ਅਧਿਆਪਕਾਂ ਦੀਆਂ ਵੱਖ ਵੱਖ ਅਸਾਮੀਆਂ ਦੀ ਭਰਤੀ ਲਈ ਡੇਟ ਸ਼ੀਟ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਮੀਦਵਾਰਾਂ ਨੂੰ ਟੈਸਟ ਸਥਾਨ ਦੀ ਜਾਣਕਾਰੀ ਰੋਲ ਨੰਬਰ ਦੇ ਨਾਲ ਦਿੱਤੀ ਜਾਵੇਗੀ

Date sheet for recruitment of various posts of teachers

ਚੰਡੀਗੜ-ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਅਧਿਆਪਕਾਂ ਦੀ ਜਲਦ ਤੋਂ ਜਲਦ ਭਰਤੀ ਕਰਨ ਦੇ ਹੁਕਮ 'ਤੇ ਕਾਰਵਾਈ ਕਰਦਿਆਂ ਸਿੱਖਿਆ ਭਰਤੀ ਡਾਇਰੈਕਟੋਰੇਟ ਨੇ ਅਧਿਆਪਕਾਂ ਦੀਆਂ ਵੱਖ ਵੱਖ ਅਸਾਮੀਆਂ ਦੀ ਭਰਤੀ ਵਾਸਤੇ ਇਮਤਿਹਾਨ ਲੈਣ ਲਈ ਡੇਟ ਸ਼ੀਟ ਜਾਰੀ ਕਰ ਦਿੱਤੀ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਇਥੇ ਸਕੂਲ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ 'ਘਰ ਘਰ ਰੋਜ਼ਗਾਰ' ਯੋਜਨਾ ਦੇ ਹੇਠ ਸਕੂਲ ਸਿੱਖਿਆ ਵਿਭਾਗ 'ਚ ਮਾਸਟਰ ਕਾਡਰ (ਬਾਰਡਰ ਏਰੀਆ) ਦੀ ਭਰਤੀ ਲਈ 31 ਮਾਰਚ 2021 ਨੂੰ ਇਸ਼ਤਿਹਾਰ ਦਿੱਤਾ ਸੀ। ਇਸ ਦੇ ਅਨੁਸਾਰ ਸਾਇੰਸ ਦੀਆਂ 518, ਅੰਗਰੇਜ਼ੀ ਦੀਆਂ 380, ਮੈਥ ਦੀਆਂ 395 ਅਸਾਮੀਆਂ ਭਰੀਆਂ ਜਾਣੀਆਂ ਹਨ।

ਇਸੇ ਤਰਾਂ ਹੀ ਦਿਵਿਆਂਗ ਸ਼੍ਰੇਣੀ ਹੇਠ ਬੈਕਲਾਗ ਦੀਆਂ 90 ਅਸਾਮੀਆਂ ਭਰਨ ਲਈ 17 ਮਈ 2021 ਨੂੰ ਇਸ਼ਤਿਹਾਰ ਦਿੱਤਾ ਗਿਆ ਸੀ। ਇਸ ਭਰਤੀ ਲਈ ਅੰਗਰੇਜ਼ੀ ਦੇ ਵਿਸ਼ੇ ਦਾ ਟੈਸਟ 20 ਜੂਨ 2021 ਨੂੰ ਸਵੇਰੇ 9.30 ਵਜੇ ਤੋਂ 12.00 ਵਜੇ ਤੱਕ ਹੋਵੇਗਾ ਜਦਕਿ ਸਾਇੰਸ ਦੇ ਵਿਸ਼ੇ ਦਾ ਟੈਸਟ 20 ਜੂਨ 2021 ਨੂੰ ਬਾਅਦ ਦੁਪਹਿਰ 2 ਵਜੇ ਤੋਂ 4.30 ਵਜੇ ਤੱਕ ਹੋਵੇਗਾ। ਇਸੇ ਤਰਾਂ ਹੀ ਮੈਥ ਦਾ ਟੈਸਟ 21 ਜੂਨ 2021 ਨੂੰ ਸਵੇਰੇ 9.30 ਵਜੇ ਤੋਂ 12.00 ਵਜੇ ਤੱਕ ਹੋਵੇਗਾ।

ਬੁਲਾਰੇ ਨੇ ਅੱਗੇ ਦੱਸਿਆ ਕਿ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ 8933 ਅਸਾਮੀਆਂ ਭਰਨ ਲਈ 23 ਨਵੰਬਰ 2020 ਨੂੰ ਇਸ਼ਤਿਹਾਰ ਦਿੱਤਾ ਗਿਆ ਸੀ। ਇਸ ਵਾਸਤੇ ਟੈਸਟ 27 ਜੂਨ 2021 ਨੂੰ ਸਵੇਰੇ 11 ਵਜੇ ਤੋਂ 12 ਵਜੇ ਤੱਕ ਹੋਵੇਗਾ। ਉਮੀਦਵਾਰਾਂ ਨੂੰ ਟੈਸਟ ਸਥਾਨ ਦੀ ਜਾਣਕਾਰੀ ਰੋਲ ਨੰਬਰ ਦੇ ਨਾਲ ਦਿੱਤੀ ਜਾਵੇਗੀ।