ਕੇਂਦਰ ਸਰਕਾਰ ਤੋਂ ਪੰਜਾਬ ਸਰਕਾਰ ਨੂੰ ਵੱਡੇ ਰਾਹਤ ਪੈਕੇਜ ਦੀ ਲੋੜ : ਬ੍ਰਹਮਪੁਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਹਰਸਿਮਰਤ ਬਾਦਲ ਬੇਲੋੜੀਆਂ ਗੱਲਾਂ ਕਰਨ ਦੀ ਥਾਂ ਪੰਜਾਬ ਨੂੰ ਪੈਕੇਜ ਦਿਵਾਏ

Ranjit Singh Brahmpura

ਚੰਡੀਗੜ੍ਹ, 31 ਮਈ (ਗੁਰਉਪਦੇਸ਼ ਭੁੱਲਰ): ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਪਾਰਟੀ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਨੂੰ ਨਸੀਹਤ ਦਿਤੀ ਕਿ ਉਹ ਕੇਂਦਰ ਸਰਕਾਰ ਉਤੇ ਦਬਾਅ ਪਾਉਣ ਤਾਂ ਜੋ ਦੇਸ਼ ਦੇ ਸਾਰੇ ਸੂਬਿਆਂ ਨੂੰ ਰਾਹਤ ਪੈਕੇਜ ਮੁਹਈਆ ਕਰਵਾਏ ਜਾ ਸਕਣ। ਖ਼ਾਸਕਰ, ਪੰਜਾਬ ਦੇ ਲੋਕਾਂ ਨੂੰ ਬੇਲੋੜੀ ਸਲਾਹ ਦੇਣ ਦੀ ਬਜਾਏ ਇਕ ਵੱਡਾ ਰਾਹਤ ਪੈਕੇਜ ਮੁਹਈਆ ਕਰਵਾਕੇ ਦੇਣਾ ਚਾਹੀਦਾ ਹੈ ਅਤੇ ਫ਼ਾਲਤੂ ਦਾ ਦਿਖਾਵਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਲੋਕ ਹੁਣ ਮੂਰਖ਼ ਨਹੀਂ ਬਣਨਗੇ।

ਉਨ੍ਹਾਂ ਕਿਹਾ ਕਿ ਜਿਸ ਦੀ ਤਰਜ਼ ਉਤੇ ਪੰਜਾਬ ਦਾ ਬਾਦਲ ਗਰੋਹ ਵੀ ਪੰਜਾਬ ਦੇ ਲੋਕਾਂ ਦਾ ਭਲਾ ਕਰਨ ਦੀ ਬਜਾਏ ਬੀਬੀ ਬਾਦਲ ਵਾਂਗੂੰ ਦੋਹਰੀ ਰਾਜਨੀਤਿਕ ਚਾਲਾਂ ਖੇਡ ਰਿਹਾ ਹੈ। ਉਨ੍ਹਾਂ ਸੁਖਬੀਰ ਬਾਦਲ ਦੇ ਗਰੋਹ ਨੂੰ 'ਮੰਦਬੁੱਧੀ ਬੱਚਾ' ਕਰਾਰ ਦਿਤਾ, ਜਿਹੜੇ ਜ਼ਮੀਨੀ ਹਕੀਕਤ ਦੇ ਨਾਲ ਨਾਲ ਪੰਜਾਬ ਦੇ ਲੋਕਾਂ ਦੇ ਦਰਦ ਤੋਂ ਅਣਜਾਣ ਹਨ। ਲੋਕਾਂ ਨੂੰ ਉਨ੍ਹਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਨਹੀਂ ਕਿਉਂਕਿ ਉਹ ਲੋਕਾਂ ਨੂੰ ਬੇਵਕੂਫ਼ ਬਣਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਜਿਵੇਂ ਕਿ ਉਨ੍ਹਾਂ ਨੇ ਹਜੇ ਤਕ ਬਰਗਾੜੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀਆਂ ਘਟਨਾਵਾਂ ਉਤੇ ਲੋਕਾਂ ਨੂੰ ਮੂਰਖ਼ ਬਣਾਇਆ ਹੋਇਆ ਹੈ।

ਉਨ੍ਹਾਂ ਇਸ ਗੱਲ ਉਤੇ ਵੀ ਜ਼ੋਰ ਦਿਤਾ ਕਿ ਕੇਂਦਰ ਸਰਕਾਰ ਨੂੰ ਰਾਜ ਸਰਕਾਰਾਂ ਨੂੰ ਭਾਰੀ ਰਾਹਤ ਪੈਕੇਜ ਮੁਹਈਆ ਕਰਵਾਉਣੇ ਚਾਹੀਦੇ ਹਨ ਤਾਂ ਜੋ ਰਾਜ ਦੇ ਲੋਕਾਂ ਨੂੰ ਰਾਹਤ ਮਿਲ ਸਕੇ। ਅਜਿਹੀਆਂ ਸਥਿਤੀਆਂ ਵਿਚ, ਕੇਂਦਰ ਸਰਕਾਰ ਨੂੰ ਆਮ ਲੋਕਾਂ ਦੀ ਮਦਦ ਕਰਨ ਤੋਂ ਹੱਥ ਪਿੱਛੇ ਨਹੀਂ ਖਿੱਚਣਾ ਚਾਹੀਦਾ। ਉਨ੍ਹਾਂ ਦੋਸ਼ ਲਗਾਉਂਦੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਅਪਣੇ ਚੋਣ ਮਨੋਰਥ ਪੱਤਰ ਵਿਚ ਸਵਾਮੀਨਾਥਨ ਕਮਿਸ਼ਨ ਦੀ ਰੀਪੋਰਟ ਇੰਨਬਿੰਨ ਲਾਗੂ ਕਰਨ ਦਾ ਇਕ ਵੱਡਾ ਵਾਅਦਾ ਕੀਤਾ ਸੀ ਪਰ ਰਾਜ ਵਿਚ ਆਉਣ ਤੋਂ ਬਾਅਦ ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਇਕ ਕੋਝਾ ਮਜ਼ਾਕ ਕੀਤਾ ਹੈ।