ਪਵਨ ਬਾਂਸਲ ਦੇ ਬਿਆਨ 'ਤੇ ਭੜਕੇ ਬਨਵਾਰੀ ਲਾਲ ਪੁਰੋਹਿਤ, ਦਿਤਾ ਚੰਡੀਗੜ੍ਹ ਦੇ ਫੰਡਾਂ ਦਾ ਹਿਸਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਹੱਦੀ ਜ਼ਿਲ੍ਹਿਆਂ ਦਾ ਫਿਰ ਤੋਂ ਦੌਰਾ ਕਰਨਗੇ ਬਨਵਾਰੀ ਲਾਲ ਪੁਰੋਹਿਤ

Banwari Lal Purohit

 

ਚੰਡੀਗੜ੍ਹ — ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਪੀ.ਯੂ. ਦੇ ਮੁੱਦੇ ਅਤੇ ਪਵਨ ਬਾਂਸਲ ਦੇ ਬਿਆਨ 'ਤੇ ਗੱਲਬਾਤ ਕੀਤੀ। ਪਵਨ ਬਾਂਸਲ 'ਤੇ ਬੋਲਦਿਆਂ ਪੁਰੋਹਿਤ ਨੇ ਕਿਹਾ ਕਿ ਉਨ੍ਹਾਂ ਕਿਹਾ ਸੀ ਕਿ ਜੋ ਵੀ ਪੈਸੇ ਇਕੱਠੇ ਹੁੰਦੇ ਹਨ ਉਹਨਾਂ ਪੈਸਿਆਂ ਦੀ ਦੁਰਵਰਤੋਂ ਹੋ ਰਹੀ ਹੈ, ਬਾਂਸਲ ਨੂੰ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਸੀ। ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਸਾਡੇ ਵਿਭਾਗ ਵਿਚ ਪੂਰੀ ਪਾਰਦਰਸ਼ਤਾ ਹੈ। ਉਨ੍ਹਾਂ ਕਿਹਾ ਕਿ ਬਜਟ ਵਿਚ ਜੋ ਖਰਚ ਹੋਇਆ ਹੈ, ਉਹ ਸਭ ਕੁਝ ਲਿਖਿਆ ਹੋਇਆ ਹੈ।

ਇਸ ਦੌਰਾਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਲਾਲ ਚੰਦ ਕਟਾਰੂਚੱਕ ਨੂੰ ਲੈ ਕੇ ਵੀ ਬਿਆਨ ਦਿਤਾ ਹੈ। ਉਨ੍ਹਾਂ ਕਿਹਾ ਕਿ ਲਾਲ ਚੰਦ ਕਟਾਰੂਚੱਕ ਨੇ ਗੰਭੀਰ ਅਪਰਾਧ ਕੀਤਾ ਹੈ ਅਤੇ ਉਨ੍ਹਾਂ ਨੂੰ ਮੰਤਰੀ ਮੰਡਲ ਵਿਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਸੀ.ਐਮ ਮਾਨ ਨੂੰ ਇਸ 'ਤੇ ਤੁਰੰਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਮੀਡੀਆ ਰਾਹੀਂ ਵੀ ਲਾਲ ਚੰਦ ਕਟਾਰੂਚੱਕ 'ਤੇ ਕਾਰਵਾਈ ਦੀ ਮੰਗ ਕਰ ਰਹੇ ਹਨ। 

ਪੀ. ਯੂ ਦੇ ਮੁੱਦੇ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਅੱਜ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਪੰਜਾਬ ਯੂਨੀਵਰਸਿਟੀ ਮਾਮਲੇ ’ਤੇ ਮੀਟਿੰਗ ਵਿਚ ਸੁਝਾਅ ਦਿਤਾ ਹੈ ਕਿ ਪੰਜਾਬ ਯੂਨੀਵਰਸਿਟੀ ਲਈ ਗਰਾਂਟ ਪੰਜਾਬ ਅਤੇ ਹਰਿਆਣਾ ਦੋਵੇਂ 20-20 ਫੀਸਦੀ ਦੇਣ ਅਤੇ 60 ਫੀਸਦੀ ਗ੍ਰਾਂਟ ਯੂ ਟੀ ਦਿੰਦਾ ਹੈ।  ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਪਾਲ ਨੇ ਦਸਿਆ ਕਿ ਹਰਿਆਣਾ ਨੇ ਮੰਗ ਕੀਤੀ ਹੈ ਕਿ ਪੰਜਾਬ ਯੂਨੀਵਰਸਿਟੀ ਉਸਦੇ ਕਾਲਜਾਂ ਨੂੰ ਵੀ ਮਾਨਤਾ ਦੇਵੇ। ਉਹਨਾਂ ਦਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਕੁਝ ਸਮਾਂ ਮੰਗਿਆ ਹੈ ਤੇ 5 ਜੂਨ ਨੂੰ ਫਿਰ ਤੋਂ ਮੀਟਿੰਗ ਹੋਵੇਗੀ। ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਰਾਜਪਾਲ ਨੇ ਕਿਹਾ ਕਿ ਮੈਂ ਰਾਜ ਭਵਨ ਵਿਚ ਬੈਠਣ ਵਾਲਾ ਰਾਜਪਾਲ ਨਹੀਂ ਹਾਂ ਅਤੇ ਮੈਂ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦਾ ਫਿਰ ਤੋਂ ਦੌਰਾ ਕਰਾਂਗਾ ਅਤੇ ਆਖਰੀ ਪਿੰਡ ਤੱਕ ਜਾਵਾਂਗਾ।