ਆਉ ਸਾਰੀਆਂ ਪਾਰਟੀਆਂ ਮਿਲ ਕੇ ਕੇਂਦਰ 'ਤੇ ਵਿੱਤੀ ਪੈਕੇਜ਼ ਦੇਣ ਲਈ ਦਬਾਅ ਬਣਾਈਏ : ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਉ ਸਾਰੀਆਂ ਪਾਰਟੀਆਂ ਮਿਲ ਕੇ ਕੇਂਦਰ 'ਤੇ ਵਿੱਤੀ ਪੈਕੇਜ਼ ਦੇਣ ਲਈ ਦਬਾਅ ਬਣਾਈਏ : ਭਗਵੰਤ ਮਾਨ

ਆਉ ਸਾਰੀਆਂ ਪਾਰਟੀਆਂ ਮਿਲ ਕੇ ਕੇਂਦਰ 'ਤੇ ਵਿੱਤੀ ਪੈਕੇਜ਼ ਦੇਣ ਲਈ ਦਬਾਅ ਬਣਾਈਏ : ਭਗਵੰਤ ਮਾਨ

ਚੰਡੀਗੜ੍ਹ, 30 ਅਪ੍ਰੈਲ (ਗੁਰਉਪਦੇਸ਼ ਭੁੱਲਰ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੋਰੋਨਾ ਵਿਰੁਧ ਜੰਗ ਦੌਰਾਨ ਸਰਕਾਰੀ ਕਾਰਜਸ਼ੈਲੀ 'ਤੇ ਗੰਭੀਰ ਸਵਾਲ ਉਠਾਉਂਦੇ ਹੋਏ ਕਿਹਾ ਕਿ ਨਿਕੰਮੇ ਪ੍ਰਬੰਧਾਂ ਕਾਰਨ ਕੋਰੋਨਾ ਵਿਰੁਧ 'ਆਪ੍ਰੇਸ਼ਨ ਫ਼ਤਿਹ' ਅਸਲੀਅਤ 'ਚ 'ਆਪ੍ਰੇਸ਼ਨ ਫ਼ੇਲ੍ਹ' ਹੋਣ ਵਲ ਵਧ ਰਿਹਾ ਹੈ। ਆਰਜ਼ੀ ਢੰਗ 'ਚ ਸਰਕਾਰ ਅਤੇ ਉੱਚ-ਪ੍ਰਸ਼ਾਸਨਕ ਅਧਿਕਾਰੀ ਵਲੋਂ  ਕੋਰੋਨਾ ਵਿਰੁਧ ਲੜਨ ਦੇ ਕੀਤੇ ਜਾ ਰਹੇ ਦਾਅਵੇ ਠੀਕ ਨਹੀਂ ਹਨ।

ਜਿਸ ਕਾਰਨ ਸਵਾ ਮਹੀਨੇ ਦੇ ਕਰਫ਼ਿਊ ਦੇ ਬਾਵਜੂਦ ਪੰਜਾਬ ਅੰਦਰ ਕੋਰੋਨਾ ਵਾਇਰਸ ਵਧਦਾ-ਫੈਲਦਾ ਹੀ ਜਾ ਰਿਹਾ ਹੈ।  ਭਗਵੰਤ ਮਾਨ ਨੇ ਕਿਹਾ ਕਿ ਤਰਨਤਾਰਨ 'ਚ ਖਟਾਰਾ ਐਂਬੂਲੈਂਸ ਅਤੇ ਪੰਜਾਬ ਭਰ ਦੇ ਹਸਪਤਾਲਾਂ ਅਤੇ ਨਿਹੱਥੇ ਲੜਾਈ ਲੜ ਰਹੇ ਡਾਕਟਰਾਂ ਨੇ ਸਰਕਾਰ ਦੀ ਪੂਰੀ ਤਰ੍ਹਾਂ ਪੋਲ ਖੋਲ੍ਹ ਦਿਤੀ ਹੈ। ਪੰਜਾਬ ਸਰਕਾਰ ਦੇ ਮੰਤਰੀ ਘਰਾਂ ਵਿਚ ਬੈਠ ਗਏ ਹਨ।

ਮਾਨ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੀ 'ਪ੍ਰਵਚਨ' ਦੇਣ ਤੋਂ ਅੱਗੇ ਕੁੱਝ ਵੀ ਨਹੀਂ ਕਰ ਰਹੀ। ਵਿੱਤੀ ਤੌਰ 'ਤੇ ਸੂਬਿਆਂ ਦੇ ਬਹੁਗਿਣਤੀ ਸਾਧਨਾਂ-ਸੰਸਾਧਨਾਂ 'ਤੇ ਕਬਜ਼ਾ ਕਰ ਚੁੱਕੀ ਕੇਂਦਰ ਸਰਕਾਰ ਨੇ ਇਸ ਔਖੀ ਘੜੀ 'ਚ ਪੰਜਾਬ ਵਰਗੇ ਸੂਬੇ ਦੀ ਵੀ ਅਣਦੇਖੀ ਕਰ ਦਿਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੂੰ ਮਿਲ ਕੇ ਕੇਂਦਰ 'ਤੇ ਵਿਤੀ ਪੈਕੇਜ਼ ਲਈ ਦਬਾਅ ਬਣਾਉਣਾ ਚਾਹੀਦਾ ਹੈ। ਉਨ੍ਹਾਂ ਬਾਦਲਾਂ ਨੂੰ ਵੀ ਅਜਿਹੇ ਮੌਕੇ ਰਾਜਨੀਤੀ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿਤੀ।ਜਿਸ ਨੇ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਪੂਰੇ ਦੇਸ਼ ਦਾ ਪੇਟ ਭਰਨ ਲਈ ਸੱਭ ਤੋਂ ਵੱਧ ਯੋਗਦਾਨ ਦਿਤਾ ਹੈ।


ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਮੈਂ ਬਾਦਲ ਜੋੜੀ (ਹਰਸਿਮਰਤ-ਸੁਖਬੀਰ), ਭਾਜਪਾ ਦੇ ਸੋਮ ਪ੍ਰਕਾਸ਼ ਅਤੇ ਸੰਨੀ ਦਿਓਲ ਸਮੇਤ ਸਾਰੇ ਕਾਂਗਰਸੀ ਸੰਸਦ ਮੈਂਬਰਾਂ ਨੂੰ ਸੱਦਾ ਦਿੰਦਾ ਹਾਂ ਕਿ ਆਓ ਇਕੱਠੇ ਹੋ ਕੇ ਪੰਜਾਬ ਲਈ ਮੋਦੀ ਸਰਕਾਰ ਤੋਂ ਵਿਸ਼ੇਸ਼ ਵਿੱਤੀ ਪੈਕੇਜ ਲਈ ਹਰ ਸੰਭਵ ਦਬਾਅ ਬਣਾਈਏ।''


ਮਾਨ ਨੇ ਨਾਲ ਹੀ ਕਿਹਾ ਕਿ ਇਹ ਵੀ ਮੰਗ ਰੱਖਣੀ ਚਾਹੀਦੀ ਹੈ ਕਿ ਸਾਡੀ (ਸੰਸਦ) ਮੈਂਬਰਾਂ ਦੀ ਤਨਖ਼ਾਹ ਬੇਸ਼ੱਕ 30 ਪ੍ਰਤੀਸ਼ਤ ਦੀ ਥਾਂ 50 ਪ੍ਰਤੀਸ਼ਤ ਕੱਟ ਲਈ ਜਾਵੇ ਪਰੰਤੂ ਸੰਸਦਾਂ ਨੂੰ ਲੋਕਾਂ ਦੇ ਵਿਕਾਸ ਲਈ ਮਿਲਦੀ ਐਮਪੀਲੈਡ ਰਾਸ਼ੀ 'ਤੇ ਰੋਕ ਨਾ ਲੱਗੇ। ਮਾਨ ਨੇ ਪੰਜਾਬ 'ਚ ਸਾਬਕਾ ਵਿਧਾਇਕਾਂ ਅਤੇ ਸਾਬਕਾ ਸੰਸਦਾਂ ਨੂੰ ਇੱਕ ਤੋਂ ਵੱਧ ਮਿਲਦੀਆਂ ਪੈਨਸ਼ਨਾਂ ਤੁਰੰਤ ਬੰਦ ਕਰਨ ਦੀ ਮੰਗ ਕੀਤੀ।


ਮਾਨ ਨੇ ਕਿਹਾ ਕਿ ਕੇਂਦਰ ਪੰਜਾਬ ਦੀ ਜੀਐਸਟੀ ਰਿਫੰਡ ਵੀ ਨਹੀਂ ਦੇ ਰਿਹਾ ਜਦਕਿ ਹਰਸਿਮਰਤ ਕੌਰ ਬਾਦਲ ਵਲੋਂ ਕਰੋੜਾਂ ਰੁਪਏ ਦੀ ਰਾਸ਼ੀ ਟੀਵੀ ਡਿਬੇਟਾਂ ਤੋਂ ਬਿਨਾਂ ਹੇਠਾਂ ਕਿਤੇ ਨਜ਼ਰ ਨਹੀਂ ਆਈ। ਇਹ ਬੇਹੱਦ ਦੁਖਦ ਹੈ ਕਿ ਨਿਕੰਮੀਆਂ ਸਰਕਾਰਾਂ ਨੇ ਅੱਜ ਉਸ ਪੰਜਾਬ ਨੂੰ ਕੇਂਦਰ ਕੋਲੋਂ ਰਾਸ਼ਨ ਮੰਗਣ ਲਈ ਬੇਵੱਸ ਕਰ ਦਿਤਾ ਹੈ, ਜੋ ਪੂਰੇ ਦੇਸ਼ ਦਾ ਹੁਣ ਤਕ ਪੇਟ ਭਰਦਾ ਆ ਰਿਹਾ ਹੈ।