ਪੰਜਾਬ 'ਚ ਸਰਕਾਰੀ ਜ਼ਮੀਨਾਂ 'ਤੇ ਕਬਜ਼ਾ ਕਰਨ ਵਾਲੇ ਸਾਵਧਾਨ: ਅੱਜ ਤੋਂ ਹੋਵੇਗੀ ਸਖ਼ਤ ਕਾਨੂੰਨੀ ਕਾਰਵਾਈ

ਏਜੰਸੀ

ਖ਼ਬਰਾਂ, ਪੰਜਾਬ

ਸਰਕਾਰ 6 ਹਜ਼ਾਰ ਏਕੜ ਜ਼ਮੀਨ ਨੂੰ ਕਬਜ਼ੇ ਮੁਕਤ ਕਰੇਗੀ

photo

 

ਮੁਹਾਲੀ : ਪੰਜਾਬ ਸਰਕਾਰ ਵਲੋਂ ਪੰਚਾਇਤੀ, ਸ਼ਾਮਲਾਟ ਸਮੇਤ ਹੋਰ ਸਰਕਾਰੀ ਜ਼ਮੀਨਾਂ ’ਤੇ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਅੱਜ ਤੋਂ ਸਖ਼ਤ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਕਿਉਂਕਿ ਮਾਨਯੋਗ ਸਰਕਾਰ ਵਲੋਂ 31 ਮਈ ਤੱਕ ਕਾਬਜ਼ਕਾਰਾਂ ਨੂੰ ਦਿਤਾ ਗਿਆ ਅਲਟੀਮੇਟਮ ਖ਼ਤਮ ਹੋ ਗਿਆ ਹੈ।

ਪੰਜਾਬ ਸਰਕਾਰ ਨੇ 10 ਜੂਨ ਤੱਕ ਕੁੱਲ 6,000 ਏਕੜ ਸਰਕਾਰੀ ਜ਼ਮੀਨ ਤੋਂ ਕਬਜ਼ੇ ਖ਼ਾਲੀ ਕਰਵਾਉਣ ਦਾ ਟੀਚਾ ਰੱਖਿਆ ਹੈ। ਜਦਕਿ ਇਸ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਨੇ ਕੈਮਰੇ 'ਤੇ ਆਉਂਦੇ ਹੋਏ ਪੰਜਾਬ ਦੇ ਪ੍ਰਭਾਵਸ਼ਾਲੀ ਲੋਕਾਂ ਨੂੰ 31 ਮਈ ਤੱਕ ਸਰਕਾਰੀ ਜ਼ਮੀਨ ਖ਼ਾਲੀ ਕਰਨ ਦੀ ਅਪੀਲ ਕੀਤੀ ਸੀ। ਇਸ ਮਗਰੋਂ ਉਨ੍ਹਾਂ ਪੁਲਿਸ-ਪ੍ਰਸ਼ਾਸਨ ਵਲੋਂ ਵਿਆਪਕ ਮੁਹਿੰਮ ਸ਼ੁਰੂ ਕਰ ਕੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਦਿਤੀ।

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦਸਿਆ ਸੀ ਕਿ ਕੁੱਲ 6 ਹਜ਼ਾਰ ਏਕੜ ਸਰਕਾਰੀ ਜ਼ਮੀਨ ਖ਼ਾਲੀ ਕਰਨ ਲਈ ਵਾਰੰਟ ਜਾਰੀ ਕੀਤੇ ਗਏ ਹਨ।  ਕਿਹਾ ਕਿ ਇਸ ਕਾਰਵਾਈ ਵਿਚ ਕਿਸੇ ਕਿਸਮ ਦੀ ਕੋਈ ਕਾਨੂੰਨੀ ਰੁਕਾਵਟ ਨਹੀਂ ਹੈ। ਇਸ ਤੋਂ ਇਲਾਵਾ 20-25 ਹਜ਼ਾਰ ਏਕੜ ਦੇ ਕਰੀਬ ਸਰਕਾਰੀ ਜ਼ਮੀਨ ਹੈ ਪਰ ਇਸ ਸਬੰਧੀ ਕੇਸ ਵੱਖ-ਵੱਖ ਅਦਾਲਤਾਂ ਅਤੇ ਵਿਭਾਗੀ ਅਦਾਲਤਾਂ ਵਿਚ ਵਿਚਾਰ ਅਧੀਨ ਹਨ।