇਹ ਪਤਾ ਲੱਗ ਜਾਂਦਾ ਹੈ ਕਿ ਸੈਂਪਲ ਨੈਗੇਟਿਵ ਹੈ ਜਾਂ ਪਾਜ਼ੇਟਿਵ ਹੈ।

ਉਹਨਾਂ ਦੱਸਿਆ ਕਿ ਜਿਹੜੇ ਵੀ ਸੈਂਪਲ ਹੁਣ ਤੋਂ ਅੰਬਾਲਾ, ਯਮੁਨਾਨਗਰ ਅਤੇ ਕੁਰੂਕਸ਼ੇਤਰ ਜ਼ਿਲ੍ਹਿਆਂ ਤੋਂ ਪਹਿਲਾਂ ਪੀਜੀਆਈ ਜਾਂ ਏਮਜ਼ ਨੂੰ ਭੇਜੇ ਜਾਂਦੇ ਸਨ ਹੁਣ ਸਿੱਧੇ ਪੰਚਕੂਲਾ ਦੀ ਇਸ ਲੈਬੋਟਰੀ ਵਿਚ ਆਉਣਗੇ। ਸ਼ੁਰੂ ਵਿੱਚ ਪੰਚਕੂਲਾ ਦੀ ਇਸ ਲੈਬ ਵਿੱਚ 24 ਤੋਂ 25 ਸੈਂਪਲ ਲਏ ਜਾਣਗੇ ਅਤੇ ਇਸਤੋਂ ਬਾਅਦ ਇੱਕ ਹਫ਼ਤੇ ਬਾਅਦ 80 ਤੋਂ 100 ਸੈਂਪਲ ਲੈਣੇ ਸ਼ੁਰੂ ਕਰ ਦਿਤੇ ਜਾਣਗੇ।


ਸਿਵਲ ਸਰਜਨ ਡਾਕਟਰ ਜਸਜੀਤ ਕੌਰ ਨੇ ਦਸਿਆ ਕਿ ਹਰਿਆਣਾ ਦੇ ਸਿਹਤ ਵਿਭਾਗ ਨੇ ਪੰਚਕੂਲਾ ਵਿਚ ਆਉਣ ਵਾਲਿਆਂ ਰਸਤਿਆਂ ਉੱਤੇ ਥਰਮਲ ਸਕਰੀਨਿੰਗ ਦੀ ਵਿਵਸਥਾ ਸ਼ੁਰੂ ਕੀਤੀ ਹੈ। ਇਸ ਸਬੰਧੀ ਡੀਸੀਪੀ ਪੁਲਿਸ ਮੋਹਿਤ ਹਾਂਡਾ ਨੇ ਕਿਹਾ ਹੈ ਕਿ ਪੰਚਕੂਲਾ ਦੇ ਨਾਲ ਲਗਦੇ ਚੰਡੀਗੜ੍ਹ, ਪੰਜਾਬ, ਹਿਮਾਚਲ ਦੇ ਬਾਰਡਰ ਸ਼ੀਲ ਕੀਤੇ ਗਏ ਹਨ ਤੇ ਹੁਣ ਹੋਰ ਸਖ਼ਤੀ ਕੀਤੀ ਜਾਵੇਗੀ।