ਵਿਨੈ ਮੋਹਨ ਕਵਾਤਰਾ ਨੇ ਨਵੇਂ ਵਿਦੇਸ਼ ਸਕੱਤਰ ਵਜੋਂ ਸੰਭਾਲਿਆ ਕਾਰਜਭਾਰ
ਵਿਨੈ ਮੋਹਨ ਕਵਾਤਰਾ ਨੇ ਨਵੇਂ ਵਿਦੇਸ਼ ਸਕੱਤਰ ਵਜੋਂ ਸੰਭਾਲਿਆ ਕਾਰਜਭਾਰ
ਨਵੀਂ ਦਿੱਲੀ, 1 ਮਈ : ਸੀਨੀਅਰ ਸਫ਼ੀਰ ਵਿਨੈ ਮੋਹਨ ਕਵਾਤਰਾ ਨੇ ਐਤਵਾਰ ਨੂੰ ਦੇਸ਼ ਦੇ ਨਵੇਂ ਵਿਦੇਸ਼ ਸਕੱਤਰ ਦੇ ਤੌਰ ’ਤੇ ਅਹੁਦਾ ਸੰਭਾਲ ਲਿਆ। 1988 ਬੈਚ ਦੇ ਆਈਐਫਐਸ ਅਧਿਕਾਰੀ ਕਵਾਤਰਾ ਨੇ ਹਰਸ਼ਵਰਧਨ ਸ਼ਿ੍ਰੰਗਲਾ ਦਾ ਸਥਾਨ ਲਿਆ ਹੈ। ਸ਼ਿ੍ਰੰਗਲਾ ਸ਼ਨਿਚਰਵਾਰ ਨੂੰ ਸੇਵਾਮੁਕਤ ਹੋਏ ਹਨ। ਵਿਦੇਸ਼ ਸਕੱਤਰ ਬਣਨ ਤੋਂ ਪਹਿਲਾਂ ਕਵਾਤਰਾ ਨੇਪਾਲ ’ਚ ਭਾਰਤ ਦੇ ਰਾਜਦੂਤ ਸਨ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਟਵੀਟ ਕਰ ਕੇ ਸ਼ੁੱਭਕਾਮਨਾਵਾਂ ਦਿਤੀਆਂ।
ਕਵਾਤਰਾ ਭਾਰਤ ਦੇ ਗੁਆਂਢੀ ਦੇਸ਼ਾਂ ਸਮੇਤ ਅਮਰੀਕਾ, ਚੀਨ ਤੇ ਯੂਰਪ ਦੇ ਮਾਮਲਿਆਂ ਦੇ ਮਾਹਿਰ ਮੰਨੇ ਜਾਂਦੇ ਹਨ। ਉਹ ਅਗਸਤ 2017 ਤੋਂ ਫ਼ਰਵਰੀ 2020 ਤਕ ਫ਼ਰਾਂਸ ’ਚ ਭਾਰਤ ਦੇ ਰਾਜਦੂਤ ਸਨ। ਕਵਾਤਰਾ ਅਕਤੂਬਰ 2015 ਤੇ ਅਗਸਤ 2017 ਤਕ ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ’ਚ ਇਕ ਸੰਯੁਕਤ ਸਕੱਤਰ ਦੀ ਜ਼ਿੰਮੇਵਾਰੀ ਵੀ ਸੰਭਾਲ ਚੁਕੇ ਹਨ। 32 ਤੋਂ ਜ਼ਿਆਦਾ ਸਾਲਾਂ ਦੀ ਅਪਣੀ ਸੇਵਾ ਦੌਰਾਨ ਵੱਖ-ਵੱਖ ਅਹਿਮ ਅਹੁਦਿਆਂ ’ਤੇ ਰਹਿ ਚੁਕੇ ਹਨ। ਵਿਦੇਸ ਮੰਤਰਾਲੇ ਵਿਚ ਅਮਰੀਕਾ ਡਿਵੀਜਨ ਦੇ ਮੁਖੀ ਹੋਣ ਦੇ ਨਾਤੇ, ਕਵਾਤਰਾ ਨੇ ਅਮਰੀਕਾ ਅਤੇ ਕੈਨੇਡਾ ਨਾਲ ਭਾਰਤ ਦੇ ਸਬੰਧਾਂ ਦੀ ਵੀ ਨਿਗਰਾਨੀ ਕੀਤੀ ਅਤੇ ਇਸਨੂੰ ਸੁਧਾਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਕਵਾਤਰਾ ਨੇ ਵਿਦੇਸਾਂ ਵਿਚ ਭਾਰਤ ਦੇ ਮਿਸ਼ਨਾਂ ਵਿਚ ਵੱਖ-ਵੱਖ ਅਹੁਦਿਆਂ ’ਤੇ ਸੇਵਾਵਾਂ ਨਿਭਾਈਆਂ ਹਨ। ਕਵਾਤਰਾ ਕੋਲ ਵੱਖ-ਵੱਖ ਕਾਰਜਾਂ ਵਿਚ ਲਗਭਗ 32 ਸਾਲਾਂ ਦਾ ਤਜਰਬਾ ਹੈ। (ਏਜੰਸੀ)