ਸਿੱਧੂ ਮੂਸੇਵਾਲਾ ਮਾਮਲਾ: ਪੰਜਾਬ ਕਾਂਗਰਸ ਦੇ ਵਫ਼ਦ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਅਤੇ ਡੀਜੀਪੀ ਨੇ ਗੰਭੀਰਤਾ ਨਹੀਂ ਦਿਖਾਈ।
ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਕਾਂਗਰਸ ਦਾ ਵਫ਼ਦ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲਿਆ। ਇਸ ਦੀ ਅਗਵਾਈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕੀਤੀ। ਉਹਨਾਂ ਮੰਗ ਕੀਤੀ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਐਨਆਈਏ ਤੋਂ ਕਰਵਾਈ ਜਾਵੇ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ‘ਆਪ’ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਦਿੱਤੀ ਗਈ ਸੁਰੱਖਿਆ ‘ਤੇ ਸਵਾਲ ਚੁੱਕੇ ਗਏ।
Punjab Congress Delegation Meets Governor
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਅਤੇ ਡੀਜੀਪੀ ਨੇ ਗੰਭੀਰਤਾ ਨਹੀਂ ਦਿਖਾਈ। ਗੈਂਗਸਟਰ ਸ਼ਾਹਰੁਖ ਨੇ ਖੁਦ ਕਬੂਲ ਕੀਤਾ ਹੈ ਕਿ ਹਥਿਆਰਬੰਦ ਗਾਰਡਾਂ ਨੂੰ ਦੇਖ ਕੇ ਉਹ ਕਤਲ ਨਹੀਂ ਕਰ ਸਕਦਾ ਸੀ। ਦਿੱਲੀ ਪੁਲਿਸ ਨੇ ਪੰਜਾਬ ਨੂੰ ਵੀ ਸੂਚਨਾ ਭੇਜੀ। ਇਸ ਦੇ ਬਾਵਜੂਦ ਮੂਸੇਵਾਲਾ ਤੋਂ 10 ਕਮਾਂਡੋ ਅਤੇ ਇਕ ਜਿਪਸੀ ਵਾਪਸ ਲੈ ਲਈ ਗਈ।
Punjab Congress Delegation Meets Governor
ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਤੁਸੀਂ ਉਸ ਵਿਅਕਤੀ ਦੀ ਸੁਰੱਖਿਆ ਨੂੰ ਘਟਾ ਰਹੇ ਹੋ ਜਿਸ ਨੂੰ ਖਤਰਾ ਹੈ ਤਾਂ ਉਸ ਦੇ ਗੁਪਤ ਦਸਤਾਵੇਜ਼ ਹੁੰਦੇ ਹਨ। ਇਸ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ। ਮੂਸੇਵਾਲਾ ਦੀ ਸੁਰੱਖਿਆ ਵਾਪਸੀ ਦੇ ਦਸਤਾਵੇਜ਼ ਫੋਕੀ ਸ਼ੋਹਰਤ ਲਈ ਜਨਤਕ ਕੀਤੇ ਗਏ। ਸੁਰੱਖਿਆ ਸਮੀਖਿਆ ਕਰਨ ਵਾਲੇ ਅਧਿਕਾਰੀਆਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਜਾਣੀ ਚਾਹੀਦੀ ਹੈ। ਜਿਸ ਨੇ ਵੀ ਇਹ ਗੱਲਾਂ ਜਨਤਕ ਕੀਤੀਆਂ ਹਨ, ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਭਾਵੇਂ ਉਹ ਮੁੱਖ ਮੰਤਰੀ ਹੋਵੇ ਜਾਂ ਗ੍ਰਹਿ ਮੰਤਰੀ, ਉਸ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ।
Sidhu moose wala
ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਸੀਂ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਨੂੰ ਦਿੱਤੀ ਗਈ ਸੁਰੱਖਿਆ ਦੀ ਜਾਂਚ ਦੀ ਮੰਗ ਕੀਤੀ ਹੈ। ਉਹਨਾਂ ਸਵਾਲ ਉਠਾਇਆ ਕਿ ਕੇਜਰੀਵਾਲ ਨੂੰ 80-82 ਗੰਨਮੈਨਾਂ ਦੀ ਸੁਰੱਖਿਆ ਕਿਉਂ ਦਿੱਤੀ ਗਈ ਹੈ? ਰਾਘਵ ਚੱਢਾ ਨੂੰ 50-60 ਗੰਨਮੈਨ ਕਿਉਂ ਦਿੱਤੇ ਗਏ ਹਨ, ਇਸ ਦੀ ਜਾਂਚ ਹੋਣੀ ਚਾਹੀਦੀ ਹੈ।
Sidhu Moose Wala
ਉਹਨਾਂ ਪੁੱਛਿਆ ਕਿ ਜਿਹੜੇ ਲੋਕ ਬਾਹਰ ਬੈਠ ਕੇ ਗੁਨਾਹ ਕਰ ਰਹੇ ਹਨ, ਮਾਨ ਸਰਕਾਰ ਨੇ ਉਹਨਾਂ ਨੂੰ ਭਾਰਤ ਲਿਆਉਣ ਲਈ ਕੇਂਦਰੀ ਗ੍ਰਹਿ ਮੰਤਰੀ ਨਾਲ ਗੱਲ ਕੀਤੀ ਜਾਂ ਨਹੀਂ? ਪੰਜਾਬ ਪੁਲਿਸ ਕੋਲ ਉਹਨਾਂ ਨੂੰ ਭਾਰਤ ਲਿਆਉਣ ਦੀ ਤਾਕਤ ਨਹੀਂ ਹੈ, ਇਸ ਲਈ ਕੇਸ ਐਨਆਈਏ ਨੂੰ ਸੌਂਪਿਆ ਜਾਵੇ। ਮੂਸੇਵਾਲਾ ਦੇ ਕਤਲ ਵਿਚ ਏਐਨ-94 ਦੀ ਵਰਤੋਂ ਕੀਤੀ ਗਈ ਸੀ, ਜੋ ਕਿ ਸਾਡੀਆਂ ਫ਼ੌਜਾਂ ਕੋਲ ਵੀ ਨਹੀਂ ਹੈ। ਇਹ ਪੰਜਾਬ ਤੱਕ ਕਿਵੇਂ ਪਹੁੰਚਿਆ, ਇਸ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ? ਇਸ ਮੌਕੇ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਸੁਖਜਿੰਦਰ ਸਿੰਘ ਰੰਧਾਵਾ ਤੇ ਬਲਬੀਰ ਸਿੰਘ ਸਿੱਧੂ ਵੀ ਮੌਜੂਦ ਸਨ।