ਪੰਜਾਬ ਵਿਚ ਸਰਕਾਰੀ ਬੱਸਾਂ ਦਾ ਚੱਕਾ ਜਾਮ, ਤਿੰਨ ਦਿਨ ਨਹੀਂ ਚੱਲਣਗੀਆਂ ਬੱਸਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ

photo

 

 ਲੁਧਿਆਣਾ : ਪੰਜਾਬ ਵਿੱਚ ਰੋਡਵੇਜ਼ ਮੁਲਾਜ਼ਮ ਆਪਣੀਆਂ ਮੰਗਾਂ ਮਨਵਾਉਣ ਲਈ 8, 9 ਅਤੇ 10 ਜੂਨ ਨੂੰ ਮੁਕੰਮਲ ਚੱਕਾ ਜਾਮ ਕਰਨਗੇ। ਇਹ ਫੈਸਲਾ ਐਤਵਾਰ ਨੂੰ ਲੁਧਿਆਣਾ ਬੱਸ ਸਟੈਂਡ ਵਿਖੇ ਹੋਈ ਪੰਜਾਬ ਰੋਜ਼ਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਦੌਰਾਨ ਲਿਆ ਗਿਆ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਪੰਜਾਬ ਭਰ ਤੋਂ ਪਨਬੱਸ/ਪੀਆਰਟੀਸੀ ਡਿਪੂ ਮੈਂਬਰਾਂ ਨੇ ਸ਼ਮੂਲੀਅਤ ਕੀਤੀ।

 

 

ਮੀਟਿੰਗ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਤੱਕ ਪਹੁੰਚ ਕਰਨ ਲਈ ਐਕਸ਼ਨ ਪਲਾਨ ਤਿਆਰ ਕੀਤਾ ਗਿਆ। ਇਸ ਮੌਕੇ 'ਤੇ ਪੰਜਾਬ ਦੇ ਸਮੂਹ ਪੰਜਾਬ ਰੋਡਵੇਜ਼ ਪਨਬਸ ਅਤੇ ਪੀਆਰਟੀਸੀ ਦੇ ਅਹੁਦੇਦਾਰਾਂ ਦੀ ਸਹਿਮਤੀ ਅਨੁਸਾਰ ਸਾਝਾਂ ਪ੍ਰੈਸ ਨੋਟ ਜਾਰੀ ਕਰਦਿਆਂ ਸੂਬਾ ਸਕੱਤਰ ਸ਼ਮਸ਼ੇਰ ਸਿੰਘ ਢਿੱਲੋ, ਸੀ ਮੀ ਪ੍ਰਧਾਨ ਹਰਕੇਸ਼ ਵਿੱਕੀ ਅਤੇ ਬਲਜੀਤ ਸਿੰਘ ਜੁਆਇੰਟ ਸਕੱਤਰ ਜਗਤਾਰ ਸਿੰਘ ਜਲੋਰ ਸਿੰਘ ਅਤੇ ਗੁਰਪ੍ਰੀਤ ਪੰਨੂੰ ਵੱਲੋ ਪਨਬਸ ਤੇ ਪੀਆਰਟੀਸੀ ਦੇ ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਪੂਰਾ ਕਰਵਾਉਣ ਲਈ ਸਰਕਾਰ ਤੱਕ ਮੁਲਾਜ਼ਮਾਂ ਦੀ ਆਵਾਜ਼ ਪਹੁੰਚਾਉਣ ਲਈ ਸੂਬਾ ਕਮੇਟੀ ਦੁਆਰਾ ਉਲੀਕੇ ਸੰਘਰਸ਼ ਬਾਰੇ ਦੱਸਦੇ ਹੋਏ ਜਾਣਕਾਰੀ ਸਾਂਝੀ ਕੀਤੀ ਗਈ ।

 

 

 

ਉਹਨਾਂ ਕਿਹਾ ਕਿ ਪਨਬਸ ਤੇ ਪੀਆਰਟੀਸੀ ਮੁਲਾਜ਼ਮਾਂ ਆਪਣੀਆਂ ਮੰਗਾਂ ਲਈ ਕਾਫੀ ਲੰਬੇ ਸਮੇਂ ਤੋ ਸੰਘਰਸ਼ ਕਰਦੇ ਆ ਰਹੇ ਹਨ ਪ੍ਰੰਤੂ ਨਵੀਂ ਬਣੀ ਸਰਕਾਰ ਦੇ ਟਰਾਂਸਪੋਰਟ ਮੰਤਰੀ ਨਾਲ ਦੋ ਮੀਟਿਗਾਂ ਕਰ ਚੁੱਕੇ ਹਨ ਪਰ ਮੰਤਰੀ ਵੱਲੋ ਪਨਬੱਸ,ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅੱਖੋ ਪਰੋਖੇ ਕੀਤਾ ਜਾ ਰਿਹਾ ਜਿਸ ਤੋ ਲੱਗਦਾ ਹੈ ਕਿ ਨਵੀਂ ਬਣੀ ਸਰਕਾਰ ਵੀ ਪੁਰਾਣੀਆਂ ਸਰਕਾਰਾਂ ਦੇ ਰਸਤੇ ਤੇ ਚਲਦੀ ਹੋਈ ਪਨਬਸ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦਾ ਸ਼ੋਸ਼ਣ ਕਰਨ ਵਾਲੇ ਪਾਸੇ ਤੁਰ ਪਈ ਹੈ ।

 

ਜਿਸ ਕਾਰਨ ਜਥੇਬੰਦੀ ਨੂੰ ਮਜਬੂਰ ਹੋ ਕੇ  ਇਹ ਫੈਸਲਾ ਲੈਣਾ ਪਿਆ। ਮੰਗਾਂ ਨੂੰ ਪੂਰਾ ਕਰਵਾਉਣ ਸਬੰਧੀ ਮਿਤੀ 10 ਮਈ ਨੂੰ ਸਮੂਹ ਪੰਜਾਬ ਦੇ ਡਿੱਪੂਆਂ ਤੇ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਅਤੇ  24 ਮਈ ਨੂੰ ਸਾਰੇ ਪੰਜਾਬ ਦੇ ਪੀ ਆਰ ਟੀ ਸੀ ਤੇ ਪੰਜਾਬ ਰੋਡਵੇਜ਼ ਦੇ ਬੱਸ ਸਟੈਡ ਦੋ ਘੰਟੇ ਲਈ ਬੰਦ ਕਰਾਂਗੇ। 8,9,10  ਜੂਨ ਨੂੰ ਹੜਤਾਲ ਕਰਕੇ ਪਨਬਸ ਅਤੇ ਪੀ ਆਰ ਟੀ ਸੀ ਦਾ ਮੁਕੰਮਲ ਚੱਕਾ ਜਾਮ ਕੀਤਾ ਜਾਵੇਗਾ। 

 

ਇਸ ਮੌਕੇ ਤੇ ਮੀਤ ਪ੍ਰਧਾਨ ਸਤਵਿੰਦਰ ਸਿੰਘ , ਪ੍ਰਦੀਪ ਕੁਮਾਰ, ਜਤਿੰਦਰ ਸਿੰਘ, ਦਲਜੀਤ ਸਿੰਘ, ਜਸਵੀਰ ਸਿੰਘ, ਸਹਿਜਪਾਲ ਸਿੰਘ, ਗੁਰਜੀਤ ਸਿੰਘ,  ਹਰਜਿੰਦਰ ਸਿੰਘ ਹੈਰੀ ਆਦਿ ਆਗੂ ਹਾਜ਼ਰ ਹੋਏ।