ਮੁੱਖ ਬਾਜ਼ਾਰ ’ਚ ਸੜਕ ’ਤੇ ਮਿਲੇ ਪੁਰਾਣੀ ਕਰੰਸੀ ਦੇ 1000 ਤੇ 500 ਰੁਪਏ ਦੇ ਨੋਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਲਵਾੜਾ ਮੇਨ ਬਾਜ਼ਾਰ ’ਚ ਕੌਲ ਗਾਰਮੈਂਟਸ ਦੇ ਨਜ਼ਦੀਕ ਪੁਰਾਣੀ ਕਰੰਸੀ ਦੇ 500 ਤੇ 1000 ਦੇ ਕਰੀਬ 36500 ਰੁਪਏ ਦੇ ਨੋਟਾਂ ਨਾਲ ਭਰਿਆ ਮਿਲਿਆ ਮਹਿਲਾ

File Photo

ਗੜ੍ਹਦੀਵਾਲਾ, 30 ਅਪ੍ਰੈਲ (ਹਰਪਾਲ ਸਿੰਘ): ਤਲਵਾੜਾ ਮੇਨ ਬਾਜ਼ਾਰ ’ਚ ਕੌਲ ਗਾਰਮੈਂਟਸ ਦੇ ਨਜ਼ਦੀਕ ਪੁਰਾਣੀ ਕਰੰਸੀ ਦੇ 500 ਤੇ 1000 ਦੇ ਕਰੀਬ 36500 ਰੁਪਏ ਦੇ ਨੋਟਾਂ ਨਾਲ ਭਰਿਆ ਮਿਲਿਆ ਮਹਿਲਾ ਪਰਸ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਸਬੰਧੀ ਥਾਣਾ ਤਲਵਾੜਾ ਮੁਖੀ ਭੂਸ਼ਨ ਸੇਖੜੀ ਨੇ ਦਸਿਆ ਕਿ ਸਥਾਨਕ ਨਗਰ ਪੰਚਾਇਤ ਦੇ ਉਪ ਪ੍ਰਧਾਨ ਜੋਗਿੰਦਰ ਪਾਲ ਛਿੰਦਾ ਨੇ ਫ਼ੋਨ ’ਤੇ ਪੁਲਿਸ ਨੂੰ ਸੂਚਿਤ ਕੀਤਾ ਕਿ ਮੇਨ ਬਾਜ਼ਾਰ ’ਚ ਕੌਲ ਗਾਰਮੈਂਟਸ ਨਜ਼ਦੀਕ ਇਕ ਮਹਿਲਾ ਪਰਸ ਸੜਕ ’ਤੇ ਡਿੱਗਿਆ ਹੋਇਆ ਹੈ।

ਉਕਤ ਪਰਸ ਨੂੰ ਇਕ ਗੱਤੇ ਦੇ ਡੱਬੇ ਹੇਠਾਂ ਦਬਾ ਕੇ ਰਖਿਆ ਗਿਆ ਹੈ ਜਿਸ ਵਿਚ ਪੁਰਾਣੀ ਕਰੰਸੀ ਦੇ 1000 ਤੇ 500 ਦੇ ਨੋਟ ਖਿਲਰੇ ਪਏ ਹੋਏ ਹਨ। ਮੌਕੇ ’ਤੇ ਥਾਣਾ ਮੁਖੀ ਸੇਖੜੀ ਤੇ ਏਐਸਆਈ ਓਮਪ੍ਰਕਾਸ਼ ਦੀ ਅਗਵਾਈ ’ਚ ਪੁਲਿਸ ਪਾਰਟੀ ਪੁੱਜੀ। ਪੁਲਿਸ ਨੇ ਸੜਕ ’ਤੇ ਪਏ ਪੁਰਾਣੀ ਕਰੰਸੀ ਦੇ ਨੋਟਾਂ, ਮਹਿਲਾ ਪਰਸ ਆਦਿ ਨੂੰ ਅਪਣੇ ਕਬਜ਼ੇ ’ਚ ਲਿਆ। ਥਾਣਾ ਤਲਵਾੜਾ ’ਚ ਪਰਸ ਦੀ ਛਾਣਬੀਣ ਕਰਨ ’ਤੇ ਪੁਰਾਣੀ ਕਰੰਸੀ ਦੇ 1000 ਰੁਪਏ ਦੇ ਕੁਲ 9 ਅਤੇ 500 ਰੁਪਏ ਦੇ ਕੁਲ 55 ਨੋਟ, ਕੁਲ ਰਾਸ਼ੀ 36500 ਰੁਪਏ ਨਿਕਲੇ ਸਨ। ਇਸ ਦੀ ਸੂਚਨਾ ਐਸਐਸਪੀ ਹੁਸ਼ਿਆਰਪੁਰ ਤੇ ਡੀਐਸਪੀ ਦਸੂਹਾ ਨੂੰ ਕੀਤੀ ਗਈ।

 ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ’ਤੇ ਸਥਾਨਕ ਸਟੇਟ ਬੈਂਕ ਆਫ਼ ਇੰਡੀਆ ਦੇ ਚੀਫ਼ ਮੈਨੇਜ਼ਰ ਸੁਰੇਸ਼ ਕੁਮਾਰ ਜਾਰੰਗਲ ਨਾਲ ਤਾਲਮੇਲ ਕੀਤਾ। ਉਨ੍ਹਾਂ ਪੁਰਾਣੇ ਕਰੰਸੀ ਨੋਟਾਂ ਦੀ ਜਾਣਕਾਰੀ ਰਿਜ਼ਰਵ ਬੈਂਕ, ਚੰਡੀਗੜ੍ਹ ਦੇ ਉੱਚ ਅਧਿਕਾਰੀਆਂ ਨੂੰ ਦਿਤੀ। ਉਨ੍ਹਾਂ ਅਗਲੇਰੀ ਕਾਰਵਾਈ ਲਈ ਤਲਵਾੜਾ ਪੁਲਿਸ ਨੂੰ ਉਕਤ ਘਟਨਾ ਸਬੰਧੀ ਇਕ ਵਿਸਤ੍ਰਿਤ ਰਿਪੋਰਟ ਤਿਆਰ ਕਰ ਕੇ ਐਸਐਸਪੀ ਹੁਸ਼ਿਆਰਪੁਰ ਰਾਹੀਂ ਰਿਜ਼ਰਵ ਬੈਂਕ ਚੰਡੀਗੜ੍ਹ ਭੇਜਣ ਦੀ ਹਦਾਇਤ ਕੀਤੀ। ਲਾਕਡਾਊਨ ਦੇ ਚਲਦਿਆਂ ਮੇਨ ਬਾਜ਼ਾਰ ’ਚ ਇੰਨੀ ਵੱਡੀ ਗਿਣਤੀ ਵਿਚ ਪੁਰਾਣੀ ਕਰੰਸੀ ਦੇ ਨੋਟਾਂ ਦਾ ਮਿਲਣਾ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ