ਨੀਂਦ ਨੂੰ ਨਜ਼ਰਅੰਦਾਜ਼ ਕਰ ਕੇ ਫ਼ੋਨ ਚਲਾਉਣ ਵਾਲੇ ਸਾਵਧਾਨ, ਡਿਪਰੈਸ਼ਨ 'ਚ ਆਏ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ 

ਏਜੰਸੀ

ਖ਼ਬਰਾਂ, ਪੰਜਾਬ

ਕਪੂਰਥਲਾ ਦਾ ਇਕ ਨੌਜਵਾਨ 7 ਦਿਨਾਂ ਤੋਂ ਚੰਗੀ ਤਰ੍ਹਾਂ ਸੁੱਤਾ ਨਹੀਂ ਸੀ ਜਿਸ ਕਰ ਕੇ ਉਸ ਨੂੰ ਅਨੀਂਦਰਾ ਹੋ ਗਿਆ ਤੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ।

Mobile Phone

ਕਪੂਰਥਲਾ - ਅਪਣੀ ਨੀਂਦ ਪੂਰੀ ਨਾ ਕਰਨ ਵਾਲਿਆਂ ਲਈ ਇਹ ਖ਼ਬਰ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਖ਼ਬਰ ਸਾਹਮਣੇ ਆਈ ਹੈ ਕਿ ਕਪੂਰਥਲਾ ਦਾ ਇਕ ਨੌਜਵਾਨ 7 ਦਿਨਾਂ ਤੋਂ ਚੰਗੀ ਤਰ੍ਹਾਂ ਸੁੱਤਾ ਨਹੀਂ ਸੀ ਜਿਸ ਕਰ ਕੇ ਉਸ ਨੂੰ ਅਨੀਂਦਰਾ ਹੋ ਗਿਆ ਤੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ।  ਉਸ ਦਾ ਡਿਪਰੈਸ਼ਨ ਇੰਨਾ ਕੁ ਵਧ ਗਿਆ ਸੀ ਕਿ ਉਸ ਨੇ ਅਪਣੀ ਕੰਮ ਵਾਲੀ ਥਾਂ 'ਤੇ ਬਣੇ ਕੰਪਲੈਕਸ ਵਿਚ ਬਣੀ ਕੰਧ ਤੋਂ ਛਾਲ ਮਾਰ ਦਿੱਤੀ ਜਿਸ ਕਰ ਕੇ ਉਹ ਗੰਭੀਰ ਜਖ਼ਮੀ ਹੋ ਗਿਆ।

ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਪਰ ਉਸ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਜ਼ਖ਼ਮੀ ਰਣਜੋਤ ਮਾਂਝੀ ਦਾ ਇਲਾਜ ਸਿਵਲ ਹਸਪਤਾਲ ਵਿਚ ਕੀਤਾ ਜਾ ਰਿਹਾ ਹੈ। ਜ਼ਖ਼ਮੀ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਰਣਜੋਤ ਨੇ ਪਿਛਲੇ ਇਕ ਹਫ਼ਤੇ ਤੋਂ ਨੀਂਦ ਪੂਰੀ ਨਹੀਂ ਕੀਤੀ ਸੀ, ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਚੱਲ ਰਿਹਾ ਸੀ। ਉਸ ਦਾ ਸੁਭਾਅ ਵੀ ਚਿੜਚਿੜਾ ਹੋ ਗਿਆ, ਉਹ ਸਭ ਨੂੰ ਖਿੱਝ ਕੇ ਬੋਲਦਾ ਸੀ। ਸ਼ੁੱਕਰਵਾਰ ਰਾਤ ਨੂੰ ਉਸ ਨੇ ਪੀ. ਟੀ. ਯੂ. ਗਰਾਊਂਡ ਵਿਚ ਇੱਧਰ-ਉਧਰ ਭੱਜਣਾ ਸ਼ੁਰੂ ਕਰ ਦਿੱਤਾ ਸੀ।

ਇਸ ਦੌਰਾਨ ਉਹ ਕੰਧ 'ਤੇ ਚੜ੍ਹ ਗਿਆ ਅਤੇ ਛਾਲ ਮਾਰ ਦਿੱਤੀ। ਡਿਊਟੀ 'ਤੇ ਤਾਇਨਾਤ ਡਾਕਟਰ ਦਾ ਕਹਿਣਾ ਹੈ ਕਿ ਨੌਜਵਾਨ ਦੀ ਹਾਲਤ ਵਿਚ ਥੋੜ੍ਹਾ ਸੁਧਾਰ ਹੋਇਆ ਹੈ। ਡਾਕਟਰ ਸੰਦੀਪ ਭੋਲਾ ਨੇ ਦੱਸਿਆ ਕਿ ਅਜਿਹੇ ਮਾਮਲਿਆਂ ਵਿਚ ਮਰੀਜ਼ ਨੂੰ ਖ਼ੁਸ਼ ਰੱਖਣ ਲਈ ਪਰਿਵਾਰਕ ਮੈਂਬਰਾਂ ਦਾ ਨੇੜੇ ਹੋਣਾ ਜ਼ਰੂਰੀ ਹੈ। ਡਿਪਰੈਸ਼ਨ ਵਿਚ ਚਲੇ ਗਏ ਮਰੀਜ਼ ਦੇ ਮਨ ਵਿਚ ਕਈ ਤਰ੍ਹਾਂ ਦੇ ਵਿਚਾਰ ਆਉਂਦੇ ਹਨ। ਅਜਿਹੇ 'ਚ ਪਰਿਵਾਰਕ ਮੈਂਬਰਾਂ ਨੂੰ ਮਰੀਜ਼ ਨੂੰ ਇਕੱਲਾ ਨਹੀਂ ਛੱਡਣਾ ਚਾਹੀਦਾ।