ਚਾਰ ਸੌ ਕਿਲੋ ਲਾਹਣ ਅਤੇ ਨਾਜਾਇਜ਼ ਸ਼ਰਾਬ ਬਰਾਮਦ, ਨੌਂ ਵਿਰੁਧ ਕੇਸ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਵੱਡੀ ਮਾਤਰਾ ਵਿਚ ਲਾਹਣ ਅਤੇ

File Photo

ਤਰਨ ਤਾਰਨ, 31 ਮਈ (ਅਮਿਤ ਮਰਵਾਹਾ, ਅਮਨਦੀਪ ਮਨਚੰਦਾ): ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਵੱਡੀ ਮਾਤਰਾ ਵਿਚ ਲਾਹਣ ਅਤੇ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਦੋ ਔਰਤਾਂ ਸਣੇ 9 ਲੋਕਾਂ ਦੇ ਵਿਰੁਧ ਇਲਾਕੇ ਨਾਲ ਸਬੰਧਤ ਥਾਣਿਆਂ ਵਿਚ ਆਬਕਾਰੀ ਐਕਟ ਦੇ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ। ਜਦੋਂਕਿ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਾ ਹੈ।

ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਏ.ਐਸ.ਆਈ. ਮੇਜਰ ਸਿੰਘ ਦੀ ਅਗਵਾਈ ਹੇਠ ਛਾਪੇਮਾਰੀ ਕਰ ਕੇ 15 ਹਜ਼ਾਰ ਮਿਲੀਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਸਤਨਾਮ ਸਿੰਘ ਪੁੱਤਰ ਰਾਣਾ ਸਿੰਘ ਵਾਸੀ ਪਲਾਸੌਰ ਨੂੰ ਨਾਮਜ਼ਦ ਕੀਤਾ ਹੈ। ਇਸੇ ਤਰ੍ਹਾਂ ਹੀ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਏ.ਐਸ.ਆਈ. ਕਵਲਜੀਤ ਸਿੰਘ ਦੀ ਅਗਵਾਈ ਹੇਠ ਸਰਬਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪੱਖੋਕੇ ਨੂੰ 5,250 ਮਿਲੀਲੀਟਰ, ਥਾਣਾ ਖੇਮਕਰਨ ਦੀ ਪੁਲਿਸ ਨੇ ਬਿੱਕਰ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਮਸਤਗੜ ਨੂੰ 6930 ਮਿਲੀਲੀਟਰ, ਥਾਣਾ ਵੈਰੋਂਵਾਲ ਦੀ ਪੁਲਿਸ ਨੇ ਏਐੱਸਆਈ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਕੁਲਵੰਤ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਜਲਾਲਾਬਾਦ ਨੂੰ 6750 ਮਿਲੀਲੀਟਰ ਨਾਜਾਇਜ਼ ਸ਼ਰਾਬ ਸਮੇਤ ਗਿਫ਼ਤਾਰ ਕੀਤਾ ਹੈ।

ਥਾਣਾ ਵਲਟੋਹਾ ਦੀ ਪੁਲਿਸ ਨੇ ਨਿੰਦਰ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਮਹਿਮੂਦਪੁਰ ਨੂੰ 60 ਕਿਲੋ ਲਾਹਣ ਦੀ ਬਰਾਮਦਗੀ ਅਤੇ ਪੰਮਾ ਸਿੰਘ ਪੁੱਤਰ ਕੁੰਨਣ ਸਿੰਘ ਵਾਸੀ ਮਹਿਮੂਦਪੁਰਾ ਨੂੰ ਸ਼ਰਾਬ ਦੀ ਚਾਲੂ ਭੱਠੀ, 40 ਕਿਲੋ ਲਾਹਣ ਅਤੇ 3750 ਮਿਲੀਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਨਾਮਜ਼ਦ ਕੀਤਾ ਹੈ। ਥਾਣਾ ਝਬਾਲ ਦੀ ਪੁਲਿਸ ਨੇ ਪਿੰਡ ਜਗਤਪੁਰਾ ਦੇ ਵੱਖ-ਵੱਖ ਥਾਵਾਂ ਤੋਂ 200, 80 ਅਤੇ 20 ਕਿਲੋ ਲਾਹਣ ਬਰਾਮਦ ਕਰ ਕੇ ਕਸ਼ਮੀਰ ਕੌਰ ਪਤਨੀ ਅਮਰੀਕ ਸਿੰਘ, ਕਸ਼ਮੀਰ ਕੌਰ ਪਤਨੀ ਦਾਰਾ ਸਿੰਘ ਅਤੇ ਸ਼ਿੰਦਾ ਸਿੰਘ ਪੁੱਤਰ ਸੋਹਣ ਸਿੰਘ ਨੂੰ ਨਾਮਜ਼ਦ ਕੀਤਾ ਹੈ।