ਅਜੇ ਧਾਰਮਕ ਅਸਥਾਨਾਂ ਨੂੰ ਖੋਲ੍ਹਣਾ ਠੀਕ ਨਹੀਂ : ਮਹਾਂਮਾਰੀ ਮਾਹਰ

ਏਜੰਸੀ

ਖ਼ਬਰਾਂ, ਪੰਜਾਬ

ਅਜੇ ਧਾਰਮਕ ਅਸਥਾਨਾਂ ਨੂੰ ਖੋਲ੍ਹਣਾ ਠੀਕ ਨਹੀਂ : ਮਹਾਂਮਾਰੀ ਮਾਹਰ

1

ਬੇਂਗਲੁਰੂ, 1 ਜੂਨ: ਅੱਠ ਜੂਨ ਤੋਂ ਧਾਰਮਕ ਅਸਥਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਇਕ ਮਸ਼ਹੂਰ ਮਹਾਂਮਾਰੀ ਮਾਹਰ ਨੂੰ ਰਾਸ ਨਹੀਂ ਆਈ ਹੈ ਅਤੇ ਉਨ੍ਹਾਂ ਕਿਹਾ ਹੈ ਕਿ ਇਸ ਤਰ੍ਹਾਂ ਦੇ ਅਸਥਾਨਾਂ 'ਤੇ ਵੱਧ ਲੋਕ, ਖ਼ਾਸ ਕਰ ਕੇ ਬਜ਼ੁਰਗਾਂ ਦੀ ਮੌਜੂਦਗੀ ਨਾਲ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਹੋਰ ਜ਼ਿਆਦਾ ਵਧਣ ਦਾ ਖ਼ਤਰਾ ਹੈ।
ਸਿਹਤਮੰਦ ਭਾਰਤ ਦੀ ਦਿਸ਼ਾ 'ਚ ਕੰਮ ਕਰਨ ਵਾਲੇ ਸੰਗਠਨ 'ਪਬਲਿਕ ਹੈਲਥ ਫ਼ਾਊਂਡੇਸ਼ਨ ਆਫ਼ ਇੰਡੀਆ' 'ਚ ਜੀਵਨ ਅਧਿਐਨ ਮਹਾਂਮਾਰੀ ਵਿਗਿਆਨ ਦੇ ਪ੍ਰੋਫ਼ੈਸਰ ਅਤੇ ਪ੍ਰਮੁੱਖ ਗਿਰੀਧਰ ਆਰ. ਬਾਬੂ ਨੇ ਕਿਹਾ ਕਿ ਅਜੇ ਇਸ ਗੇੜ 'ਚ ਧਾਰਮਕ ਅਸਥਾਨਾਂ ਨੂੰ ਖੋਲ੍ਹਣਾ ਠੀਕ ਨਹੀਂ ਹੈ।


ਉਨ੍ਹਾਂ ਕਿਹਾ, ''ਸੱਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਧਾਰਮਕ ਸੰਸਥਾਨ ਜਿਊਂਦੇ ਰਹਿਣ ਲਈ ਸੱਭ ਤੋਂ ਜ਼ਿਆਦਾ ਮਹੱਤਵਪੂਰਨ ਕਾਰਕ ਨਹੀਂ ਹੈ, ਭਾਵੇਂ ਬਹੁਤ ਸਾਰੇ ਲੋਕਾਂ ਲਈ ਅਚਾਨਕ ਤਾਲਾਬੰਦੀ ਅਤੇ ਕੰਮ ਕਰਨ ਦੇ ਆਮ ਤਰੀਕਿਆਂ 'ਚ ਕਮੀ ਦਾ ਨਤੀਜਾ ਮਾਨਸਿਕ ਸਿਹਤ ਦੇ ਪ੍ਰਭਾਵਤ ਹੋਣ ਵਜੋਂ ਨਿਕਲਦਾ ਹੈ।''
ਪ੍ਰੋਫ਼ੈਸਰ ਬਾਬੂ ਨੇ ਕਿਹਾ, ''ਜ਼ਿਆਦਾਤਰ ਧਰਮਾਂ 'ਚ ਘਰਾਂ ਅੰਦਰ ਪੂਜਾ-ਇਬਾਦਤ ਕਰਨ ਦੀ ਤਜਵੀਜ਼ ਹੈ। ਧਾਰਮਕ ਅਸਥਾਨਾਂ ਨੂੰ ਖੋਲ੍ਹਣਾ ਜੋਖਮ ਭਰਿਆ ਹੈ ਕਿਉਂਕਿ ਇਨ੍ਹਾਂ 'ਚੋਂ ਜ਼ਿਆਦਾਤਰ ਬੰਦ ਸਥਾਨ ਹੁੰਦੇ ਹਨ। ਜ਼ਿਆਦਾਤਰ ਥਾਵਾਂ 'ਤੇ ਲੋਕਾਂ ਦੀ ਸੱਭ ਤੋਂ ਜ਼ਿਆਦਾ ਮੌਜੂਦਗੀ ਹੁੰਦੀ ਹੈ ਅਤੇ ਇਨ੍ਹਾਂ ਥਾਵਾਂ 'ਤੇ ਸੰਵੇਦਨਸ਼ੀਲ ਸ਼੍ਰੇਣੀ 'ਚ ਆਉਣ ਵਾਲੇ ਸੀਨੀਅਰ ਨਾਗਰਿਕ ਵਰਗੇ ਲੋਕ ਆਉਂਦੇ ਹਨ।


ਉਨ੍ਹਾਂ ਕਿਹਾ ਕਿ ਨੌਜੁਆਨ ਅਤੇ ਸਿਹਤਮੰਦ ਲੋਕਾਂ ਨਾਲ ਇਕ ਥਾਂ 'ਤੇ ਬਜ਼ੁਰਗਾਂ ਦੀ ਜ਼ਿਆਦਾ ਗਿਣਤੀ 'ਚ ਮੌਜੂਦਗੀ ਵਰਗੀਆਂ ਚੀਜ਼ਾਂ ਖ਼ਤਰੇ ਨੂੰ ਹੋਰ ਵਧਾ ਸਕਦੀਆਂ ਹਨ ਕਿਉਂਕਿ ਸਿਹਤਮੰਦ ਲੋਕ ਹਲਕੇ ਲੱਛਣਾਂ ਅਤੇ ਹਦਾਇਤਾਂ ਦੀ ਅਣਦੇਖੀ ਕਰ ਸਕਦੇ ਹਨ। ਛੇ ਸਾਲਾਂ ਤਕ ਵਿਸ਼ਵ ਸਿਹਤ ਸੰਗਠਨ ਨਾਲ ਕੰਮ ਕਰ ਚੁੱਕੇ ਬਾਬੂ ਕਰਨਾਟਕ 'ਚ ਪੋਲੀਉ ਦੇ ਪ੍ਰਸਾਰ ਨੂੰ ਰੋਕਣ ਅਤੇ ਖਸਰਾ ਨਿਗਰਾਨੀ ਸ਼ੁਰੂ ਕਰਨ ਵਰਗੇ ਕੰਮਾਂ 'ਚ ਮਹੱਤਵਪੂਰਨ ਭੂਮਿਕਾ ਨਿਭਾ ਚੁੱਕੇ ਹਨ।    (ਪੀਟੀਆਈ)