ਮਿੱਟੀ ਦੀ ਢਿਗ ਹੇਠਾਂ ਆਉਣ ਕਾਰਨ ਕਿਰਤੀ ਦੀ ਮੌਤ
ਖੇਤ 'ਚ ਪਾਈਪਾਂ ਪਾਉਣ ਦਾ ਕੰਮ ਕਰਦੇ ਸਮੇਂ ਵਾਪਰਿਆ ਹਾਦਸਾ
ਫ਼ਾਜ਼ਿਲਕਾ : ਮੰਡੀ ਲਾਧੂਕਾ ਅਧੀਨ ਆਂਉਦੇ ਪਿੰਡ ਫ਼ਤਹਿਗੜ੍ਹ ਵਿਖੇ ਇਕ ਕਿਰਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਅਕਬਰ ਸਿੰਘ ਵਜੋਂ ਹੋਈ ਹੈ। ਦਸਿਆ ਜਾ ਰਿਹਾ ਹੈ ਕਿ ਖੇਤ ਵਿਚ ਪਾਈਪ ਵਿਛਾਉਣ ਲਈ 3 ਫੁੱਟ ਡੂੰਘਾ ਟੋਆ ਪੁੱਟਿਆ ਜਾ ਰਿਹਾ ਸੀ। ਇਸ ਦੌਰਾਨ ਬਾਹਰ ਕੱਢ ਕੇ ਸੁੱਟੀ ਮਿੱਟੀ ਦਾ ਢੇਰ ਅਚਾਨਕ ਟੋਏ ਵਿਚ ਕੰਮ ਕਰਦੇ ਕਿਰਤੀਆਂ 'ਤੇ ਡਿੱਗ ਗਿਆ।
ਇਸ ਹਾਦਸੇ ਵਿਚ ਇਕ ਕਿਰਤੀ ਦੀ ਮੌਤ ਹੋ ਗਈ ਅਤੇ ਇਕ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਮਿੱਟੀ ਹੇਠ ਦੱਬੇ ਕਿਰਤੀਆਂ ਵਲੋਂ ਰੌਲਾ ਪਾਉਣ 'ਤੇ ਆਸਪਾਸ ਦੇ ਲੋਕਾਂ ਨੇ ਉਨ੍ਹਾਂ ਦੀ ਬਾਹਰ ਨਿਕਲਣ ਵਿਚ ਮਦਦ ਕੀਤੀ।
ਇਹ ਵੀ ਪੜ੍ਹੋ: ਬਰਨਾਲਾ ਦੇ ਸੁਖਪ੍ਰੀਤ ਸਿੰਘ ਨੇ ਜੂਨੀਅਰ ਫ਼ੈਡਰੇਸ਼ਨ ਕੱਪ ਵਿਚ ਜਿਤਿਆ ਸੋਨ ਤਮਗ਼ਾ
ਜਦੋਂ ਅਕਬਰ ਸਿੰਘ ਨੂੰ ਬਾਹਰ ਕੱਢਿਆ ਗਿਆ ਤਾਂ ਉਸ ਦੇ ਸਾਹ ਚਲ ਰਹੇ ਸਨ। ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।
ਇਸ ਬਾਰੇ ਤਫ਼ਤੀਸ਼ੀ ਅਫ਼ਸਰ ਏ.ਐਸ.ਆਈ. ਜੁਗਰਾਜ ਸਿੰਘ ਨੇ ਦਸਿਆ ਕਿ ਅਕਬਰ ਸਿੰਘ ਦੀ ਮੌਤ ਗਲੇ ਦਾ ਮਣਕਾ ਟੁੱਟਣ ਕਾਰਨ ਹੋਈ ਹੈ। ਉਨ੍ਹਾਂ ਦਸਿਆ ਕਿ ਇਸ ਮਾਮਲੇ ਵਿਚ 174 ਦੀ ਕਾਰਵਾਈ ਅਮਲ ਵਿਚ ਲਿਆਉਂਦਿਆਂ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿਤੀ ਹੈ।