ਜਿੰਮ ਦੀ ਆੜ ਵਿੱਚ ਹੋ ਰਹੀ ਸੀ ਨਸ਼ਾ ਤਸਕਰੀ, ਪੁਲਿਸ ਨੇ ਕੀਤਾ ਪਰਦਾਫ਼ਾਸ਼ 

ਏਜੰਸੀ

ਖ਼ਬਰਾਂ, ਪੰਜਾਬ

ਮੁਲਜ਼ਮਾਂ ਕੋਲੋਂ ਨਸ਼ੀਲੇ ਪਦਾਰਥ, 5 ਕਾਰਤੂਸ ਅਤੇ ਡਰੱਗ ਮਨੀ ਹੋਈ ਬਰਾਮਦ 

K.K Fitness Studio

ਬੈਂਕ ਖਾਤਿਆਂ ਨੂੰ ਕੀਤਾ ਜਾਵੇਗਾ ਫ੍ਰੀਜ਼
ਲੁਧਿਆਣਾ :
ਸ਼ਹਿਰ ਲੁਧਿਆਣਾ ਦੇ ਧਾਂਦਰਾ ਰੋਡ 'ਤੇ ਬੁੱਧਵਾਰ ਦੇਰ ਸ਼ਾਮ ਕਾਰ ਸਵਾਰ ਇੱਕ ਨੌਜਵਾਨ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ ਅਤੇ ਫਰਾਰ ਹੋ ਗਿਆ। ਦੋਸ਼ੀ ਨੂੰ ਫੜਨ ਲਈ ਪੁਲਿਸ ਨੇ ਇਕ ਦਿਨ ਪਹਿਲਾਂ ਉਸ ਦੇ ਘਰ ਅਤੇ ਜਿੰਮ 'ਤੇ ਛਾਪੇਮਾਰੀ ਕੀਤੀ ਸੀ।

ਐਸਟੀਐਫ ਦੀ ਟੀਮ ਨੇ ਮੁਲਜ਼ਮਾਂ ਦੇ ਘਰੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਨਸ਼ੀਲੇ ਪਦਾਰਥਾਂ ਦੀ ਖੇਪ ਬਰਾਮਦ ਹੋਣ ਤੋਂ ਬਾਅਦ ਪੁਲਿਸ ਨੇ ਹੁਣ ਮੁਲਜ਼ਮ ਨੌਜਵਾਨਾਂ ਦੇ ਬੈਂਕ ਖਾਤਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਉਕਤ ਮੁਲਜ਼ਮ ਨੌਜਵਾਨ ਕਿਸੇ ਵੱਡੇ ਨਸ਼ਾ ਤਸਕਰਾਂ ਨਾਲ ਸਬੰਧਤ ਜਾਪਦਾ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

ਐਸਟੀਐਫ ਟੀਮ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਇਲਾਕਾ ਪੁਲਿਸ ਦੀ ਮਦਦ ਨਾਲ ਦੋ ਦਿਨ ਪਹਿਲਾਂ ਮੁਲਜ਼ਮ ਦੀਪਕ ਕੁਮਾਰ ਦੇ ਘਰ ਛਾਪਾ ਮਾਰ ਕੇ  315 ਗ੍ਰਾਮ ਹੈਰੋਇਨ, 20 ਗ੍ਰਾਮ ਅਫੀਮ, 2 ਜ਼ਿੰਦਾ ਰੌਂਦ 32 ਬੋਰ ਅਤੇ 21800 ਰੁਪਏ ਦੀ ਡਰੱਗ ਮਨਿ ਬਰਾਮਦ ਕੀਤੇ ਸਨ।

ਪੁਲਿਸ ਮੁਤਾਬਕ ਮੁਲਜ਼ਮ ਕੋਲ ਕਈ ਨਾਜਾਇਜ਼ ਜਾਇਦਾਦਾਂ ਵੀ ਹਨ। ਮੁਲਜ਼ਮ ਜੰਮੂ ਦੀ ਇੱਕ ਅਦਾਲਤ ਵਲੋਂ ਭਗੌੜਾ ਕਰਾਰ ਦਿਤਾ ਹੋਇਆ ਹੈ। ਮੁਲਜ਼ਮ ਦੀਪਕ ’ਤੇ ਇਸ ਤੋਂ ਪਹਿਲਾਂ ਵੀ ਨਸ਼ਾ ਤਸਕਰੀ ਦੇ 8 ਤੋਂ 10 ਕੇਸ ਦਰਜ ਹਨ।

ਐਸਟੀਐਫ ਦੇ ਅਧਿਕਾਰੀ ਨੇ ਦੱਸਿਆ ਕਿ ਪਤਾ ਲੱਗਾ ਹੈ ਕਿ ਮੁਲਜ਼ਮ ਕੇ.ਕੇ. ਫਿਟਨੈਸ ਦੇ ਨਾਂ ਨਾਲ ਕਲੱਬ ਚਲਾਉਂਦਾ ਹੈ। ਜਿੰਮ ਦੀ ਆੜ ਵਿੱਚ ਮੁਲਜ਼ਮ ਦੀਪਕ ਨਸ਼ਾ ਤਸਕਰੀ ਦਾ ਧੰਦਾ ਕਰਦਾ ਹੈ। ਨਸ਼ੇ ਦਾ ਵੱਡਾ ਰੈਕੇਟ ਹੋਣ ਕਾਰਨ ਮੁਲਜ਼ਮ ਦੇ ਚਾਚਾ ਨੰਦ ਕਿਸ਼ੋਰ ਦੀ ਮੌਜੂਦਗੀ ਵਿੱਚ ਭਾਮੀਆਂ ਰੋਡ ’ਤੇ ਉਸ ਦੇ ਜਿੰਮ ਦੀ ਪਹਿਲੀ ਮੰਜ਼ਿਲ ’ਤੇ ਛਾਪਾ ਮਾਰ ਕੇ ਪੁਲਿਸ ਨੇ ਜਿੰਮ ਦੇ ਟੇਬਲ ਦੇ ਡੱਬੇ ਵਿੱਚੋਂ 194 ਗ੍ਰਾਮ ਹੈਰੋਇਨ, 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਦਰਜਨ ਦੇ ਕਰੀਬ ਕੇਸ ਦਰਜ ਹਨ।

ਐਸਟੀਐਫ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਨਸ਼ਿਆਂ ਦੀ ਤਸਕਰੀ ਕਰਕੇ ਕਈ ਬੇਨਾਮੀ ਜਾਇਦਾਦਾਂ ਬਣਾਈਆਂ ਹਨ। ਇਸ ਦੇ ਨਾਲ ਹੀ ਮੁਲਜ਼ਮਾਂ ਦੇ ਵੱਖ-ਵੱਖ ਬੈਂਕਾਂ ਵਿੱਚ ਖੁੱਲ੍ਹੇ ਖਾਤਿਆਂ ਦੀ ਵੀ ਜਾਂਚ ਕੀਤੀ ਜਾਵੇਗੀ। ਖਾਤੇ ਫ੍ਰੀਜ਼ ਕੀਤੇ ਜਾਣਗੇ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।