ਕੇਂਦਰ ਸਰਕਾਰ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਵਧਾ ਰਹੀ ਹੈ ਕੀਮਤਾਂ : ਕਾਂਗਰਸ

ਏਜੰਸੀ

ਖ਼ਬਰਾਂ, ਪੰਜਾਬ

ਕੇਂਦਰ ਸਰਕਾਰ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਵਧਾ ਰਹੀ ਹੈ ਕੀਮਤਾਂ : ਕਾਂਗਰਸ

image

ਨਵੀਂ ਦਿੱਲੀ, 1 ਮਈ : ਕਾਂਗਰਸ ਨੇ ਐਤਵਾਰ ਨੂੰ 19 ਕਿਲੋ ਦੇ ਵਪਾਰਕ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਵਾਧੇ ਦੀਆਂ ਰਿਪੋਰਟਾਂ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਿਆ ਅਤੇ ਵਧੀਆਂ ਕੀਮਤਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਕਾਂਗਰਸ ਆਗੂ ਅਲਕਾ ਲਾਂਬਾ ਨੇ ਇਥੇ ਕਾਂਗਰਸ ਹੈੱਡਕੁਆਰਟਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਕੀਮਤਾਂ ਵਧਾ ਰਹੀ ਹੈ।
ਲਾਂਬਾ ਨੇ ਦਸਿਆ ਕਿ 1 ਮਾਰਚ ਨੂੰ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ’ਚ 105 ਰੁਪਏ ਦਾ ਵਾਧਾ ਕੀਤਾ ਗਿਆ, 1 ਅਪ੍ਰੈਲ ਨੂੰ ਇਸ ਵਿਚ 250 ਰੁਪਏ ਦਾ ਵਾਧਾ ਕੀਤਾ ਗਿਆ ਅਤੇ 1 ਮਈ ਨੂੰ ਫਿਰ 102.5 ਰੁਪਏ ਵਧਾਏ ਗਏ। ਉਨ੍ਹਾਂ ਕਿਹਾ ਕਿ ਅੱਠ ਮਹੀਨਿਆਂ ਵਿਚ ਵਪਾਰਕ ਰਸੋਈ ਗੈਸ ਸਿਲੰਡਰ ਦੀ ਕੀਮਤ ’ਚ 618.5 ਰੁਪਏ ਦਾ ਵਾਧਾ ਹੋਇਆ ਹੈ। ਰਿਪੋਰਟਾਂ ਅਨੁਸਾਰ ਦਿੱਲੀ ਵਿਚ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਹੁਣ 2,355.50 ਰੁਪਏ ਹੋਵੇਗੀ ਜੋ ਪਹਿਲਾਂ 2,253 ਰੁਪਏ ਪ੍ਰਤੀ ਸਿਲੰਡਰ ਸੀ। ਲਾਂਬਾ ਨੇ ਕਿਹਾ ਕਿ ਮਹਿੰਗਾਈ ਦੇ ਨਾਲ-ਨਾਲ ਗ਼ਰੀਬ ਅਤੇ ਮਜ਼ਦੂਰ ਵਰਗ ’ਤੇ ਵਾਰ-ਵਾਰ ਹਮਲੇ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ, ‘‘ਚਿੰਤਾ ਹੋਰ ਵਧ ਜਾਂਦੀ ਹੈ ਕਿਉਂਕਿ ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ ਦੇ ਸਰਵੇਖਣ ਮੁਤਾਬਕ ਦੇਸ਼ ’ਚ ਲਗਭਗ 2.1 ਕਰੋੜ ਨੌਕਰੀਆਂ ਖ਼ਤਮ ਹੋ ਗਈਆਂ ਹਨ ਅਤੇ 45 ਕਰੋੜ ਲੋਕਾਂ ਨੇ ਸਾਰੀਆਂ ਉਮੀਦਾਂ ਖ਼ਤਮ ਹੋਣ ਬਾਅਦ ਨੌਕਰੀਆਂ ਦੀ ਤਲਾਸ਼ ਕਰਨੀ ਛੱਡ ਦਿਤੀ ਹੈ।’’ ਕਾਂਗਰਸ ਨੇਤਾ ਨੇ ਕਿਹਾ ਕਿ ਸੱਭ ਤੋਂ ਵੱਡਾ ਹਮਲਾ ਭਾਰਤੀ ਔਰਤਾਂ ’ਤੇ ਹੋਇਆ ਹੈ, ਜਿਨ੍ਹਾਂ ’ਚੋਂ ਹੁਣ ਸਿਰਫ਼ 9 ਫ਼ੀ ਸਦੀ ਹੀ ਨੌਕਰੀਆਂ ਕਰ ਰਹੀਆਂ ਹਨ। 
ਲਾਂਬਾ ਨੇ ਦੋਸ਼ ਲਾਇਆ ਕਿ ਦੇਸ਼ ‘ਮੋਦੀ ਤੋਂ ਪੈਦਾ ਹੋਈ ਬਿਪਤਾ’ ਵਿਚੋਂ ਲੰਘ ਰਿਹਾ ਹੈ, ਜਿਥੇ ਕੋਲੇ ਦੀ ਭਾਰੀ ਕਮੀ ਹੈ ਅਤੇ ਲੋਕ ਇਸ ਭਿਆਨਕ ਗਰਮੀ ਵਿਚ ਬਿਜਲੀ ਕੱਟਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵੀ ਘੱਟ ਨਹੀਂ ਹੋ ਰਹੀਆਂ ਹਨ। ਮਹਿੰਗਾਈ ’ਤੇ ਹਮਲਾ ਕਰਨ ਦੀ ਬਜਾਏ ਮੋਦੀ ਸਰਕਾਰ ਕਾਂਗਰਸ ਅਤੇ ਰਾਹੁਲ ਗਾਂਧੀ ’ਤੇ ਹਮਲਾ ਕਰਨਾ ਪਸੰਦ ਕਰਦੀ ਹੈ।’’      (ਏਜੰਸੀ)