ਮੁਕੰਮਲ ਤਾਲਾਬੰਦੀ ਮਸਲੇ ਦਾ ਹੱਲ ਨਹੀਂ: ਕੈਪਟਨ ਅਮਰਿੰਦਰ ਸਿੰਘ  

ਏਜੰਸੀ

ਖ਼ਬਰਾਂ, ਪੰਜਾਬ

ਮੁਕੰਮਲ ਤਾਲਾਬੰਦੀ ਮਸਲੇ ਦਾ ਹੱਲ ਨਹੀਂ: ਕੈਪਟਨ ਅਮਰਿੰਦਰ ਸਿੰਘ  

image

ਕੋਰੋਨਾ ਦੀ ਸਥਿਤੀ ਦੇ ਜਾਇਜ਼ੇ ਲਈ ਕੀਤੀ ਮੀਟਿੰਗ 

ਚੰਡੀਗੜ੍ਹ, 30 ਅਪ੍ਰੈਲ (ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਦੀ ਘੜੀ ਪੂਰੀ ਤਾਲਾਬੰਦੀ ਦੀ ਸੰਭਾਵਨਾ ਤੋਂ ਇਨਕਾਰ ਕਰਦੇ ਹੋਏ ਸ਼ੁਕਰਵਾਰ ਨੂੰ  ਸੱਭ ਤੋਂ ਵੱਧ ਕੋਵਿਡ ਪ੍ਰਭਾਵਤ 6 ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੂੰ  ਮਾਈਕਰੋ ਕੰਟੇਨਮੈਂਟ ਰਣਨੀਤੀ ਹੋਰ ਪੁਖਤਾ ਕਰਨ ਅਤੇ 100 ਫ਼ੀ ਸਦੀ ਟੈਸਟਿੰਗ ਯਕੀਨੀ ਬਣਾਉਣ ਦੇ ਹੁਕਮ ਦਿਤੇ | ਉਨ੍ਹਾਂ ਕਿਹਾ ਕਿ ਮੁਕੰਮਲ ਤਾਲਾਬੰਦੀ ਮਸਲੇ ਦਾ ਹਲ ਨਹੀਂ ਹੈ ਕਿਉਂ ਜੋ ਇਸ ਨਾਲ ਵੱਡੀ ਪੱਧਰ ਉਤੇ ਪ੍ਰਵਾਸੀ ਮਜ਼ਦੂਰ ਅਪਣੇ ਸੂਬਿਆਂ ਵਲ ਵਹੀਰਾਂ ਘੱਤ ਦੇਣਗੇ ਜਿਥੇ ਕਿ ਮੈਡੀਕਲ ਸਹੂਲਤਾਂ ਬਿਲਕੁਲ ਨਿਗੂਣੀਆਂ ਹਨ | ਉਨ੍ਹਾਂ ਨੇ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਨੂੰ  ਨਿਰਦੇਸ਼ ਦਿਤੇ ਕਿ ਸਾਰੀਆਂ ਪਾਬੰਦੀਆਂ ਸਖ਼ਤੀ ਨਾਲ ਲਾਗੂ ਕੀਤੀਆਂ ਜਾਣ ਅਤੇ ਜ਼ਿਆਦਾ ਪਾਜ਼ੇਟਿਵ ਮਾਮਲਿਆਂ ਵਾਲੇ ਸਾਰੇ ਖੇਤਰਾਂ ਦੇ ਹੋਟਲਾਂ ਵਿਚ ਬੈਠ ਕੇ ਖਾਣ ਉਤੇ ਰੋਕ ਲਾਈ ਜਾਵੇ ਅਤੇ ਸਿਹਤ ਵਿਭਾਗ ਦੁਆਰਾ ਰੈਸਟੋਰੈਂਟਾਂ ਦੇ ਸਟਾਫ਼ ਦੀ ਕੋਵਿਡ ਜਾਂਚ ਕੀਤੀ ਜਾਵੇ |ਉਦਯੋਗ ਜਗਤ ਨੂੰ  ਹਲਕੇ ਲੱਛਣਾਂ ਵਾਲੇ ਕਾਮਿਆਂ ਦੇ ਇਲਾਜ ਲਈ ਅਪਣੇ ਖ਼ੁਦ ਦੇ ਕੋਵਿਡ ਇਲਾਜ ਕੇਂਦਰ ਸਥਾਪਤ ਕਰਨ ਅਤੇ ਆਰਜ਼ੀ ਹਸਪਤਾਲ ਤਿਆਰ ਕਰਨ ਲਈ ਅਪੀਲ ਕਰਦੇ ਹੋਏ ਮੁੱਖ ਮੰਤਰੀ ਨੇ ਕੋਵਿਡ ਵਿਰੁਧ ਜੰਗ ਮਿਲਜੁਲ ਕੇ ਲੜਨ ਉਤੇ ਜ਼ੋਰ ਦਿਤਾ | 

ਉਨ੍ਹਾਂ ਨੇ ਮੁੱਖ ਸਕੱਤਰ ਨੂੰ  ਕੋਵਿਡ ਵਿਰੁਧ ਜੰਗ 

ਵਿਚ ਸੇਵਾ ਮੁਕਤ ਡਾਕਟਰਾਂ/ਨਰਸਾਂ ਅਤੇ ਐਮ.ਬੀ.ਬੀ.ਐਸ. ਦੇ ਆਖ਼ਰੀ ਵਰ੍ਹੇ ਦੇ ਵਿਦਿਆਰਥੀਆਂ ਨੂੰ  ਐਲ-2/ਐਲ-3 ਸੰਸਥਾਨਾਂ ਵਿਖੇ ਮੁੜ ਡਿਊਟੀ ਉਤੇ ਆਉਣ ਲਈ ਹੱਲਾਸ਼ੇਰੀ ਦੇਣ ਲਈ ਕਿਹਾ ਅਤੇ ਇਹ ਸੁਝਾਅ ਦਿਤਾ ਕਿ ਜਿਮਨੇਜ਼ੀਅਮ/ਹਾਲਾਂ ਵਿਚ ਆਰਜੀ ਤੌਰ ਉਤੇ ਸਿਹਤ ਸੰਭਾਲ ਕੇਂਦਰ ਸਥਾਪਤ ਕਰਨ ਦੀ ਸੁਝਾਅ ਦਿਤਾ |
ਮੁੱਖ ਮੰਤਰੀ ਅੱਜ 6 ਸੱਭ ਤੋਂ ਵੱਧ ਪ੍ਰਭਾਵਤ ਜ਼ਿਲਿ੍ਹਆਂ ਲੁਧਿਆਣਾ, ਐਸ.ਏ.ਐਸ. ਨਗਰ (ਮੋਹਾਲੀ), ਜਲੰਧਰ, ਬਠਿੰਡਾ, ਪਟਿਆਲਾ ਅਤੇ ਅੰਮਿ੍ਤਸਰ ਵਿਖੇ ਕੋਵਿਡ ਸਥਿਤੀ ਦੀ ਸਮੀਖਿਆ ਸਬੰਧੀ ਇਕ ਵਰਚੂਅਲ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ | ਸੱਭ ਤੋਂ ਪ੍ਰਭਾਵਤ 6 ਜ਼ਿਲਿ੍ਹਆਂ ਵਿਚੋਂ ਮੋਹਾਲੀ ਅਤੇ 2 ਹੋਰ ਜ਼ਿਲਿ੍ਹਆਂ ਵਿਚ ਕੰਟੇਨਮੈਂਟ ਜ਼ੋਨਾਂ ਦੀ ਥੋੜ੍ਹੀ ਗਿਣਤੀ ਉਤੇ ਚਿੰਤਾ ਜ਼ਾਹਿਰ ਕਰਦੇ ਹੋਏ ਮੁੱਖ ਮੰਤਰੀ ਨੇ ਕੰਟੇਨਮੈਂਟ ਅਤੇ ਟੈਸਟਿੰਗ ਪ੍ਰਣਾਲੀ ਨੂੰ  ਮਜ਼ਬੂਤ ਕਰਨ ਲਈ ਤੁਰਤ ਕਦਮ ਚੁੱਕਣ ਦੇ ਹੁਕਮ ਦਿਤੇ | 
ਸੂਬੇ ਦੇ 14 ਜ਼ਿਲਿ੍ਹਆਂ ਵਿਚ ਪਾਜ਼ੇਟਿਵਟੀ ਦਰ 10 ਫ਼ੀ ਸਦੀ ਤੋਂ ਵੱਧ ਹੈ ਜਦੋਂ ਕਿ ਪੰਜ ਜ਼ਿਲਿ੍ਹਆਂ ਵਿਚ 60 ਫ਼ੀ ਸਦੀ ਤੋਂ ਵੱਧ ਬੈੱਡ ਭਰੇ ਹੋਏ ਹਨ | ਉਨ੍ਹਾਂ ਕਿਹਾ ਕਿ ਮੁਹਾਲੀ ਵਿਖੇ 100 ਬਿਸਤਰਿਆਂ ਵਾਲੇ ਆਰਜ਼ੀ ਹਸਪਤਾਲ ਦਾ ਢਾਂਚਾ ਸਥਾਪਤ ਕੀਤਾ ਜਾ ਰਿਹਾ ਹੈ ਜਦੋਂ ਕਿ ਬਠਿੰਡਾ ਰਿਫ਼ਾਇਨਰੀ ਨੇੜੇ 250 ਬਿਸਤਰਿਆਂ ਵਾਲਾ ਆਰਜ਼ੀ ਹਸਪਤਾਲ ਬਣਾਇਆ ਜਾ ਰਿਹਾ ਹੈ, ਜਿਥੇ ਰਿਫ਼ਾਇਨਰੀ ਤੋਂ ਆਕਸੀਜਨ ਦੀ ਸਪਲਾਈ ਹੋਵੇਗੀ | ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ  ਸਿਖਰ ਲਈ ਤਿਆਰ ਰਹਿਣ ਅਤੇ ਵੱਖ-ਵੱਖ ਜ਼ਿਲਿ੍ਹਆਂ ਵਿਚ ਆਰਜ਼ੀ ਹਸਪਤਾਲ ਬਣਾਉਣ ਲਈ ਥਾਵਾਂ ਦੀ ਸ਼ਨਾਖ਼ਤ ਕਰਨ ਲਈ ਆਖਿਆ | 
ਡਾ. ਕੇ.ਕੇ. ਤਲਵਾੜ, ਜੋ ਸੂਬਾ ਸਰਕਾਰ ਦੇ ਕੋਵਿਡ ਮਾਹਿਰ ਗਰੁੱਪ ਦੇ ਮੁਖੀ ਹਨ, ਨੇ ਕਿਹਾ ਕਿ ਸਾਰੇ ਹਸਪਤਾਲਾਂ ਨੂੰ  ਆਕਸੀਜਨ ਦੀ ਦੁਰਵਰਤੋਂ ਚੈੱਕ ਕਰਨ ਲਈ ਵਿਸਥਾਰਤ ਦਿਸ਼ਾ-ਨਿਰਦੇਸ਼ਾਂ ਮੁਹਈਆ ਕਰਵਾਏ ਜਾਣਗੇ | ਉਨ੍ਹਾਂ ਕਿਹਾ ਕਿ ਠੀਕ ਹੋਏ ਮਰੀਜ਼ਾਂ ਨੂੰ  ਲੈਵਲ-2 ਤੋਂ ਲੈਵਲ-3 ਦੇ ਖ਼ਾਲੀ ਬੈੱਡਜ਼ ਉਤੇ ਸ਼ਿਫਟ ਕੀਤਾ ਜਾ ਰਿਹਾ ਹੈ | ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਮੌਜੂਦਾ ਸਮੇਂ ਗੰਭੀਰ ਸਥਿਤੀ ਨੂੰ  ਦੇਖਦਿਆਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੂੰ  ਸਲਾਹ ਦਿਤੀ ਗਈ ਹੈ ਕਿ ਸੈਨੇਟ ਚੋਣਾਂ ਫਿਲਹਾਲ ਨਾ ਕਰਵਾਈਆਂ ਜਾਣ |


    ਡੱਬੀ
ਆਕਸੀਜਨ ਦੀ ਕਾਲਾਬਾਜ਼ਾਰੀ/ਜਮ੍ਹਾਂਖੋਰੀ ਵਿਰੁਧ ਸਖ਼ਤੀ ਲਈ ਕਿਹਾ
ਸੂਬੇ ਵਿਚ ਆਕਸੀਜਨ ਦੀ ਨਿਰੰਤਰ ਕਮੀ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਆਕਸੀਜਨ ਸਿਲੰਡਰਾਂ ਦੀ ਕਾਲਾਬਜ਼ਾਰੀ, ਜਮ੍ਹਾਂਖੋਰੀ ਜਾਂ ਨਿਜੀ ਮੁਨਾਫ਼ਾ ਕਮਾਉਣ ਜਾਂ ਸੂਬੇ ਤੋਂ ਬਾਹਰ ਇਸ ਦੀ ਤਸਕਰੀ ਦੀ ਕਿਸੇ ਵੀ ਕਾਰਵਾਈ ਵਿਰੁਧ ਸਖ਼ਤ ਕਾਰਵਾਈ ਦੀ ਚਿਤਾਵਨੀ ਦਿਤੀ ਹੈ, ਖ਼ਾਸ ਕਰ ਜਦੋਂ ਪੰਜਾਬ ਵਿਚ ਆਕਸੀਜਨ ਦੀ ਵੰਡ ਖ਼ੁਦ ਪੂਰੀ ਨਹੀਂ ਪੈ ਰਹੀ ਹੈ |  ਸੰਕਟ ਦੀ ਇਸ ਘੜੀ ਵਿਚ ਸਹਿਯੋਗ ਕਰ ਰਹੇ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ  ਬੈੱਡਾਂ ਦੀ ਗਿਣਤੀ ਵਧਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰੀ ਏਜੰਸੀਆਂ ਵਲੋਂ ਇਨ੍ਹਾਂ ਹਸਪਤਾਲਾਂ ਨੂੰ  ਲੋੜੀਂਦੀ ਆਕਸੀਜਨ ਸਪਲਾਈ ਕੀਤੀ ਜਾਵੇਗੀ ਅਤੇ ਆਕਸੀਜਨ ਦੀ ਘਾਟ ਕਰ ਕੇ ਕੋਈ ਵੀ ਦੁਰਘਟਨਾ ਵਾਪਰਨ 'ਤੇ ਉਨ੍ਹਾਂ ਵਿਰੁਧ ਦੰਡਾਤਮਕ ਕਾਰਵਾਈ ਨਹੀਂ ਕੀਤੀ ਜਾਵੇਗੀ | 
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਬਾਹਰੋਂ ਆਉਣ ਵਾਲੇ ਮਰੀਜ਼ਾਂ ਕਰ ਕੇ ਪੰਜਾਬ ਦੇ ਲੋਕਾਂ ਨੂੰ  ਹਸਪਤਾਲਾਂ ਵਿਚ ਜਗ੍ਹਾਂ ਨਾ ਮਿਲਣ 'ਤੇ ਚਿੰਤਾ ਜ਼ਾਹਰ ਕੀਤੇ ਜਾਣ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਆਕਸੀਜਨ ਦੀ ਕਮੀ ਦੇ ਬਾਵਜੂਦ ਹਰਿਆਣੇ ਅਤੇ ਦਿੱਲੀ ਵਰਗੇ ਹੋਰ ਰਾਜਾਂ ਤੋਂ ਪੰਜਾਬ ਵਿਚ ਇਲਾਜ ਵਾਸਤੇ ਆਉਣ ਵਾਲੇ ਕਿਸੇ ਵੀ ਮਰੀਜ਼ ਦੀ ਦੇਖਭਾਲ ਤੋਂ ਇਨਕਾਰ ਕਰਨ ਦੇ ਹੱਕ ਵਿਚ ਨਹੀਂ ਹਨ |