Fatehgarh Sahib : ਪੁਲਿਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਰਚੀ ਸੀ ਕਤਲ ਦੀ ਸਾਜ਼ਿਸ਼

ਏਜੰਸੀ

ਖ਼ਬਰਾਂ, ਪੰਜਾਬ

ਨਾਜਾਇਜ਼ ਸਬੰਧਾਂ 'ਚ ਅੜਿੱਕਾ ਸੀ ਪਤੀ

Fatehgarh Sahib Murder

Fatehgarh Sahib : ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ 'ਚ ਜੈਨ ਸਟੀਲ ਇੰਡਸਟਰੀ ਨੇੜੇ 28 ਅਪ੍ਰੈਲ ਦੀ ਰਾਤ ਨੂੰ ਨੈਸ਼ਨਲ ਹਾਈਵੇ 'ਤੇ ਇਕ ਮਜ਼ਦੂਰ ਦਾ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਮੂਲ ਰੂਪ ਤੋਂ ਬਿਹਾਰ ਦੇ ਰਹਿਣ ਵਾਲੇ ਪ੍ਰਮੋਦ ਕੁਮਾਰ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ ਹੈ।

ਜਾਣਕਾਰੀ ਅਨੁਸਾਰ ਪ੍ਰਮੋਦ ਦੀ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਦੋਵੇਂ ਪ੍ਰਮੋਦ ਨੂੰ ਆਪਣੇ ਨਾਜਾਇਜ਼ ਸਬੰਧਾਂ ਵਿਚ ਰੁਕਾਵਟ ਸਮਝਦੇ ਸਨ। ਪੁਲੀਸ ਨੇ ਕਾਤਲ ਪ੍ਰਵੀਨ ਭਾਰਤੀ ਅਤੇ ਉਸ ਦਾ ਸਾਥ ਦੇਣ ਵਾਲੀ ਪੂਜਾ ਦੇਵੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਕਤਲ ਕੇਸ ਦੀ ਜਾਂਚ ਕਰ ਰਹੀ ਥਾਣਾ ਮੰਡੀ ਗੋਬਿੰਦਗੜ੍ਹ ਦੀ ਪੁਲਸ ਨੂੰ ਇਹ ਸਫਲਤਾ ਮਿਲੀ ਹੈ। ਐਸਪੀ (ਆਈ) ਰਾਕੇਸ਼ ਯਾਦਵ ਨੇ ਦੱਸਿਆ ਕਿ ਪ੍ਰਮੋਦ ਵਰੁਣ ਸਟੀਲ ਮੁਗਲ ਮਾਜਰਾ ਵਿੱਚ ਕੰਮ ਕਰਦਾ ਸੀ। ਪ੍ਰਵੀਨ ਮਿੱਲ ਦੇ ਗੇਟ 'ਤੇ ਇਕ ਘੰਟਾ ਇੰਤਜ਼ਾਰ ਕਰਦਾ ਰਿਹਾ ਅਤੇ ਫਿਰ ਪ੍ਰਮੋਦ ਤੋਂ ਲਿਫਟ ਲੈ ਕੇ ਨੈਸ਼ਨਲ ਹਾਈਵੇ 'ਤੇ ਪਹੁੰਚ ਗਿਆ। ਉਥੇ ਚਾਕੂ ਨਾਲ ਪ੍ਰਮੋਦ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਤਲ ਦੀ ਸਾਜ਼ਿਸ਼ ਪ੍ਰਮੋਦ ਦੀ ਪਤਨੀ ਪੂਜਾ ਦੇਵੀ ਅਤੇ ਉਸ ਦੇ ਪ੍ਰੇਮੀ ਪ੍ਰਵੀਨ ਨੇ ਰਚੀ ਸੀ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਨੂੰ ਸੁਲਝਾਉਣ ਲਈ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। ਮਾਮਲੇ 'ਚ ਦੋਸ਼ੀ ਦੇ ਰਿਸ਼ਤੇਦਾਰਾਂ ਅਤੇ ਉਸ ਦੀ ਪਤਨੀ ਦੇ ਰਿਸ਼ਤੇਦਾਰਾਂ ਤੋਂ ਜਾਣਕਾਰੀ ਲੈਣ 'ਤੇ ਪਤਾ ਲੱਗਾ ਕਿ ਮ੍ਰਿਤਕ ਦੀ ਪਤਨੀ ਪੂਜਾ ਦੇ ਪ੍ਰਵੀਨ ਨਾਂ ਦੇ ਵਿਅਕਤੀ ਨਾਲ ਨਾਜਾਇਜ਼ ਸਬੰਧ ਸਨ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਦੋਵਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਗਈ।