'ਇਤਿਹਾਸ ਬਚਾਓ ਸਿੱਖੀ ਬਚਾਓ' ਮੋਰਚਾ 84ਵੇਂ ਦਿਨ 'ਚ ਦਾਖ਼ਲ
ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਮੋਰਚੇ 'ਚ ਉਚੇਚੇ ਤੌਰ 'ਤੇ ਪਹੁੰਚੇ
ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਅੱਗੇ 'ਇਤਿਹਾਸ ਬਚਾਓ ਸਿੱਖੀ ਬਚਾਓ' ਮੋਰਚਾ 84ਵੇਂ ਦਿਨ ਵਿਚ ਪਹੁੰਚ ਗਿਆ ਨੂੰ ਅੱਜ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਸਰਕਾਰ ਨੇ ਬਾਰਵੀਂ ਜਮਾਤ ਲਈ ਇਤਿਹਾਸ ਦੀਆਂ ਕਿਤਾਬਾਂ ਨੂੰ ਸਕੂਲਾਂ ਵਿਚ ਪੜ੍ਹਾਉਣ ਦੇ ਮਾਮਲੇ ਦਾ ਨੋਟਿਸ ਲੈਂਦਿਆਂ ਤਿੰਨੇ ਕਿਤਾਬਾਂ ਦੀ ਵਿਕਰੀ ’ਤੇ ਤੁਰੰਤ ਪਾਬੰਦੀ ਲਾਉਣ ਦੇ ਹੁਕਮ ਜਾਰੀ ਕਰ ਦਿੱਤੇ।
ਅੱਜ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ(ਗੜ੍ਹਦੀਵਾਲ) ਜਥੇ ਨਾਲ ਸੰਗਤ ਸਮੇਤ ਬਲਦੇਵ ਸਿੰਘ ਸਿਰਸਾ ਕੋਲ ਉਚੇਚੇ ਤੌਰ ’ਤੇ ਮੋਰਚੇ ਵਿਚ ਪੰਹੁਚੇ। ਇਸ ਮੌਕੇ ਬਾਬਾ ਸੇਵਾ ਸਿੰਘ ਨੇ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਹੀ ਸਿੱਖ ਪੰਥ ਨਾਲ ਧੱਕਾ ਕੀਤਾ ਹੈ ਇਸੇ ਲਈ ਸਿੱਖਾਂ ਦੇ ਗੁਰ ਇਤਿਹਾਸ ਅਤੇ ਗੁਰਬਾਣੀ ਨੂੰ ਇਕ ਸਾਜਿਸ਼ ਤਹਿਤ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਜੋ ਨਾ ਸਹਿਣਯੋਗ ਹੈ ਅਤੇ ਨਾ ਹੀ ਬਖਸ਼ਣਯੋਗ ਹੈ।
ਬਾਬਾ ਸੇਵਾ ਸਿੰਘ ਨੇ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਅਪੀਲ ਕੀਤੀ ਕਿ ਵੱਧ ਚੜ੍ਹ ਕੇ ਇਤਿਹਾਸ ਬਚਾਓ ਸਿੱਖੀ ਬਚਾਓ ਮੋਰਚੇ ਵਿਚ ਪੰਹੁਚ ਕੇ ਆਗੂ ਬਲਦੇਵ ਸਿੰਘ ਸਿਰਸਾ ਦਾ ਸਹਿਯੋਗ ਦਿੱਤਾ ਜਾਵੇ।
ਇਸ ਮੌਕੇ ਉਨ੍ਹਾਂ ਨਾਲ ਨਿਹੰਗ ਸਿੰਘ ਜਥੇਬੰਦੀ ਬੁੱਢਾ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਬਾਬਾ ਲਖਬੀਰ ਸਿੰਘ, ਰਛਪਾਲ ਸਿੰਘ ਗੁ. ਸਿੰਘ ਸਭਾ, ਗੁਰਮੀਤ ਸਿੰਘ, ਕਰਨਜੋਤ ਸਿੰਘ ਪਿਹੋਵਾ, ਉਕਾਂਰ ਸਿੰਘ ਇੰਸਪੈਕਰ (ਰਿਟਾ) ਚੰਡੀਗੜ੍ਹ ਅਤੇ ਡਾ. ਭਗਵਾਨ ਸਿੰਘ ਆਦਿ ਮੌਜੂਦ ਸਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਉਚੇਚੇ ਤੌਰ ‘ਤੇ ਮੋਰਚੇ ਵਿਚ ਪਹੁੰਚੇ ਅਤੇ ਭਰੋਸਾ ਦਿੱਤਾ ਕਿ ਦੋਸ਼ੀਆਂ ਖਿਲਾਫ਼ ਜਲਦੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।