ਜੰਮੂ ਕਸ਼ਮੀਰ : ਅਤਿਵਾਦੀਆਂ ਨੇ ਕਸ਼ਮੀਰੀ ਪੰਡਤ ਅਧਿਆਪਕਾ ਦਾ ਗੋਲੀ ਮਾਰ ਕੇ ਕੀਤਾ ਕਤਲ

ਏਜੰਸੀ

ਖ਼ਬਰਾਂ, ਪੰਜਾਬ

ਜੰਮੂ ਕਸ਼ਮੀਰ : ਅਤਿਵਾਦੀਆਂ ਨੇ ਕਸ਼ਮੀਰੀ ਪੰਡਤ ਅਧਿਆਪਕਾ ਦਾ ਗੋਲੀ ਮਾਰ ਕੇ ਕੀਤਾ ਕਤਲ

image


ਭਾਜਪਾ ਵਲੋਂ ਫੈਲਾਈਆਂ ਮੁਸਲਿਮ ਵਿਰੋਧੀ ਗੱਲਾਂ ਦਾ ਨਤੀਜਾ ਹੈ ਅਧਿਆਪਕਾ ਦਾ ਕਤਲ : ਮਹਿਬੂਬਾ ਮੁਫ਼ਤੀ


ਸ਼੍ਰੀਨਗਰ, 31 ਮਈ : ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਮੰਗਲਵਾਰ ਨੂੰ  ਅਤਿਵਾਦੀਆਂ ਨੇ ਇਕ ਹਿੰਦੂ ਕਸ਼ਮੀਰੀ ਅਧਿਆਪਕਾ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ | ਪੁਲਿਸ ਨੇ ਇਹ ਜਾਣਕਾਰੀ ਦਿਤੀ | ਪੁਲਿਸ ਨੇ ਦਸਿਆ ਕਿ ਕੁਲਗਾਮ ਜ਼ਿਲ੍ਹੇ ਦੇ ਗੋਪਾਲਪੁਰ 'ਚ ਰਜਨੀ ਬਾਲਾ (36) 'ਤੇ ਅਤਿਵਾਦੀਆਂ ਨੇ ਗੋਲੀਆਂ ਚਲਾਈਆਂ, ਜਿਸ ਨਾਲ ਉਹ ਜ਼ਖ਼ਮੀ ਹੋ ਗਈ | ਉਨ੍ਹਾਂ ਨੂੰ  ਤੁਰਤ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ  ਮਿ੍ਤਕ ਐਲਾਨ ਕਰ ਦਿਤਾ |
ਸਾਂਬਾ ਦੀ ਰਹਿਣ ਵਾਲੀ ਰਜਨੀ ਬਾਲਾ ਗੋਪਾਲਪੁਰ ਦੇ ਇਕ ਸਰਕਾਰੀ ਸਕੂਲ 'ਚ ਬਤੌਰ ਅਧਿਆਪਕਾ ਤਾਇਨਾਤ ਸੀ | ਇਸ ਤੋਂ ਪਹਿਲਾਂ, ਅਧਿਕਾਰੀਆਂ ਨੇ ਦਸਿਆ ਕਿ ਰਜਨੀ ਬਾਲਾ ਇਕ ਪ੍ਰਵਾਸੀ ਕਸ਼ਮੀਰੀ ਪੰਡਤ ਸੀ | ਉਨ੍ਹਾਂ ਦਸਿਆ ਕਿ ਇਲਾਕੇ ਦੀ ਘੇਰਾਬੰਦੀ ਕਰ ਕੇ ਹਮਲਾਵਰਾਂ ਦੀ ਤਲਾਸ਼ ਸ਼ੁਰੂ ਕਰ ਦਿਤੀ ਗਈ ਹੈ | ਪੁਲਿਸ ਦੇ ਇਕ ਬੁਲਾਰੇ ਨੇ ਕਿਹਾ, ''ਇਸ ਅਪਰਾਧ 'ਚ ਸ਼ਾਮਲ ਲੋਕਾਂ ਦੀ ਜਲਦ ਪਹਿਚਾਣ ਕਰ ਕੇ ਉਨ੍ਹਾਂ ਦਾ ਸਫਾਇਆ ਕਰ ਦਿਤਾ ਜਾਵੇਗਾ |''  
ਮਹਿਲਾ ਅਧਿਆਪਕਾ ਦੇ ਕਤਲ ਦੀ ਨਿੰਦਾ ਕਰਦੇ ਹੋਏ ਪੀਡੀਪੀ ਦੀ ਪ੍ਰਮੁੱਖ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਕਸ਼ਮੀਰ 'ਚ ਹਾਲਾਤ ਆਮ ਹੋਣ ਦੇ ਕੇਂਦਰ ਦੇ ਲਗਾਤਾਰ ਦਾਅਵਿਆਂ ਵਿਚਾਲੇ ਟਾਰਗੇਟ ਕਤਲ ਦੇ ਮਾਮਲੇ ਵਧਦੇ ਜਾ ਰਹੇ ਹਨ | ਉਨ੍ਹਾਂ ਟਵੀਟ ਕੀਤਾ, ''ਭਾਰਤ ਸਰਕਾਰ ਦੇ ਕਸ਼ਮੀਰ 'ਚ ਹਾਲਾਤ ਆਮ ਹੋਣ ਦੇ ਫਰਜ਼ੀ ਦਾਅਵੇ ਵਿਚਕਾਰ ਵਧਦੇ ਟਾਰਗੇਟ ਕਤਲ ਦੇ ਮਾਮਲੇ ਡੂੰਘੀ ਚਿੰਤਾ ਦਾ ਵਿਸ਼ਾ ਹਨ |'' ਮੁਫ਼ਤੀ ਨੇ ਕਿਹਾ, ''ਮਹਿਲਾ ਅਧਿਆਪਕਾ ਦੇ ਕਤਲ ਦੀ ਨਿੰਦਾ ਕਰਦੀ ਹਾਂ, ਦੁੱਖ ਦੀ ਗੱਲ ਹੈ ਕਿ ਇਹ ਭਾਜਪਾ ਵਲੋਂ ਫੈਲਾਈ ਮੁਸਲਿਮ ਵਿਰੋਧੀ ਗੱਲਾਂ ਦਾ ਨਤੀਜਾ ਹੈ |'' ਦਸਣਯੋਗ ਹੈ ਕਿ ਮਈ ਮਹੀਨੇ ਦੂਜੀ ਵਾਰ ਕਿਸੇ ਕਸ਼ਮੀਰੀ ਪੰਡਤ ਦਾ ਕਤਲ ਕੀਤਾ ਗਿਆ ਹੈ |         (ਏਜੰਸੀ)