ਪ੍ਰੋਫੈਸਰ ਦਾ ਸਰਕਾਰ ਖਿਲਾਫ਼ ਪ੍ਰਦਰਸ਼ਨ, ਬੱਚਿਆਂ ਨੂੰ ਬੱਸ 'ਚ ਕਰਵਾਈ ਪੜ੍ਹਾਈ, ਮਾਮਲਾ ਦਰਜ
ਫੈਸਰ ਖਿਲਾਫ਼ 188 ਐਪੀਡੈਮਿਕ ਡਿਸੀਜ਼ ਐਕਟ ਅਤੇ 51 ਡਿਜ਼ਾਸਟਰ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਜਲੰਧਰ (ਸੁਸ਼ੀਲ ਹੰਸ) - ਕੋਰੋਨਾ ਵਾਇਰਸ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਕੋਚਿੰਗ ਸੈਂਟਰ ਬੰਦ ਕੀਤੇ ਗਏ ਹਨ। ਇਨ੍ਹਾਂ ਕੋਚਿੰਗ ਸੈਂਟਰਾਂ ਵਿਚ ਬੱਚਿਆਂ ਨੂੰ ਪੜ੍ਹਾਉਣ ਵਾਲੇ ਪ੍ਰੋਫੈਸਰ ਐੱਮਪੀ ਸਿੰਘ ਨੇ ਬੱਚਿਆਂ ਨੂੰ ਚੱਲਦੀ ਬੱਸ ਵਿਚ ਪੜ੍ਹਾਈ ਕਰਵਾਈ ਤੇ ਉਹਨਾਂ ਨੇ ਇਹ ਮਿਸਾਲ ਕਾਇਮ ਕੀਤੀ। ਕਮਿਸ਼ਨਰੇਟ ਪੁਲਿਸ ਨੇ ਪ੍ਰੋਫੈਸਰ ਐੱਮਪੀ ਸਿੰਘ ਦੀ ਬੱਸ ਵਿਚ ਪੜ੍ਹਾਉਣ ਦੀ ਵੀਡੀਓ ਵਾਇਰਲ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਉਸ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਹੈ।
ਕੋਚਿੰਗ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਤੇ ਕਮਿਸਟਰੀ ਪੜ੍ਹਾਉਣ ਵਾਲੇ ਪ੍ਰੋਫੈਸਰ ਐੱਮਪੀ ਸਿੰਘ ਨੇ ਕਿਹਾ ਕਿ ਸਰਕਾਰ ਨੇ ਬੱਸਾਂ ਵਿਚ 50 ਫੀਸਦੀ ਯਾਤਰੀਆਂ ਨੂੰ ਬੈਠਣ ਦੀ ਖੁੱਲ੍ਹ ਦਿੱਤੀ ਹੋਈ ਹੈ। ਇਸ ਲਈ ਉਹ 52 ਸੀਟਾਂ ਵਾਲੀ ਬੱਸ ਵਿਚ ਸਿਰਫ 10 ਬੱਚਿਆਂ ਨੂੰ ਹੀ ਪੜ੍ਹਾ ਰਹੇ ਹਨ। ਪ੍ਰੋਫੈਸਰ ਦਾ ਕਹਿਣਾ ਸੀ ਕਿ ਜਿਸ ਯੂਕੇ ਸਟਰੇਨ ਨੇ ਭਾਰਤ ਵਿੱਚ ਤਬਾਹੀ ਮਚਾਈ ਹੋਈ ਹੈ ਉਸ ਯੂਕੇ ਨੇ ਵੀ ਬੱਚਿਆਂ ਦੀ ਪੜ੍ਹਾਈ ਬੰਦ ਨਹੀਂ ਕੀਤੀ। ਉਹਨਾਂ ਕਿਹਾ ਕਿ ਜੇ ਅਸੀਂ ਕਿਸੇ ਦੇ ਘਰ ਵਿਚ ਜਾ ਕੇ ਕਲਾਸ ਲਗਾਈਏ ਤਾਂ ਮਾਮਲਾ ਦਰਜ ਹੋ ਸਕਦਾ ਹੈ ਪਰ ਬੱਸ ਵਿਚ ਤਾਂ ਅੱਧੀ ਸਵਾਰੀਆਂ ਬੈਠ ਸਕਦੀਆਂ ਹਨ
ਇਸ ਲਈ ਮੈਂ ਬੱਸ ਵਿਚ ਕਲਾਸ ਲਗਾਈ ਅਤੇ ਅਜਿਹਾ ਕਰਨ 'ਤੇ ਮਾਮਲਾ ਦਰਜ ਨਹੀਂ ਹੋ ਸਕਦਾ ਬਲਕਿ ਮੈਂ ਤਾਂ ਇਹ ਕਹਿੰਦਾ ਹਾਂ ਕਿ 3-4 ਬੱਸਾਂ ਨਾਲ ਲਗਾ ਕੇ ਪੜ੍ਹਾਈ ਜਾਰੀ ਰੱਖੀ ਜਾ ਸਕਦੀ ਹੈ। ਇਸ ਬਾਰੇ ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਪ੍ਰੋਫੈਸਰ ਖਿਲਾਫ਼ 188 ਐਪੀਡੈਮਿਕ ਡਿਸੀਜ਼ ਐਕਟ ਅਤੇ 51 ਡਿਜ਼ਾਸਟਰ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਡੀਸੀਪੀ ਦਾ ਕਹਿਣਾ ਹੈ ਕਿ ਪੜ੍ਹੇ ਲਿਖੇ ਲੋਕਾਂ ਤੋਂ ਅਜਿਹੀ ਉਮੀਦ ਨਹੀਂ ਸੀ ਕਿ ਮਹਾਮਾਰੀ ਵਿਚ ਉਹ ਅਜਿਹੀ ਹਰਕਤ ਕਰਨਗੇ। ਉਧਰ ਪੜ੍ਹਾਈ ਕਰ ਰਹੇ ਬੱਚਿਆਂ ਦਾ ਕਹਿਣਾ ਹੈ ਕਿ ਉਹ ਪੂਰੀ ਸਾਵਧਾਨੀ ਵਰਤ ਕੇ ਹੀ ਪੜਾਈ ਕਰ ਰਹੇ ਹਨ।