ਮੁੱਖ ਸਕੱਤਰ ਸੇਵਾ ਮੁਕਤ ਹੋ ਗਏ, ਮੇਰੇ ਮੁੱਖ ਸਲਾਹਕਾਰ ਦੇ ਰੂਪ 'ਚ ਕੰਮ ਕਰਨਗੇ : ਮਮਤਾ

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਸਕੱਤਰ ਸੇਵਾ ਮੁਕਤ ਹੋ ਗਏ, ਮੇਰੇ ਮੁੱਖ ਸਲਾਹਕਾਰ ਦੇ ਰੂਪ 'ਚ ਕੰਮ ਕਰਨਗੇ : ਮਮਤਾ

image


ਮੇਰੀ ਚਿੱਠੀ ਦਾ ਕੇਂਦਰ ਨੇ ਨਹੀਂ ਦਿਤਾ ਕੋਈ ਜਵਾਬ

ਕੋਲਕਾਤਾ, 31 ਮਈ : ਕੇਂਦਰ ਅਤੇ ਬੰਗਾਲ ਸਰਕਾਰ ਵਿਚਾਲੇ ਚਲ ਰਹੇ ਟਕਰਾਅ ਨੇ ਸੋਮਵਾਰ ਨੂੰ  ਨਵਾਂ  ਮੋੜ ਲੈ ਲਿਆ | ਬੰਗਾਲ ਦੇ ਮੁੱਖ ਸਕੱਤਰ ਅਲਾਪਨ ਬੰਦੋਪਾਧਿਅਏ ਨੂੰ  ਕੇਂਦਰ ਨੇ ਸੋਮਵਾਰ ਸਵੇਰੇ ਹੀ ਦਿੱਲੀ ਬੁਲਾਇਆ ਸੀ ਪਰ ਉਹ ਨਹੀਂ ਪਹੁੰਚੇ | ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਸ਼ਾਮ ਨੂੰ  ਅਲਾਪਨ ਨੂੰ  ਕਾਰਨ ਦੱਸੋ ਨੋਟਿਸ ਭੇਜਿਆ | ਕੇਂਦਰ ਦੀ ਇਸ ਕਾਰਵਾਈ ਦੇ ਕੁੱਝ ਮਿੰਟ ਬਾਅਦ ਹੀ ਮਮਤਾ ਬੈਨਰਜੀ ਨੇ ਅਲਾਪਨ ਨੂੰ  ਮੁੱਖ ਸਕੱਤਰ ਅਹੁਦੇ ਤੋਂ ਸੇਵਾ ਮੁਕਤ ਕਰ ਕੇ ਪ੍ਰਮੁਖ ਸਲਾਹਕਾਰ ਬਣਾ ਦਿਤਾ | ਮਮਤਾ ਨੇ ਦਸਿਆ ਕਿ ਐਚ.ਕੇ. ਦਿਵੇਦੀ ਨੂੰ  ਮੁੱਖ ਸਕੱਤਰ ਅਤੇ ਬੀ.ਪੀ. ਗੋਪਾਲਿਕਾ ਨੂੰ  ਨਵਾਂ ਸਕੱਤਰ ਨਿਯੁਕਤ ਕੀਤਾ ਗਿਆ ਹੈ |
  ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ  ਕਿਹਾ ਕਿ ਉਹ ਸੂਬੇ ਦੇ ਮੁੱਖ ਸਕੱਤਰ ਅਲਪਨ ਬੰਦੋਪਾਧਿਆਏ ਨੂੰ  ਛੁੱਟੀ 'ਤੇ ਜਾਣ ਦੀ ਪ੍ਰਵਾਨਗੀ ਦੇਣ ਤੋਂ ਬਾਅਦ ਤਿੰਨ ਸਾਲ ਲਈ ਸਲਾਹਕਾਰ ਨਿਯੁਕਤ ਕਰ ਰਹੀ ਹੈ | 
ਉਨ੍ਹਾਂ ਦੀ ਨਿਯੁਕਤੀ ਮੰਗਲਵਾਰ ਤੋਂ ਲਾਗੂ ਹੋਵੇਗੀ, ਜਦੋਂਕਿ ਕੇਂਦਰ ਨੇ ਉਨ੍ਹਾਂ ਨੂੰ  ਦਿੱਲੀ ਵਾਪਸੀ ਦਾ ਹੁਕਮ ਦਿਤਾ ਸੀ | 
  ਮਮਤਾ ਨੇ ਪੱਤਰਕਾਰ ਵਾਰਤਾ ਵਿਚ ਕਿਹਾ ਕਿ ਕੇਂਦਰ ਨੇ ਉਨ੍ਹਾਂ (ਮੁੱਖ ਸਕੱਤਰ) ਨੂੰ  ਮੰਗਲਵਾਰ ਨੂੰ  ਨਾਰਥ ਬਲਾਕ ਆਉਣ ਲਈ ਕਿਹਾ ਹੈ ਪਰ ਉਹ ਸੂਬਾ ਪ੍ਰਸ਼ਾਸਨ ਦੀ ਪ੍ਰਵਾਨਗੀ ਬਿਨਾ ਕਿਸੇ ਅਧਿਕਾਰੀ ਨੂੰ  ਵਾਪਸ ਆਉਣ ਲਈ ਮਜਬੂਰ ਨਹੀਂ ਕਰ ਸਕਦਾ | ਉਨ੍ਹਾਂ ਕਿਹਾ,''ਮੁੱਖ ਸਕੱਤਰ ਨੂੰ  ਕੱਲ੍ਹ ਤਕ ਨਾਰਥ ਬਲਾਕ ਪਹੁੰਚਣ ਲਈ ਕੇਂਦਰ ਦੀ ਇਕ ਚਿੱਠੀ ਮਿਲੀ ਹੈ | ਇਹ ਮੇਰੀ ਚਿੱਠੀ ਦਾ ਨਹੀਂ ਬਲਕਿ ਮੁੱਖ ਸਕੱਤਰ ਨੂੰ  ਜਵਾਬ ਹੈ | ਮੈਨੂੰ ਮੇਰੀ ਚਿੱਠੀ ਦਾ ਕੋਈ ਜਵਾਬ ਨਹੀਂ ਮਿਲਿਆ ਜੋ ਮੈਂ ਭੇਜੀ ਸੀ |''
  ਮਮਤਾ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਦਾ ਫ਼ੈਸਲਾ ਇਕ ਪਾਸੜ ਅਤੇ ਗ਼ੈਰ ਸੰਵਿਧਾਨਕ ਹੈ | ਉਨ੍ਹਾਂ ਕਿਹਾ,''ਅਸੀਂ ਮੁੱਖ ਸਕੱਤਰ ਨੂੰ  ਕਾਰਜ ਮੁਕਤ ਨਹੀਂ ਕਰ ਰਹੇ | ਉਹ ਅੱਜ ਸੇਵਾ ਮੁਕਤ ਹੋਏ ਹਨ ਪਰ ਉਹ ਅਗਲੇ ਤਿੰਨ ਸਾਲਾਂ ਤਕ ਮੁੱਖ ਮੰਤਰੀ ਦੇ ਮੁੱਖ ਸਲਾਹਕਾਰ ਦੇ ਤੌਰ 'ਤੇ ਕੰਮ ਕਰਨਗੇ |'' ਇਸ ਤੋਂ ਕੁੱਝ ਘੰਟੇ ਪਹਿਲਾਂ ਦਿਨ ਵੇਲੇ ਮਮਤਾ ਨੇ ਪ੍ਰਧਾਨ ਮੰਤਰੀ ਨੂੰ  ਇਕ ਚਿੱਠੀ ਲਿਖ ਕੇ ਮੁੱਖ ਸਕੱਤਰ ਨੂੰ  ਵਾਪਸ ਬੁਲਾਉਣ ਦੇ ਕੇਂਦਰ ਦੇ ਹੁਕਮ ਨੂੰ  ਵਾਪਸ ਲੈਣ ਦੀ ਬੇਨਤੀ ਕੀਤੀ ਸੀ | (ਪੀਟੀਆਈ)