ਲੁਧਿਆਣਾ 'ਚ ਲੁਟੇਰਿਆਂ ਦੇ ਹੌਸਲੇ ਬੁਲੰਦ, ਬੱਸ ਕੰਡਕਟਰ ਤੋਂ ਹਜ਼ਾਰਾਂ ਰੁਪਏ ਲੁੱਟ ਕੇ ਹੋਏ ਫ਼ਰਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੌਕੇ 'ਤੇ ਪਹੁੰਚੀ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ 

loot

ਲੁਧਿਆਣਾ : ਸ਼ਹਿਰ ਵਿਚ ਲੁਟੇਰਿਆਂ ਦੇ ਹੌਸਲੇ ਬੁਲੰਦ ਜਾਪਦੇ ਹਨ ਕਿਉਂਕਿ ਤਾਜ਼ਾ ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਅੱਜ ਸਵੇਰੇ 7.50 ਵਜੇ ਤਿੰਨ ਹਥਿਆਰਬੰਦ ਬਦਮਾਸ਼ਾਂ ਨੇ ਇੱਕ ਸਰਕਾਰੀ ਬੱਸ ਨੂੰ ਨਿਸ਼ਾਨਾ ਬਣਾਇਆ। ਲਾਡੋਵਾਲ ਟੋਲ ਪਲਾਜ਼ਾ ਨੇੜੇ ਬਦਮਾਸ਼ਾਂ ਨੇ ਸਰਕਾਰੀ ਬੱਸ ਨੂੰ ਘੇਰ ਲਿਆ ਅਤੇ ਬੱਸ ਦੇ ਕੰਡਕਟਰ ਕੋਲੋਂ ਕਰੀਬ 20 ਹਜ਼ਾਰ ਰੁਪਏ ਲੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਏ।

ਜਾਣਕਾਰੀ ਅਨੁਸਾਰ ਇਹ PRTC ਦੀ ਬੱਸ ਪਟਿਆਲਾ ਤੋਂ ਅੰਮ੍ਰਿਤਸਰ ਨੂੰ ਜਾ ਰਹੀ ਸੀ। ਇਸ ਘਟਨਾ ਤੋਂ ਬਾਅਦ ਸ਼ਹਿਰ ਦੇ ਲੋਕਾਂ ਵਿਚ ਡਰ ਦਾ ਮਾਹੌਲ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਪ੍ਰਤੀ ਲੋਕਾਂ ਵਿੱਚ ਗੁੱਸਾ ਹੈ। ਲੋਕਾਂ ਦਾ ਕਹਿਣਾ ਹੈ ਕਿ ਹੁਣ ਪੰਜਾਬ ਦੇ ਹਾਲਾਤ ਅਜਿਹੇ ਬਣ ਗਏ ਹਨ ਕਿ ਸਰਕਾਰੀ ਬੱਸਾਂ ਵੀ ਸੁਰੱਖਿਅਤ ਨਹੀਂ ਹਨ। ਬਦਮਾਸ਼ਾਂ ਨੇ ਸਰਕਾਰੀ ਬੱਸਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਹੁਣ ਲੋਕ ਬੱਸਾਂ ਵਿੱਚ ਸੁਰੱਖਿਅਤ ਸਫਰ ਕਿਵੇਂ ਕਰ ਸਕਦੇ ਹਨ।

ਘਟਨਾ ਤੋਂ ਬਾਅਦ ਨੈਸ਼ਨਲ ਹਾਈਵੇਅ 'ਤੇ ਜਾਮ ਲੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਨੇ ਬੱਸ ਦੇ ਕੰਡਕਟਰ ਸਾਹਿਲ ਦੀ ਵੀ ਕੁੱਟਮਾਰ ਕੀਤੀ। ਕੰਡਕਟਰ ਸਾਹਿਲ ਨੇ ਦੱਸਿਆ ਕਿ ਹਮਲਾਵਰਾਂ ਕੋਲ ਦੋ ਦੇਸੀ ਪਿਸਤੌਲ ਵੀ ਸਨ। ਡਰਾਈਵਰ ਹਰਜਿੰਦਰ ਸਿੰਘ ਨੇ ਵੀ ਬੱਸ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਲੁਟੇਰਿਆਂ ਨੇ ਆਪਣੇ ਦੇਸੀ ਪਿਸਤੌਲ ਕੱਢ ਲਏ।

ਕੰਡਕਟਰ ਸਾਹਿਲ ਨੇ ਦੱਸਿਆ ਕਿ ਡਰਾਈਵਰ ਅਤੇ ਬੱਸ ਨੂੰ ਥਾਣੇ ਲੈ ਜਾਇਆ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਵਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਬੱਸ ਲੁਧਿਆਣਾ ਤੋਂ ਜਲੰਧਰ ਜਾ ਰਹੀ ਸੀ ਅਤੇ ਲਾਡੋਵਾਲ ਟੋਲ ਪਲਾਜ਼ਾ ਨੇੜੇ ਬੱਸ ਡਰਾਈਵਰ ਅਤੇ ਕੰਡਕਟਰ ਨੇ ਬੱਸ ਰੋਕ ਲਈ ਕੰਡਕਟਰ ਸਾਹਿਲ ਬੱਸ ਦੇ ਬਾਹਰ ਖੜ੍ਹਾ ਹੋ ਕੇ ਸਵਾਰੀਆਂ ਚੜ੍ਹਾ ਰਿਹਾ ਸੀ।

ਇਸ ਦੌਰਾਨ ਤਿੰਨ ਲੁਟੇਰੇ ਮੋਟਰਸਾਈਕਲ ਅਤੇ ਐਕਟਿਵਾ 'ਤੇ ਉੱਥੇ ਆਏ ਅਤੇ ਉਨ੍ਹਾਂ ਨੇ ਕੰਡਕਟਰ ਕੋਲੋਂ ਨਕਦੀ ਦੀ ਮੰਗ ਕੀਤੀ ਜਦੋਂ ਕੰਡਕਟਰ ਨੇ ਨਕਦੀ ਦੇਣ ਤੋਂ ਇਨਕਾਰ ਕੀਤਾ ਤਾਂ ਇਨ੍ਹਾਂ 'ਚੋਂ ਇਕ ਲੁਟੇਰੇ ਨੇ ਆਪਣੇ ਕੋਲ ਰੱਖੀ ਪਿਸਤੌਲ ਕੱਢ ਲਈ ਅਤੇ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਕੰਡਕਟਰ ਕੋਲੋਂ ਨਕਦੀ ਵਾਲਾ ਬੈਗ ਖੋਹ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਬੈਗ 'ਚ 20 ਹਜ਼ਾਰ ਦੀ ਨਕਦੀ ਸੀ। ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੰਡਕਟਰ ਸਾਹਿਲ ਵਲੋਂ ਦਿਤੀ ਜਾਣਕਾਰੀ ਅਨੁਸਾਰ ਉਸ ਦੀ ਇੱਕ ਚੇਨ ਵੀ ਗੁੰਮ ਹੈ ਅਤੇ ਕੁਝ ਨਕਦੀ ਜੋ ਲੁਟੇਰੇ ਲੁੱਟ ਕੇ ਫ਼ਰਾਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ CCTV ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।