ਕੋਰੋਨਾ ਦਾ ਪ੍ਰਕੋਪ ਮੱਠਾ ਪੈਂਦਿਆਂ ਪੰਜ ਸੂਬਿਆਂ ’ਚ ਕਰਾਂਗੇ ਮਹਾਂ ਕਿਸਾਨ ਰੈਲੀਆਂ: ਜੋਗਿੰਦਰ ਉਗਰਾਹਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਅੰਦੋਲਨ ਦਾ ਇਕਮਾਤਰ ਉਦੇਸ਼ ਕਿਸਾਨ ਅਤੇ ਕਿਰਸਾਨੀ ਨੂੰ ਬਚਾਉਣਾ ਹੈ

Joginder Ugrahan

ਸੁਨਾਮ ਊਧਮ ਸਿੰਘ  ਵਾਲਾ (ਦਰਸ਼ਨ ਸਿੰਘ ਚੌਹਾਨ)  : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਘੱਟ ਹੁੰਦੇ ਸਾਰ ਸੰਯੁਕਤ ਕਿਸਾਨ ਮੋਰਚਾ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਯੂਪੀ ਅਤੇ ਰਾਜਸਥਾਨ ਵਿਚ ਕਿਸਾਨ ਮਹਾਂ ਰੈਲੀਆਂ ਕਰ ਕੇ ਉਥੋਂ ਦੀਆਂ ਸਰਕਾਰਾਂ ਦੀਆਂ ਜੜ੍ਹਾਂ ਪੁੱਟੇਗਾ। ਉਨ੍ਹਾਂ ਕਿਹਾ ਕਿ ਸਾਰੇ ਕਿਸਾਨ ਸੰਗਠਨ ਇਸ ਉਪਰ ਵਿਚਾਰ ਕਰ ਰਹੇ ਹਨ ਅਤੇ ਜਿਵੇਂ ਹੀ ਹਾਲਾਤ ਦਰੁਸਤ ਹੋਣਗੇ ਰੈਲੀਆਂ ਦਾ ਐਲਾਨ ਕਰ ਦਿਤਾ ਜਾਵੇਗਾ।

ਇਥੇ ‘ਰੋਜ਼ਾਨਾ ਸਪੋਕਸਮੈਨ’ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦਾਅਵਾ ਕੀਤਾ ਕਿ ਕਿਸਾਨ ਅੰਦੋਲਨ ਨੇ ਕੇਂਦਰ ਸਰਕਾਰ ਨੂੰ ਹਿਲਾ ਕੇ ਰੱਖ ਦਿਤਾ ਹੈ ਅਤੇ ਸਰਕਾਰ ਦੇ ਅੰਦਰ ਦਰਾੜਾਂ ਪੈ ਗਈਆਂ ਹਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਦੇ ਕਈ ਦਿੱਗਜ ਆਗੂ ਸਹਿਮਤ ਨਹੀਂ ਹਨ।

ਉਨ੍ਹਾਂ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਵਿਰੁਧ ਵਿੱਢੇ ਕਿਸਾਨ ਅੰਦੋਲਨ ਨਾਲ ਮੋਦੀ ਸਰਕਾਰ ਦੀ ਵਿਦੇਸ਼ਾਂ ਵਿਚ ਦਿੱਖ ਖ਼ਰਾਬ ਹੋਈ ਹੈ, ਪੰਜਾਬ ਤੋਂ ਬਾਅਦ ਹਰਿਆਣਾ ਵਿਚ ਭਾਜਪਾ ਦਾ ਜ਼ਬਰਦਸਤ ਵਿਰੋਧ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲੇ ਸਾਲ ਯੂਪੀ ਅਤੇ ਉਤਰਾਖੰਡ  ਵਿੱਚ ਹੋਣ ਵਾਲੀ ਚੋਣ ਕਿਸਾਨਾਂ ਦਾ ਅਗਲਾ ਨਿਸ਼ਾਨਾ ਰਹਿਣਗੀਆਂ, ਕੇਂਦਰ ਵਿਚਲੀ ਭਾਜਪਾ ਸਰਕਾਰ ਦੇ ਅੜੀਅਲ ਵਤੀਰੇ ਕਾਰਨ ਕਿਸਾਨਾਂ ਦੇ ਨਿਸ਼ਾਨੇ ’ਤੇ ਅਗਲੇ ਵਰ੍ਹੇ ਹੋਣ ਵਾਲੀਆਂ ਚੋਣਾਂ ਵਾਲੇ ਰਾਜਾਂ ਵਿਚ ਭਾਜਪਾ ਨੂੰ ਜ਼ਿਆਦਾ ਵਲੋਂ ਜ਼ਿਆਦਾ ਸਿਆਸੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਰਹੇਗੀ।  

ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸਪਸ਼ਟ ਕੀਤਾ ਕਿ ਕਿਸਾਨ ਅੰਦੋਲਨ ਨੂੰ ਕਿਸੇ ਧਾਰਮਕ ਨਜ਼ਰੀਏ ਤੋਂ ਨਾ ਵੇਖਿਆ ਜਾਵੇ ਇਸ ਅੰਦੋਲਨ ਦਾ ਇਕਮਾਤਰ ਉਦੇਸ਼ ਕਿਸਾਨ ਅਤੇ ਕਿਰਸਾਨੀ ਨੂੰ ਬਚਾਉਣਾ ਹੈ। ਕਾਲੇ ਖੇਤੀਬਾੜੀ ਕਾਨੂੰਨ ਰੱਦ ਹੋਣ ਤਕ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਦੇ ਵਿਰੋਧ ਵਿਚ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਮੋਰਚਾ ਖੋਲ੍ਹੇਗੀ।

ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਨੇ ਕਿਸਾਨਾਂ ਸਮੇਤ ਹੋਰਨਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਕੋਰੋਨਾ ਨੂੰ ਕਾਬੂ ਕਰਨ ਲਈ ਕਿਸੇ ਵੀ ਸਰਕਾਰ ਨੇ ਕੋਈ ਕਾਰਗਰ ਕਦਮ ਨਹੀਂ ਚੁੱਕਿਆ, ਤਮਾਮ ਸਰਕਾਰਾਂ ਬੁਰੀ ਤਰ੍ਹਾਂ ਫੇਲ ਸਾਬਤ ਹੋਈਆਂ ਹਨ। ਦੇਸ਼ ਵਿਚ ਅਜਿਹੇ ਹਾਲਾਤ ਪੈਦਾ ਹੋਣਾ ਬਦਕਿਸਮਤੀ ਭਰਿਆ ਅਤੇ ਨਿੰਦਣਯੋਗ ਵਰਤਾਰਾ ਹੈ।