48 ਘੰਟੇ ਦੇ ਸਪਤਾਹਿਕ ਕਰਫ਼ਿਊ ਕਾਰਨ ਮੁੜ ਛਾਈ ਪੰਜਾਬ ’ਚ ਬੇਰੌਣਕੀ
ਸ਼ੁਕਰਵਾਰ ਸ਼ਾਮ 6 ਵਜੇ ਹੀ ਨਾਈਟ ਕਰਫ਼ਿਊ ਨਾਲ ਸ਼ੁਰੂ ਹੋ ਗਿਆ ਤਾਲਾਬੰਦੀ ਦਾ ਮਾਹੌਲ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਪੰਜਾਬ ’ਚ ਕੋਰੋਨਾ ਦੇ ਵਧ ਰਹੇ ਪਾਜ਼ੇਟਿਵ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ ਦੇ ਮੱਦੇਨਜ਼ਰ 48 ਘੰਟੇ ਦੇ ਸਪਤਾਹਿਕ ਕਰਫ਼ਿਊ ਕਾਰਨ ਇਕ ਵਾਰ ਮੁੜ ਸੂਬੇ ਅੰਦਰ ਬਾਜ਼ਾਰ ਤੇ ਹੋਰ ਵਪਾਰਕ ਕਾਰੋਬਾਰ ਬੰਦ ਹੋਣ ਕਾਰਨ ਸ਼ੁੱਕਰਵਾਰ ਸ਼ਾਮ ਨੂੰ ਹੀ ਬੇਰੌਣਕੀ ਛਾ ਗਈ। ਜਿਸ ਸਮੇਂ ਬਾਜ਼ਾਰਾਂ ’ਚ ਰੌਣਕਾਂ ਹੁੰਦੀਆਂ ਹਨ, ਉਸ ਸਮੇਂ ਸਨਾਟਾ ਛਾਇਆ ਹੈ।
ਇਸ ਦਾ ਜ਼ਿਆਦਾ ਮਾੜਾ ਅਸਰ ਛੋਟੇ ਛੋਟੇ ਰੇਹੜੀ ਵਗੈਰਾ ਲਾ ਕੇ ਸ਼ਾਮ ਨੂੰ ਕੰਮ ਕਰਨ ਵਾਲੇ ਕਾਮਿਆਂ ਉਪਰ ਪਿਆ ਹੈ। ਪਿਛਲੇ ਹਫ਼ਤੇ ਵੀ ਸਪਤਾਹਿਕ ਕਰਫ਼ਿਊ ਦੇ ਚਲਦੇ ਮੁਕੰਮਲ ਬੰਦ ਵਰਗਾ ਮਾਹੌਲ ਰਿਹਾ ਸੀ। ਸਿਰਫ਼ ਵਾਹਨਾਂ ਤੇ ਜਨਤਕ ਟਰਾਂਸਪੋਰਟ ਦੀ ਆਵਾਜਾਈ ਤੋਂ ਇਲਾਵਾ ਕੁੱਝ ਜ਼ਰੂਰੀ ਸੇਵਾਵਾਂ ਤੇ ਵਰਤੋਂ ਵਾਲੀਆਂ ਕਰਿਆਨੇ ਦੀਆਂ ਵਾਸਤਾਂ ਅਤੇ ਦੁੱਧ ਤੇ ਸਬਜ਼ੀ ਵਗੈਰਾ ਨੂੰ ਇਸ ਕਰਫ਼ਿਊ ਤੋਂ ਛੋਟ ਹੈ।
ਰਾਤ ਸਮੇਂ ਇੰਡਸਟਰੀ ਨੂੰ ਵੀ ਛੋਟ ਦਿਤੀ ਗਈ ਹੈ। ਭਾਵੇਂ ਜਨਤਕ ਟਰਾਂਸਪੋਰਟ ’ਤੇ ਕੋਈ ਰੋਕ ਨਹੀਂ ਲਾਈ ਗਈ ਪਰ ਕੋਰੋਨਾ ਦੀ ਦਹਿਸ਼ਤ ਕਾਰਨ ਹੋਰ ਸਾਰੇ ਕਾਰੋਬਾਰ ਤੇ ਬਾਜ਼ਾਰ ਬੰਦ ਹੋਣ ਕਾਰਨ ਚੋਣਵੇਂ ਰੂਟਾਂ ’ਤੇ ਹੀ ਸਰਕਾਰੀ ਬੱਸਾਂ ਪਿਛਲੇ ਹਫ਼ਤੇ ਚੱਲੀਆਂ ਸਨ ਤੇ ਸਵਾਰੀਆਂ ਨਾ ਹੋਣ ਕਾਰਨ ਪ੍ਰਾਈਵੇਟ ਬੱਸ ਸੇਵਾ ਲਗਭਗ ਠੱਪ ਰਹੀ ਸੀ।
ਇਸ ਹਫ਼ਤੇ ਵੀ ਇਹੋ ਮਾਹੌਲ ਬਣਦਾ ਵਿਖਾਈ ਦੇ ਰਿਹਾ ਹੈ। ਇਹ ਸਾਰੀਆਂ ਪਾਬੰਦੀਆਂ 15 ਮਈ ਤਕ ਲਾਗੂ ਕੀਤੀਆਂ ਗਈਆਂ ਹਨ। ਆਕਸੀਜਨ ਦੀ ਕਮੀ ਕਾਰਨ ਹੋ ਰਹੀਆਂ ਮੌਤਾਂ ਤੇ ਵੈਕਸੀਨ 18 ਸਾਲ ਤੋਂ 45 ਸਾਲ ਵਾਲਿਆਂ ਲਈ ਹਾਲੇ ਉਪਲਬਧ ਨਾ ਹੋਣ ਕਾਰਨ ਲੋਕਾਂ ਵਿਚ ਜ਼ਿਆਦਾ ਡਰ ਫੈਲਿਆ ਹੈ। ਭਾਵੇਂ ਸਪਤਾਹਿਕ ਕਰਫ਼ਿਊ ਸ਼ਨੀਵਾਰ ਸਵੇਰੇ 5 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤਕ ਹੈ ਪਰ ਰੋਜ਼ਾਨਾ ਲੱਗਣ ਵਾਲਾ ਨਾਈਟ ਕਰਫ਼ਿਊ ਸ਼ਾਮ 6 ਵਜੇ ਸ਼ੁਰੂ ਹੋਣ ਨਾਲ ਸ਼ੁਕਰਵਾਰ ਸ਼ਾਮ ਤੋਂ ਹੀ ਕਾਰਫ਼ਿਊ ਦਾ ਮਾਹੌਲ ਬਜ਼ਾਰ ਤੇ ਹੋਰ ਕਾਰੋਬਾਰ ਬੰਦ ਹੋਣ ਨਾਲ ਬਣਿਆ ਹੈ।