ਬਰਨਾਲਾ ਦੇ SSP ਗੋਇਲ ਨੇ ਇੰਝ ਪੇਸ਼ ਕੀਤੀ ਇਨਸਾਨੀਅਤ ਦੀ ਮਿਸਾਲ
ਬੀਮਾਰ ਵਿਅਕਤੀ ਦੀ ਹਾਲਤ 'ਚ ਕਾਫ਼ੀ ਸੁਧਾਰ
ਬਰਨਾਲਾ (ਲਖਵੀਰ ਚੀਮਾ )-ਪੰਜਾਬ ਪੁਲਿਸ ਅਕਸਰ ਕਿਸੇ ਨਾ ਕਿਸੇ ਕੰਮ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਸੋਸ਼ਲ ਮੀਡੀਆ 'ਤੇ ਕਈ ਅਜਿਹੀਆਂ ਵੀਡੀਓ ਵਾਇਰਲ ਹੁੰਦੀਆਂ ਹਨ ਜਿਸ 'ਚ ਕਈ ਪੁਲਿਸ ਮੁਲਾਜ਼ਮ ਚੰਗਾ ਕੰਮ ਕਰਦੇ ਨਜ਼ਰ ਆਉਂਦੇ ਹਨ। ਬੀਤੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀਆਂ ਕਈ ਅਜਿਹੀਆਂ ਵੀਡੀਓ ਵਾਇਰਲ ਹੋਈਆਂ ਹਨ ਜੋ ਕਾਫੀ ਚਰਚਾ ਦਾ ਵਿਸ਼ਾ ਬਣੀਆਂ ਸਨ।
ਸੋਸ਼ਲ ਮੀਡੀਆ 'ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਅਜਿਹੀ ਵੀਡੀਓ ਵਾਇਰਲ ਹੋਈ ਸੀ ਜਿਸ 'ਚ ਉਹ ਅੰਡਾ ਚੋਰੀ ਕਰਦੇ ਦੀ ਵੀਡੀਓ ਕੈਮਰੇ 'ਚ ਕੈਦ ਹੋ ਗਈ ਅਤੇ ਸੋਸ਼ਲ ਮੀਡੀਆ 'ਤੇ ਉਸ ਦੀ ਵੀਡੀਓ ਜੰਗਲ ਦੇ ਅੱਗ ਵਾਂਗੂ ਫੈਲ ਗਈ ਅਤੇ ਇਕ ਹੋਰ ਮੁਲਾਜ਼ਮ ਜੋ ਕਿ ਗਰੀਬ ਸਬਜ਼ੀ ਵਾਲੇ ਦੀ ਰੇਹੜੀ 'ਤੇ ਲੱਤ ਮਾਰਦੇ ਦੀ ਵੀਡੀਓ ਕੈਮਰੇ 'ਚ ਕੈਦ ਹੋ ਗਈ ਅਤੇ ਇਨ੍ਹਾਂ ਦੋਵਾਂ ਵਿਰੁੱਧ ਅਫਸਰਾਂ ਵੱਲੋਂ ਕਾਰਵਾਈ ਕੀਤੀ ਗਈ।
ਉਥੇ ਦੂਜੇ ਪਾਸੇ ਜੇਕਰ ਅਸੀਂ ਗੱਲ ਕਰੀਏ ਇਨਸਾਨੀਅਤ ਦੀ ਜਿਹੜੇ ਲੋਕਾਂ ਦੀ ਬਿਨਾਂ ਵਜ੍ਹਾ ਸੇਵਾ ਕਰਦੇ ਹਨ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਬਰਨਾਲਾ ਦੇ ਐੱਸ.ਐੱਸ.ਪੀ. ਸੰਦੀਪ ਗੋਇਲ ਦੀ, ਜਿਨ੍ਹਾਂ ਨੇ ਇਨਸਾਨੀਅਤ ਦੀ ਮਿਸਾਲ ਨੂੰ ਕਾਇਮ ਰੱਖਦੇ ਹੋਏ ਇਕ ਵਿਅਕਤੀ ਨੂੰ ਮੌਤ ਦੇ ਮੂੰਹੋ ਕੱਢਿਆ ਜੋ ਲਾਵਾਰਸ ਹਾਲਤ 'ਚ ਸੜਕ ਕੰਢੇ ਬੀਮਾਰ ਹਾਲਤ 'ਚ ਪਿਆ ਸੀ। ਬਰਨਾਲਾ ਪੁਲਿਸ ਜਦੋਂ ਸ਼ਹਿਰ ਦੀ ਅਨਾਜ ਮੰਡੀ 'ਚ ਝੁੱਗੀ-ਝੌਂਪੜੀਆਂ ਵਾਲਿਆਂ ਨੂੰ ਖਾਣਾ ਦੇਣ ਗਈ ਤਾਂ ਇਕ ਬੀਮਾਰ ਹਾਲਤ 'ਚ ਪਏ ਵਿਅਕਤੀ 'ਤੇ ਪੁਲਿਸ ਦੀ ਨਜ਼ਰ ਪਈ।
ਪੀ.ਅਸੀ.ਆਰ. ਇੰਚਾਰਜ ਗੁਰਮੇਲ ਸਿੰਘ ਵਲੋਂ ਤੁਰੰਤ ਮਾਮਲਾ ਐੱਸ.ਐੱਸ.ਪੀ. ਸੰਦੀਪ ਗੋਇਲ ਦੇ ਧਿਆਨ 'ਚ ਲਿਆਂਦਾ ਗਿਆ। ਐੱਸ.ਐਸ.ਪੀ. ਬਰਨਾਲਾ ਵੱਲੋਂ ਤੁਰੰਤ ਉਸ ਵਿਅਕਤੀ ਨੂੰ ਸਰਕਾਰੀ ਹਸਪਤਾਲ ਦਾਖ਼ਲ ਕਰਵਾ ਕੇ ਇਲਾਜ ਕਰਵਾਉਣ ਦੀ ਹਦਾਇਤ ਕੀਤੀ ਅਤੇ ਇਸ ਦਾ ਸਾਰਾ ਖਰਚਾ ਵੀ ਆਪ ਚੁੱਕਿਆ। ਦੱਸ ਦੇਈਏ ਕਿ ਫ਼ਿਲਹਾਲ ਇਸ ਬੀਮਾਰ ਵਿਅਕਤੀ ਦੀ ਹਾਲਤ 'ਚ ਕਾਫ਼ੀ ਸੁਧਾਰ ਹੈ।
ਬੀਮਾਰ ਵਿਅਕਤੀ ਦਾ ਇਲਾਜ ਕਰ ਰਹੇ ਸਰਕਾਰੀ ਡਾਕਟਰ ਅੰਸ਼ੁਲ ਗਰਗ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਰਨਾਲਾ ਦੀ ਅਨਾਜ ਮੰਡੀ 'ਚ ਇਕ ਵਿਅਕਤੀ ਸੜਕ 'ਤੇ ਪਿਆ ਹੈ, ਜਿਸ ਦੀ ਹਾਲਤ ਕਾਫ਼ੀ ਖ਼ਰਾਬ ਹੈ। ਜਦੋਂ ਅਸੀਂ ਉੱਥੇ ਜਾ ਕੇ ਵੇਖਿਆ ਤਾਂ ਉਸ ਦੀ ਰੀਡ ਦੀ ਹੱਡੀ 'ਚ ਮੁਸ਼ਕਲ ਨਜ਼ਰ ਆ ਰਹੀ ਸੀ ਅਤੇ ਉਥੇ ਹੀ ਉਸ ਨੂੰ ਗਠੀਆ ਦੀ ਵੀ ਬੀਮਾਰੀ ਸੀ। ਜਿਸ ਦੇ ਕਾਰਨ ਉਸ ਦੇ ਹੱਥ ਪੈਰ ਮੁੜ ਚੁੱਕੇ ਸਨ। ਹੁਣ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ, ਉਸ ਦੀ ਹਾਲਤ 'ਚ ਸੁਧਾਰ ਹੈ ਅਤੇ ਉਸ ਦੀ ਸਾਰੀ ਦੇਖ ਭਾਲ ਅਤੇ ਦਵਾਈ ਦਾ ਖਰਚਾ ਬਰਨਾਲਾ ਐੱਸ.ਐੱਸ.ਪੀ. ਸੰਦੀਪ ਗੋਇਲ ਵਲੋਂ ਕੀਤਾ ਜਾ ਰਿਹਾ ਹੈ।
ਇਨਸਾਨੀਅਤ ਨੂੰ ਜ਼ਿੰਦਾ ਰੱਖਦੇ ਐੱਸ.ਐੱਸ.ਪੀ. ਸੰਦੀਪ ਗੋਇਲ ਨੇ ਦੱਸਿਆ ਕਿ ਕੋਵਿਡ ਦੇ ਚੱਲਦੇ ਪੰਜਾਬ ਦੇ ਮੁੱਖ ਮੰਤਰੀ ਅਤੇ ਡੀ.ਜੀ.ਪੀ. ਪੰਜਾਬ ਵਲੋਂ ਪੁਲਿਸ ਨੂੰ ਕੋਵਿਡ ਦੇ ਮੱਦੇਨਜ਼ਰ ਕੋਰੋਨਾ ਪੀੜਤ ਅਤੇ ਜਰੂਰਤਮੰਦਾਂ ਨੂੰ ਖਾਣਾ ਉਪਲੱਬਧ ਕਰਾਉਣ ਦੀ ਮੁਹਿੰਮ ਦੇ ਤਹਿਤ ਸਾਨੂੰ ਇਸ ਲਾਵਾਰਸ ਬੇਸਹਾਰਾ ਵਿਅਕਤੀ ਦਾ ਪਤਾ ਚੱਲਿਆ। ਉਸ ਦੀ ਹਾਲਤ ਕਾਫ਼ੀ ਤਰਸਯੋਗ ਸੀ, ਉਸ ਦਾ ਤੁਰੰਤ ਇਲਾਜ ਕਰਵਾਇਆ ਗਿਆ। ਹੁਣ ਉਸ ਦੀ ਹਾਲਤ 'ਚ ਕਾਫ਼ੀ ਸੁਧਾਰ ਹੈ ਅਤੇ ਉਮੀਦ ਹੈ ਕਿ ਜਲਦੀ ਤੰਦਰੁਸਤ ਹੋ ਜਾਵੇਗਾ।